ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ

ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ

ਸੱਭਿਅਤਾ ਅਤੇ ਸੱਭਿਆਚਾਰ ਦੇ ਪਹੁ ਫੁਟਾਲੇ ਵਾਲਾ ਇਹ ਪੰਜਾਬ ਜਿਸਦੀ ਹਸੀਨ ਇਤਿਹਾਸਕ ਸਰਜ਼ਮੀਂ ਦੀ ਮੁਹਾਰ ਛਾਪ ਸੰਸਾਰ ਦੇ ਕੋਨੇ-ਕੋਨੇ ਵਿਚ ਪਛਾਣੀ ਜਾਂਦੀ ਸੀ। ਦੁਨੀਆਂ ਦਾ ਇਹ ਅੱਡਰਾ ਅਤੇ ਸੁਭਾਗਾ ਹਿੱਸਾ ਹਜ਼ਾਰਾਂ ਸਾਲਾਂ ਤੋਂ ਵਿਨਾਸ਼, ਵਿਨਾਸ਼ ਯੁੱਗਾਂ, ਹੱਲਿਆਂ ਅਤੇ ਅਣਹੋਣੀਆਂ ਦਾ ਮੁਕਾਮ ਬਣਦਾ ਆਇਆ ਹੈ। ਇਸ ਨੂੰ ਨਿਵੇਕਲਾਪਣ, ਵਿਲੱਖਣਤਾ, ਮੌਲਿਕਤਾ, ਅੱਡਰਾਪਣ ਤੇ ਨਿਆਰੇਪਣ ਦੀ ਬਖਸ਼ਿਸ਼ ਹੈ। ਪਰ ਅਜੋਕੇ ਪੰਜਾਬੀਆਂ ਦੀ ਮਾਨਸਿਕਤਾ ਨੂੰ ਜੋ ਖੋਰਾ ਵਿਦੇਸ਼ੀ ਸੱਭਿਆਚਾਰ ਪਿੱਛੇ ਲੱਗ ਕੇ ਲੱਗ ਰਿਹਾ ਹੈ

ਉਸ ਨੇ ਪੰਜਾਬ ਦੀਆਂ ਉਪਰੋਕਤ ਵਿਸ਼ੇਸ਼ਤਾਵਾਂ ਨੂੰ ਕਲੰਕਿਤ ਕੀਤਾ ਹੈ। ਲੇਖ ਦੇ ਉਪਰੋਕਤ ਸਿਰਲੇਖ ਸਬੰਧੀ ਅਤੇ ਹੱਥਲੇ ਵਿਸ਼ੇ ਸਬੰਧੀ ਆਮ ਹੀ ਰੋਜ਼ਾਨਾ ਅਖ਼ਬਾਰਾਂ, ਪੱਤਰ-ਪੱਤ੍ਰਿਕਾਵਾਂ ਵਿੱਚ ਚਰਚਾ ਹੁੰਦੀ ਹੈ ਕਿ ਪੰਜਾਬੀ ਦਿਨੋ-ਦਿਨ ਆਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਘਟਾ ਰਹੇ ਹਨ, ਪਰ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਬਹੁਤ ਘੱਟ ਲਿਆ ਜਾ ਰਿਹਾ ਹੈ। ਸਾਡੇ ਇਲੈਕਟ੍ਰਾਨਿਕ ਮੀਡੀਆ ‘ਚ ਆਉਂਦੇ ਟੀ.ਵੀ. ਚੈਨਲਾਂ ਰਾਹੀਂ ਜੋ ਕੁਝ ਦਿਖਾਇਆ ਜਾ ਰਿਹਾ ਹੈ, ਬੋਲਿਆ ਜਾ ਰਿਹਾ ਹੈ, ਉਨ੍ਹਾਂ ਵਿੱਚ ਸੱਭਿਆਚਾਰਕ ਸ਼ਬਦ ਤਾਂ ਕਦੇ ਨੇੜਿਓਂ ਵੀ ਨਹੀਂ ਲੰਘਦਾ।

