ਕੋਰੋਨਾ ਪੀੜਤ ਲਾਸ਼ਾਂ ਦੀ ਦਾਸਤਾਨ
ਸਨਅਤੀ ਸ਼ਹਿਰ ਲੁਧਿਆਣਾ ਵਿਖੇ ਕੋਰੋਨਾ ਪੀੜਤ ਬਿਰਧ ਮਾਤਾ ਸੁਰਿੰਦਰ ਕੌਰ ਦੀ ਮੌਤ ਉਪਰੰਤ ਉਸ ਦੇ ਮ੍ਰਿਤਕ ਸਰੀਰ ਨੂੰ ਅਗਨ ਭੇਂਟ ਕਰਨ ਲਈ ਪਰਿਵਾਰ ਵੱਲੋਂ ਨਾ ਲੈਣਾ, ਇਸੇ ਤਰ੍ਹਾਂ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੋਰੋਨਾ ਪੀੜਤ ਇੰਜੀਨੀਅਰ ਜਸਵਿੰਦਰ ਸਿੰਘ ਦੀ ਸਾਹਾਂ ਦੀ ਡੋਰ ਟੁੱਟਣ ਉਪਰੰਤ ਉਸ ਦੇ ਪਰਿਵਾਰ ਵੱਲੋਂ ਉਸ ਦੀ ਦੇਹ ਦਾ ਅੰਤਿਮ ਸੰਸਕਾਰ ਕਰਨ ਲਈ ਸਾਹਮਣੇ ਨਾ ਆਉਣਾ, ਤੇ ਇਹਨਾਂ ਦੋਨਾਂ ਲੋਥਾਂ ਦਾ ਅੰਤਿਮ ਸਸਕਾਰ, ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕੀਤਾ ਗਿਆ, ਤੇ ਮਾਤਾ ਦੇ ਸਸਕਾਰ ਸਮੇਂ ਪਰਿਵਾਰ ਵੱਲੋਂ ਦੂਰੋਂ ਹੀ ਖੜ੍ਹ ਕੇ ਵੇਖਣਾ,
ਇਸੇ ਹੀ ਤਰ੍ਹਾਂ ਦੀ ਘਟਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਸਿੱਧ ਕੀਰਤਨੀਏ ਭਾਈ ਨਿਰਮਲ ਸਿੰਘ ਦੀ ਕੋਰੋਨਾ ਵਾਇਰਸ ਕਰਨ ਹੋਈ ਮੌਤ ਤੋਂ ਬਾਅਦ ਉਹਨਾਂ ਦਾ ਅੰਤਿਮ ਸਸਕਾਰ ਕਰਨ ਲਈ ਪਿੰਡ ਦੇ ਲੋਕਾਂ ਵੱਲੋਂ ਸਮਸ਼ਾਨਘਾਟ ਦੇ ਗੇਟ ਨੂੰ ਜੰਦਰੇ ਮਾਰ ਕੇ ਸਸਕਾਰ ਕਰਨ ਲਈ ਜਗ੍ਹਾ ਨਾ ਦੇਣ ਕਾਰਨ ਵਾਪਰੀ।
ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਵਾਇਰਲ ਕਰਕੇ ਆਪੋ-ਆਪਣੇ ਵਿਚਾਰਾਂ ਦੀ ਭੜਾਸ ਕੱਢੀ ਗਈ ਭਾਈ ਨਿਰਮਲ ਸਿੰਘ ਦਾ ਸਸਕਾਰ ਤਾਂ ਪ੍ਰਸ਼ਾਸਨ ਨੂੰ ਲੋਕਾਂ ਦੇ ਵਿਰੋਧ ਕਾਰਨ ਕਿਸੇ ਏਕਾਂਤ ਜਗ੍ਹਾ ਵਿੱਚ ਕਰਨਾ ਪਿਆ, ਜੋ ਹਲਾਤਾਂ ਦੀ ਮਜ਼ਬੂਰੀ ਵੱਸ ਮੌਕੇ ਦਾ ਫੈਸਲਾ ਸੀ।
ਪ੍ਰੰਤੂ ਦੂਜੇ ਦੋਵਾਂ ਕੇਸਾਂ ਵਿੱਚ ਤਾਂ ਪਰਿਵਾਰਾਂ ਵੱਲੋਂ ਉਨ੍ਹਾਂ ਦੀ ਮਿੱਟੀ ਨੂੰ ਕਿਉਂਟਣ ਲਈ ਲਾਸ਼ਾਂ ਨੂੰ ਨਾ ਲੈਣਾ ਮੰਦਭਾਗਾ ਤਾਂ ਹੈ ਹੀ ਨਾਲ-ਨਾਲ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਸ ਤੋਂ ਨਿੱਕਲਣ ਵਾਲੇ ਸਿੱਟਿਆਂ ਨੂੰ ਭੁਗਤਣ ਲਈ ਆਪਣੇ-ਆਪ ਨੂੰ ਅੱਜ ਹੀ ਤਿਆਰ ਕਰ ਲੈਣਾ ਚਾਹੀਦਾ ਹੈ, ਕਿਉਂਕਿ ਮੌਤ ਰੂਪੀ ਅਟੱਲ ਸੱਚਾਈ ਨਾਲ ਤਾਂ ਸਾਡਾ ਸਾਰਿਆਂ ਦਾ ਵਾਹ ਇੱਕ ਦਿਨ ਪੈਣਾ ਲਾਜ਼ਮੀ ਹੈ।
ਜਿਨ੍ਹਾਂ ਨੇ ਸਾਡੇ ਜਨਮ ਤੋਂ ਲੈ ਕੇ ਵੱਡੀਆਂ-ਵੱਡੀਆਂ ਉਚਾਈਆਂ ਤੱਕ ਪਹੁੰਚਾਉਣ ਲਈ ਆਪਣੇ-ਆਪ ਦੀ ਪ੍ਰਵਾਹ ਕੀਤੇ ਬਿਨਾਂ ਸਾਨੂੰ ਦੁਨੀਆਂ ਵਿਚ ਵਿਚਰਨ ਦੇ ਕਾਬਿਲ ਬਣਾਇਆ ਹੋਵੇ ਉਨ੍ਹਾਂ ਨੂੰ ਅੰਤਿਮ ਸਮੇਂ ਜੇਕਰ ਆਪਣਿਆਂ ਦਾ ਮੋਢਾ ਵੀ ਨਸੀਬ ਨਾ ਹੋਵੇ ਤਾਂ ਸਾਡੇ ਅਤੇ ਮਸ਼ੀਨਾਂ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ।
ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਜਨਤਾ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਲੀਲ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ, ਕਿਉਂਕਿ ਅੱਜ ਦੇ ਇਨਫਰਮੇਸ਼ਨ ਟੈਕਨਾਲੋਜੀ ਦੇ ਤੇਜ਼ ਜ਼ਮਾਨੇ ਵਿੱਚ ਜ਼ਿਆਦਾ ਲੋਕ ਕਿਸੇ ਵੀ ਗੱਲ ