ਬਾਰਦਾਨੇ ਦੀ ਘਾਟ ਕਰਕੇ ਕਿਸਾਨਾਂ ਕੀਤੀ ਨਾਅਰੇਬਾਜੀ

ਬਾਰਦਾਨੇ ਦੀ ਘਾਟ ਕਰਕੇ ਕਿਸਾਨਾਂ ਕੀਤੀ ਨਾਅਰੇਬਾਜੀ

ਸ਼ੇਰਪੁਰ, (ਰਵੀ ਗੁਰਮਾ) ਅੱਜ ਪਿੰਡ ਹੇੜੀਕੇ ਦੇ ਖਰੀਦ ਕੇਂਦਰ ਵਿੱਚ ਕਿਸਾਨਾਂ ਵੱਲੋਂ ਬਾਰਦਾਨੇ ਦੀ ਘਾਟ ਕਰਕੇ ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਲੈਕੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਗਈ। ਇਸ ਬਾਰੇ ਪ੍ਰੈੱਸ ਨਾਲ ਜਾਣਕਾਰੀ ਸਾਂਝਾ ਕਰਦਿਆਂ ਕਾਂਗਰਸੀ ਆਗੂ ਅਵਤਾਰ ਸਿੰਘ ਕਾਲਾ, ਕਿਸਾਨ ਯੂਨੀਅਨ ਆਗੂ ਮਲਕੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸਾਡੀ ਮੰਡੀ ਵਿੱਚ ਬਾਰਦਾਨੇ ਦੀ ਵੱਡੀ ਘਾਟ ਹੈ , ਨਾਂ ਹੀ ਕਿਸਾਨਾਂ ਨੂੰ ਪੂਰੀ ਗਿਣਤੀ ਵਿੱਚ ਪਾਸ ਮਿਲ ਰਹੇ ਹਨ।

ਕਿਸਾਨ ਕਈ ਦਿਨ ਤੋਂ ਮੰਡੀਆਂ ਵਿੱਚ ਰੁੱਲ ਰਿਹਾ ਹੈ। ਜਿਸ ਕਰਕੇ ਅੱਜ ਅਸੀਂ ਇੱਕ ਸੰਕੇਤ ਨਾਅਰੇਬਾਜੀ ਕਰਕੇ ਪੰਜਾਬ ਸਰਕਾਰ ਖਿਲਾਫ਼ ਅਪਣਾ ਰੋਸ ਜਾਹਰ ਕੀਤਾ ਹੈ। ਉਹਨਾ ਕਿਹਾ ਕਿ ਜੇਕਰ ਕੱਲ੍ਹ ਤੱਕ ਬਾਰਦਾਨਾ ਨਾ ਆਇਆ ਤਾਂ ਅਸੀਂ ਸਬੰਧਤ ਅਧਿਕਾਰੀ ਦਾ ਘਿਰਾਊ ਕਰਾਂਗੇ। ਇਸ ਬਾਰੇ ਉਹਨਾ ਅੱਗੇ ਦੱਸਿਆ ਕਿ ਕਿਸਾਨ ਨਾਜਮ ਸਿੰਘ ਅਪਣੀ ਫਸਲ ਪੰਜ ਦਿਨ ਪਹਿਲਾਂ ਮੰਡੀ ਵਿੱਚ ਲੈਕੇ ਆਇਆ ਸੀ ਪ੍ਰੰਤੂ ਅੱਜ ਵੀ ਕਿਸਾਨ ਦੀ ਫਸਲ ਦੀ ਭਰਾਈ ਨਹੀਂ ਕੀਤੀ ਗਈ।

ਇਸੇ ਤਰ੍ਹਾਂ ਕਿਸਾਨ ਸੁਖਦੇਵ ਸਿੰਘ ,ਪਰਮਜੀਤ ਸਿੰਘ ,ਬਿੱਕਰ ਸਿੰਘ ਵੀ ਕਈ ਦਿਨਾਂ ਤੋ ਮੰਡੀ ਵਿੱਚ ਰੁੱਲ ਰਹੇ ਹਨ। ਕਿਸਾਨਾਂ ਨੇ ਆਪਣਾ ਦੁਖੜਾ ਸੁਣਾਉਂਦੇ ਦੱਸਿਆ ਕਿ ਮਾਰਕੀਟ ਕਮੇਟੀ ਸ਼ੇਰਪੁਰ ਦੀਆਂ ਮੰਡੀਆਂ ਵਿੱਚ ਬਾਰਦਾਨਾ ਮੁੱਕ ਜਾਣ ਨਾਲ ਪਹਿਲਾਂ ਤੋਂ ਹੀ ਫਸਲ ਲਈ ਸੀਮਤ ਕੂਪਨਾਂ ਦਾ ਸਾਹਮਣਾ ਕਰ ਰਹੇ ਆੜਤੀਆਂ ਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ ਕਿਉਂਕਿ ਬਾਰਦਾਨੇ ਦੀ ਕਮੀ ਕਰਕੇ ਖ਼ਰੀਦ ਕੇਂਦਰਾਂ ਵਿੱਚ ਖ਼ਰੀਦ ਨੂੰ ਬਰੇਕਾਂ ਲੱਗ ਚੁੱਕੀਆਂ ਹਨ।

ਬਾਰਦਾਨਾ ਖ਼ਤਮ ਹੋਣ ਨਾਲ ਮਜ਼ਦੂਰ ਵਿਹਲੇ ਹੋਣ ਕਾਰਨ ਭਾਰੀ ਮੁਸੀਬਤ ‘ਚੋਂ ਗੁਜ਼ਰ ਰਹੇ ਹਨ। ਕਿਸਾਨਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਮੰਡੀਆਂ ਵਿੱਚ ਬਾਰਦਾਨਾ ਭੇਜਿਆ ਜਾਵੇ। ਕਿਉਂਕਿ ਬਾਰਦਾਨੇ ਦੀ ਘਾਟ ਕਰਕੇ ਮੰਡੀਆਂ ਵਿੱਚ ਕਿਸਾਨਾਂ ਦਾ ਇੱਕਠ ਹੋ ਰਿਹਾ ਹੈ ਜਿਸ ਕਰਕੇ ਕਰੋਨਾ ਫੈਲਣ ਦਾ ਵੀ ਡਰ ਹੈ। ਇਸ ਮੌਕੇ ਰੁਲਦੂ ਸਿੰਘ ਬੜਿੰਗ ,ਬਲਦੇਵ ਸਿੰਘ ਭੋਲਾ,ਮਲਕੀਤ ਸਿੰਘ ਤੋਂ ਇਲਾਵਾ ਹੋਰ ਕਿਸਾਨ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।