ਭਾਰਤ ‘ਚ ਆਏ 1429 ਨਵੇਂ ਮਾਮਲੇ, ਕੋਰੋਨਾ ਮਰੀਜ਼ਾਂ ਦੀ ਗਿਣਤੀ ਹੋਈ 24 ਹਜ਼ਾਰ ਤੋਂ ਪਾਰ
ਨਵੀਂ ਦਿੱਲੀ। ਭਾਰਤ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਲਾਕਡਾਊਨ ਤੋਂ ਬਾਅਦ ਵੀ ਕੋਰੋਨਾ ਵਾਇਰਸ ਦੀ ਰਫਤਾਰ ਜਾਰੀ ਹੈ। ਇਸ ਜਾਨਲੇਵਾ ਵਾਇਰਸ ਕਾਰਨ ਮਰੀਜ਼ਾਂ ਦੀ ਗਿਣਤੀ 24,506 ਹੋ ਗਈ ਹੈ ਅਤੇ 775 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ 1429 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 57 ਲੋਕਾਂ ਦੀ ਮੌਤ ਹੋਈ ਹੈ। ਮੰਤਰਾਲਾ ਮੁਤਾਬਕ 5,063 ਮਰੀਜ਼ ਇਲਾਜ ਮਗਰੋਂ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ ‘ਚੋਂ ਛੁੱਟੀ ਦੇ ਦਿੱਤੀ ਗਈ ਹੈ।ਮਹਾਰਾਸ਼ਟਰ, ਗੁਜਰਾਤ ਅਤੇ ਰਾਜਸਥਾਨ ਸਮੇਤ ਵੱਖ-ਵੱਖ ਪ੍ਰਦੇਸ਼ਾਂ ਵਿਚ ਕੋਰੋਨਾ ਦਾ ਵਧੇਰੇ ਕਹਿਰ ਹੈ,
ਜਿੱਥੇ ਹਾਲਾਤ ਵਿਗੜਦੇ ਜਾ ਰਹੇ ਹਨ। ਦੱਸ ਦੇਈਏ ਕਿ ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਕੋਰੋਨਾ ਵਾਇਰਸ ਫੈਲਿਆ ਹੋਇਆ ਹੈ। ਉੱਥੇ ਹੀ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਲਾਕਡਾਊਨ ਲਾਗੂ ਨਾ ਕੀਤਾ ਗਿਆ ਹੁੰਦਾ ਤਾਂ ਵਾਇਰਸ ਕਾਰਨ ਪੀੜਤ ਮਾਮਲਿਆਂ ਦੀ ਗਿਣਤੀ ਹੁਣ ਤੱਕ ਇਕ ਲੱਖ ਤੱਕ ਪਹੁੰਚ ਚੁੱਕੀ ਹੁੰਦੀ।
ਸਰਕਾਰੀ ਅਧਿਕਾਰੀਆਂ ਨੇ ਮਹਾਮਾਰੀ ਦੇ ਕੰਟਰੋਲ ਵਿਚ ਹੋਣ ਦਾ ਸਿਹਰਾ ਲਾਕਡਾਊਨ ਅਤੇ ਮਜ਼ਬੂਤ ਨਿਗਰਾਨੀ ਨੈੱਟਵਰਕ ਨੂੰ ਦਿੱਤਾ ਹੈ। ਜਿਕਰਯੋਗ ਹੈ ਕਿ ਹੁਣ ਤੱਕ ਦੁਨੀਆ ਭਰ ‘ਚ 1.95 ਲੱਖ ਲੋਕਾਂ ਦੀ ਮੌਤ ਹੋ ਗਈ ਹੈ ਅਤੇ 27 ਲੱਖ ਤੋਂ ਵੱਧ ਲੋਕ ਵਾਇਰਸ ਦੀ ਲਪੇਟ ਵਿਚ ਹਨ। ਇਹ ਅੰਕੜੇ ਵਰਲਡਮੀਟਰ ਵੱਲੋਂ ਜਾਰੀ ਕੀਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।