Punjab | ਆਪਣੀ ਗਾਇਕੀ ਸਬੰਧੀ ਸੱਭਿਆਚਾਰਕ ਗਾਇਕੀ ਦਾ ਢੰਡੋਰਾ ਪਿੱਟਣ ਵਾਲੇ ਗਾਇਕ ਵੀ ਆਪਣੇ ਗੀਤਾਂ ਦੇ ਫ਼ਿਲਮਾਂਕਣਾਂ ਵਿੱਚ ਵਿਦੇਸ਼ੀ ਨਾਚਾਂ ਦੀ ਨਕਲ ਕਰਦੇ ਹਨ। ਜਿਸ ਨੂੰ ਦੇਖ ਕੇ ਘ੍ਰਿਣਾ ਹੀ ਨਹੀਂ ਆਉਂਦੀ ਬਲਕਿ ਇਹ ਸੋਚ ਵੀ ਬਣ ਜਾਂਦੀ ਹੈ, ਕਿ ਔਰਤ ਦੀ ਹੈਸੀਅਤ ਇੱਕ ਸਾਊ ਔਰਤ ਦੀ ਨਾ ਹੋ ਕੇ, ਮੰਡੀ ਦੀ ਇੱਕ ਵਸਤੂ ਤੋਂ ਵੱਧ ਕੁਝ ਵੀ ਨਹੀਂ। ਇਸੇ ਗੱਲ ਦਾ ਦੂਸਰਾ ਪੱਖ ਇਹ ਵੀ ਹੈ ਕਿ ਅਜੋਕੇ ਸਮਾਜ ਵਿੱਚ ਔਰਤਾਂ ਨਾਲ ਜੋ ਤਰ੍ਹਾਂ-ਤਰ੍ਹਾਂ ਦੀਆਂ ਦੁੱਖਦਾਈ ਘਟਨਾਵਾਂ ਵਾਪਰ ਰਹੀਆਂ ਹਨ।

ਇਨ੍ਹਾਂ ਦਾ ਸਾਰਾ ਦੋਸ਼ ਮਰਦ ਪ੍ਰਧਾਨ ਸਮਾਜ ਉੱਪਰ ਲਾਇਆ ਜਾਂਦਾ ਹੈ, ਪਰ ਜੇਕਰ ਇਸ ਗੱਲ ਨੂੰ ਗੌਰ ਨਾਲ ਵਾਚਿਆ ਜਾਵੇ ਤਾਂ ਕਿਸੇ ਹੱਦ ਤੱਕ ਔਰਤ ਖੁਦ ਵੀ ਇਨ੍ਹਾਂ ਹਲਾਤਾਂ ਦੀ ਜ਼ਿੰਮੇਵਾਰ ਹੈ। ਜਿੰਨਾ ਚਿਰ ਔਰਤ ਫ਼ਿਲਮਾਂ ਵਿੱਚ ਅੰਗ ਪ੍ਰਦਰਸ਼ਨ, ਟੀ. ਵੀ. ਸੀਰੀਅਲਾਂ ਵਿੱਚ ਵਿਚਾਰੀ ਜਾਂ ਹਮਦਰਦੀ ਦੀ ਪਾਤਰ ਬਣ ਕੇ ਪੇਸ਼ ਆਉਂਦੀ ਰਹੇਗੀ ਜਾਂ ਜਿੰਨਾ ਚਿਰ ਅਸ਼ਲੀਲ ਨਾਚ ਕਰਦੀ ਰਹੇਗੀ ਉਦੋਂ ਤੱਕ ਇਨ੍ਹਾਂ ਘਟਨਾਵਾਂ ਉੱਪਰ ਠੱਲ੍ਹ ਪਾਉਣਾ ਮੁਸ਼ਕਿਲ ਹੈ।

Punjab | ਕਿਉਂਕਿ ਅੱਜ ਇਹ ਹਾਲਾਤ ਹਨ ਕਿ ਸਿਨੇਮਾ, ਟੀ. ਵੀ. ਅਜਿਹੇ ਸਾਧਨ ਬਣ ਚੁੱਕੇ ਹਨ ਜਿਨ੍ਹਾਂ ਰਾਹੀਂ ਲੋਕਾਂ ਦੀ ਸੋਚ ਨੂੰ ਜਿੱਧਰ ਚਾਹੋ ਮੋੜਿਆ ਜਾ ਸਕਦਾ ਹੈ। ਅੱਜ-ਕੱਲ੍ਹ ਜੋ ਤਸਵੀਰ ਸਾਡੇ ਪੰਜਾਬ ਦੀ ਇਨ੍ਹਾਂ ਚੈਨਲਾਂ ਰਾਹੀਂ ਪੇਸ਼ ਕੀਤੀ ਜਾ ਰਹੀ ਹੈ ਉਸ ਨੂੰ ਦੇਖ ਕੇ ਘੜੀ ਦੀ ਘੜੀ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਪੰਜਾਬ ‘ਚ ਨਹੀਂ, ਕਿਸੇ ਘਟੀਆ ਜਿਹੇ ਸਮਾਜ ਵਿੱਚ ਬੈਠੇ ਹਾਂ ਭਾਵੇਂ ਸਮੇਂ ਦੇ ਬਦਲਣ ਨਾਲ ਸਮਾਜਿਕ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ।

