ਦੇਸ਼ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 1 ਲੱਖ ਤੋਂ ਪਾਰ
ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਪਿਛਲੇ ਦੋ ਦਿਨਾਂ ‘ਚ ਕੋਰੋਨਾ ਵਾਇਰਸ ਦੇ 10 ਹਜ਼ਾਰ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 1 ਲੱਖ ਤੋਂ ਵਧੇਰੇ ਹੋ ਗਈ ਹੈ, ਜਿਨ੍ਹਾਂ ‘ਚੋਂ ਇਕ ਤਿਹਾਈ ਤੋਂ ਵਧੇਰੇ ਮਾਮਲੇ ਇਕੱਲੇ ਮਹਾਰਾਸ਼ਟਰ ਦੇ ਹਨ। ਭਾਰਤ ਇਕ ਲੱਖ ਅੰਕੜਾ ਪਾਰ ਕਰਨ ਵਾਲਾ ਦੁਨੀਆ ਦਾ 11ਵਾਂ ਦੇਸ਼ ਬਣ ਗਿਆ ਹੈ। ਸਿਹਤ ਮੰਤਰਾਲਾ ਵੱਲੋਂ ਮੰਗਲਵਾਰ ਯਾਨੀ ਕਿ ਅੱਜ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 4,970 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਪੀੜਤਾਂ ਦੀ ਗਿਣਤੀ 1,01,139 ‘ਤੇ ਪਹੁੰਚ ਗਈ ਹੈ।
ਦੇਸ਼ ਵਿਚ ਇਸ ਵਾਇਰਸ ਨਾਲ ਪਿਛਲੇ 24 ਘੰਟਿਆਂ ਵਿਚ 134 ਲੋਕਾਂ ਦੀ ਮੌਤ ਹੋਣ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ 3,163 ਹੋ ਗਈ ਹੈ। ਇਸ ਦਰਮਿਆਨ ਰਾਹਤ ਦੀ ਖ਼ਬਰ ਇਹ ਵੀ ਹੈ ਕਿ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ‘ਚ ਵੀ ਇਜਾਫਾ ਹੋ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਵਿਚ 2,350 ਲੋਕ ਸਿਹਤਮੰਦ ਹੋਏ ਹਨ, ਜਿਸ ਨਾਲ ਸਿਹਤਮੰਦ ਹੋਏ ਲੋਕਾਂ ਦੀ ਕੁੱਲ ਗਿਣਤੀ 39,174 ਹੋ ਗਈ ਹੈ। ਦੱਸਣਯੋਗ ਹੈ ਕਿ ਦੇਸ਼ ‘ਚ ਲਾਕਡਾਊਨ-4 ਦੀ ਕੱਲ ਤੋਂ ਯਾਨੀ ਕਿ 18 ਮਈ ਤੋਂ ਸ਼ੁਰੂਆਤ ਹੋ ਗਈ ਹੈ।
ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਤਮਾਮ ਛੋਟ ਦਿੰਦੇ ਹੋਏ ਸ਼ਰਤਾਂ ਨਾਲ ਬਜ਼ਾਰ, ਆਟੋ, ਅੰਤਰਰਾਜੀ ਬੱਸ ਸੇਵਾ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ। ਦਰਅਸਲ ਲਾਕਡਾਊਨ ਕਾਰਨ ਠੱਪ ਹੋਈ ਅਰਥਵਿਵਸਥਾ ਨੂੰ ਪਟੜੀ ‘ਤੇ ਲਿਆਉਣ ਲਈ ਇਕ ਵਾਰ ਫਿਰ ਤੋਂ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਲਈ ਛੋਟ ਦਿੱਤੀ ਗਈ ਹੈ। ਹਾਲਾਂਕਿ ਸਰਕਾਰ ਨੇ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਮਾਸਕ ਪਹਿਨਣਾ ਜ਼ਰੂਰੀ ਕੀਤਾ ਹੈ।
ਲਾਕਡਾਊਨ-4 ਵਿਚ ਕੁਝ ਸੂਬਿਆਂ ਨੇ ਨਾਈਂ ਦੀਆਂ ਦੁਕਾਨਾਂ ਖੋਲ੍ਹਣ ਦੀ ਵੀ ਆਗਿਆ ਦੇ ਦਿੱਤੀ ਹੈ। ਜ਼ਿਆਦਾਤਰ ਰਿਆਇਤਾਂ ਉਨ੍ਹਾਂ ਇਲਾਕਿਆਂ ਜਾਂ ਸੂਬਿਆਂ ‘ਚ ਦਿੱਤੀ ਗਈ ਹੈ, ਜਿੱਥੇ ਕੋਰੋਨਾ ਦਾ ਕੋਈ ਕੇਸ ਨਹੀਂ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 25 ਮਾਰਚ ਤੋਂ ਲਾਕਡਾਊਨ ਲਾਗੂ ਕੀਤੀ ਗਿਆ ਸੀ, ਹੁਣ ਲਾਕਡਾਊਨ ਦਾ ਚੌਥਾ ਪੜਾਅ ਚੱਲ ਰਿਹਾ ਹੈ ਜੋ ਕਿ 31 ਮਈ ਤੱਕ ਜਾਰੀ ਰਹੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।