ਵਿਗਿਆਨਕ ਯੁੱਗ ਆਉਣ ਨਾਲ ਜੋ ਸਕਾਰਾਤਮਕ ਤਬਦੀਲੀਆਂ ਆਈਆਂ ਹਨ ਉਹ ਸਮਾਜਿਕ ਵਿਕਾਸ ਲਈ ਸਮੇਂ ਦੀ ਲੋੜ ਹੈ, ਪਰ ਕੁਝ ਨਾਕਾਰਾਤਮਿਕ ਤਬਦੀਲੀਆਂ ਜੋ ਸਾਡੀਆਂ ਵਿਰਾਸਤੀ ਵਿਸ਼ੇਸ਼ਤਾਵਾਂ ਨੂੰ ਨਸ਼ਟ ਕਰ ਰਹੀਆਂ ਹਨ, ਉਨ੍ਹਾਂ ਬਾਰੇ ਗ਼ੌਰ ਕਰਨਾ ਵੀ ਸਮੇਂ ਦੀ ਲੋੜ ਹੈ ਕਿਉਂਕਿ ਜਿਵੇਂ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਰੁੱਖ ਬੋਹੜ, ਪਿੱਪਲ ਵੀ ਹੁਣ ਤਾਂ ਕਿਤੇ-ਕਿਤੇ ਟਾਵੇਂ-ਟਾਵੇਂ ਹੀ ਦਿਸਦੇ ਹਨ। ਕੁੱਝ ਵੀ ਹੋਵੇ ਬੋਹੜਾਂ, ਪਿੱਪਲਾਂ, ਨਿੰਮਾਂ, ਬੇਰੀਆਂ ਜਾਂ ਫ਼ਲ੍ਹਾਈਆਂ ਤੋਂ ਸੱਖਣੇ ਹੋ ਰਹੇ ਪੰਜਾਬ ਵਿੱਚ ਹੁਣ ਨਾ ਹੀ ਬੇਪਰਵਾਹੀ ਦੇ ਉਹ ਹਾਸੇ ਛਣਕਦੇ ਹਨ ਨਾ ਹੀ ਉਹ ਲੋਕ ਰੰਗਾਂ ਦੀ ਮਹਿਕ ਫ਼ਿਜ਼ਾਵਾਂ ‘ਚ ਘੁਲਦੀ ਹੈ।

Punjab | ਬੱਸ ਜਿਸ ਗੱਲ ਦੀ ਹੋੜ ਹੈ ਜਿਸ ਦੀ ਸ਼ਿੱਦਤ ਭਰੀ ਦੌੜ ਹੈ ਉਹ ਹੈ ਪੱਛਮੀਵਾਦ ਦੇ ਨਾਕਾਰਤਮਿਕ ਮੁੱਲਾਂ ਦੀ ਨਕਲ। ਪੱਛਮ ਤੋਂ ਸਾਨੂੰ ਬਹੁਤ ਕੁਝ ਸਾਕਾਰਾਤਮਕ ਵੀ ਮਿਲ ਸਕਦਾ ਹੈ ਪਰ ਅਸੀਂ ਰੀਸੋ-ਰੀਸੀ ਆਪਣੇ ਮਾਨਵੀ ਗੌਰਵ ਨੂੰ ਮਨਫ਼ੀ ਕਰਦਿਆਂ ਨਾ ਸਿਰਫ ਆਪਣੀ ਬੋਲੀ ਤੋਂ ਹੀ ਮੁਨਕਰ ਹੁੰਦੇ ਜਾ ਰਹੇ ਹਾਂ, ਸਗੋਂ ਸਾਡਾ ਲਿਬਾਸ, ਸਾਡੀ ਖ਼ੁਰਾਕ, ਸਾਡੀ ਜੀਵਨਸ਼ੈਲੀ ਅਤੇ ਹੋਰ ਸਭ ਕੁਝ ਵੀ ਵਿਦੇਸ਼ੀ ਕੌਮ ਵਾਲਾ ਹੁੰਦਾ ਜਾ ਰਿਹਾ ਹੈ, ਜਿਸ ਨੂੰ ਮਾਰ ਭਜਾਉਣ ਲਈ ਇੱਥੇ ਸਦੀਆਂ ਤੱਕ ਸੰਗਰਾਮ ਹੁੰਦਾ ਰਿਹਾ ਹੈ। ਇੱਥੇ ਮੈਨੂੰ ਕਵੀ ਰਣਜੀਤ ਸਿੰਘ ਰਾਣਾ ਦੀਆਂ ਕਾਵਿ ਸਤਰਾਂ ਯਾਦ ਆ ਰਹੀਆਂ ਹਨ ਕਿ:

– ਐ ਪੰਜਾਬ ਨਾਨਕ ਦੀ ਬੋਲੀ ਤੋਂ, ਮੁਨਕਰ ਨੇ ਹੋਏ ਜਿਹੜੇ।
ਸੇਹ ਦੇ ਤੱਕਲੇ ਗੱਡੇ ਉਨ੍ਹਾਂ, ਨੇ ਤੇਰੇ ਹੀ ਵਿਹੜੇ।

ਬਿਨਾਂ ਸ਼ੱਕ ਪੰਜਾਬ ਵਿੱਚ ਵਿਦੇਸ਼ੀ ਸੱਭਿਆਚਾਰ ਹੀ ਫਲ-ਫੁੱਲ ਰਿਹਾ ਹੈ। ਸਾਡਾ ਵਿਰਸਾ ਜਿੱਥੇ ਆਪਣੇ ਲੋਕ ਸਾਹਿਤ ਅੰਦਰ ਘੋੜੀਆਂ, ਟੱਪੇ, ਬੋਲੀਆਂ, ਸੁਹਾਗ, ਸਿੱਠਣੀਆਂ, ਢੋਲੇ-ਮਾਹੀਏ ਆਦਿ ਲੁਕਾਈ ਬੈਠਾ ਹੈ, ਉੱਥੇ ਪੱਛਮੀ ਪ੍ਰਭਾਵਾਂ ਨੇ ਸਾਡੇ ਇਸ ਅਨਮੋਲ ਵਿਰਸੇ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ। ਕਿਸੇ ਸਮੇਂ ਬੋਲੀਆਂ, ਮਾਹੀਏ, ਸਿੱਠਣੀਆਂ ਆਦਿ ਬਿਨਾਂ ਵਿਆਹ ਨੂੰ ਅਧੂਰਾ ਸਮਝਿਆ ਜਾਂਦਾ ਸੀ, ਇਹ ਵਿਆਹ ਦੀ ਜਿੰਦ-ਜਾਨ ਹੋਇਆ ਕਰਦੇ ਸਨ ਪਰ ਅੱਜ ਇਹ ਆਪਣੀ ਹੋਂਦ ਨੂੰ ਤਰਸ ਰਹੇ ਹਨ।

ਵਿਆਹ ਦੀ ਖੁਸ਼ੀ ਮੌਕੇ ਆਂਢ-ਗੁਆਂਢ ਦੀਆਂ ਬਜ਼ੁਰਗ ਔਰਤਾਂ, ਕੁੜੀਆਂ ਰਲ ਕੇ ਵਿਆਹ ਵਾਲੇ ਘਰ ਬੋਲੀਆਂ ਪਾਉਂਦੀਆਂ ਤੇ ਰਲ ਕੇ ਨੱਚਦੀਆਂ ਸਨ। ਅੱਜ ਸਮੇਂ ਦੀ ਰਫ਼ਤਾਰ ਉੱਤੇ ਵਿਦੇਸ਼ੀ ਪ੍ਰਭਾਵ ਨੇ ਆਪਣੇ ਬੇਰਹਿਮ ਪੰਜਿਆਂ ਨਾਲ ਇਸ ਪਿਆਰ ਭਰੇ ਮਾਹੌਲ ਨੂੰ ਆਪਣੀ ਗ੍ਰਿਫ਼ਤ ਵਿੱਚ ਜਕੜ ਰੱਖਿਆ ਹੈ।

ਤਿੰਨ-ਚਾਰ ਦਹਾਕੇ ਪਹਿਲਾਂ ਦੇ ਸਮੇਂ ਵੱਲ ਜੇਕਰ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬੀ ਸਾਂਝੇ ਪਰਿਵਾਰਾਂ ਵਿੱਚ ਰਹਿੰਦੇ ਹੋਏ ਕਿੰਨੇ ਚਾਵਾਂ ਤੇ ਮਲਾਰਾਂ ਨਾਲ ਆਪਣੀ ਜ਼ਿੰਦਗੀ ਗੁਜ਼ਾਰਦੇ ਸਨ। ਸਾਂਝਾ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਨੂੰ ਜੋੜਨ ਦੀ ਪ੍ਰਕਿਰਿਆ ਵਿੱਚ ਇੱਕ ਕੜੀ ਦੇ ਰੂਪ ਵਿੱਚ ਕੰਮ ਕਰਦਾ ਸੀ। ਸਰੀਕਾ ਭਾਈਚਾਰਾ ਹਰ ਦੁੱਖ-ਸੁੱਖ ਵਿੱਚ ਹੱਥ ਵਟਾ ਕੇ ਕਾਰਜਾਂ ਨੂੰ ਸਫ਼ਲ ਕਰਵਾਉਣਾ ਆਪਣਾ ਫਰਜ਼ ਸਮਝਦਾ ਸੀ।

Punjab | ਪੰਜਾਬੀ ਸੱਭਿਆਚਾਰ ਵਿੱਚ ਪਿੰਡ ਦੀਆਂ ਧੀਆਂ-ਭੈਣਾਂ ਨੂੰ ਆਪਣੀਆਂ ਧੀਆਂ-ਧਿਆਣੀਆਂ ਕਹਿ ਕੇ ਪੁਕਾਰਿਆ ਅਤੇ ਸਤਿਕਾਰਿਆ ਜਾਂਦਾ ਸੀ। ਪੂਰੇ ਭਾਰਤ ਦੇ ਸੱਭਿਆਚਾਰ ਵਿੱਚੋਂ ਪੰਜਾਬੀ ਸੱਭਿਆਚਾਰ ਨੂੰ ਵਿਲੱਖਣ ਤੇ ਮਹਾਨ ਸਮਝਿਆ ਜਾਂਦਾ ਰਿਹਾ ਹੈ ਪਰ ਅੱਜ ਜਦੋਂ ਅਸੀਂ ਆਪਣੇ ਇਸ ਅਨਮੋਲ ਵਿਰਸੇ ਵੱਲ ਨਿਗ੍ਹਾ ਮਾਰਦੇ ਹਾਂ ਤਾਂ ਧੁਰ ਅੰਦਰੋਂ ਇੱਕ ਹੂਕ ਜਿਹੀ ਉੱਠਦੀ ਹੈ ਕਿ ਅੱਜ ਅਸੀਂ ਆਪਣੇ ਅਸਲੀ ਰੰਗਾਂ ਨੂੰ ਛੱਡ ਕੇ ਕਿਹੜੇ ਬਦਰੰਗਾਂ ਮਗਰ ਭੱਜੇ ਫਿਰਦੇ ਹਾਂ।

ਕਿੱਥੇ ਗਏ ਉਹ ਢੋਲ-ਢਮੱਕੇ, ਗਿੱਧੇ? ਪਾਣੀ ਨੂੰ ਸ਼ਰਬਤ ਦਾ ਦਰਜਾ ਦਿੱਤਾ ਜਾਣ ਵਾਲੀ ਪੰਜ ਦਰਿਆਵਾਂ ਦੀ ਧਰਤੀ ਜਿਸ ਦੇ ਪਾਣੀ ਵਿੱਚ ਅੱਜ ਇਹ ਪੱਛਮੀ ਸੱਭਿਆਚਾਰ ਘੁਲ ਰਿਹਾ ਹੈ। ਚਾਰੇ ਪਾਸੇ ਬਨਾਵਟੀ ਦਿਖਾਵਾ ਹੈ। ਅੱਜ ਸਾਨੂੰ ਸਾਡੇ ਇਸ ਵਿਰਸੇ ਨੂੰ ਲਾਵਾਰਿਸ ਹੋਣ ਤੋਂ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਕਿ ਅਲੋਪ ਹੋ ਰਹੀਆਂ ਵਿਰਾਸਤੀ ਵਿਸ਼ੇਸ਼ਤਾਵਾਂ ਕਿਸੇ ਰੂਪ ਵਿੱਚ ਜੀਵੰਤ ਰੱਖੀਏ ਕਿਉਂਕਿ ਵਿਰਸਾ ਹੀ ਕਿਸੇ ਕੌਮ ਦੀ ਜਿੰਦ-ਜਾਨ ਹੋਇਆ ਕਰਦਾ ਹੈ। ਇਸੇ ਲਈ ਇੱਕ ਕਵੀ ਲਿਖਦਾ ਕਿ:-

ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ,
ਪੰਜਾਬ ਨੂੰ ਬਣਾਓ ਨਾ ਵਲੈਤ ਬਈ।
ਪੰਜਾਬ ਦੀ ਪੰਜਾਬ ਨਾਲ,
ਪਾਓ ਨਾ ਦਵੈਤ ਬਈ।

ਪਿੰਡ: ਸਿਵੀਆਂ, ਬਠਿੰਡਾ ਮੋ. 80547-57806
ਹਰਮੀਤ ਸਿਵੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।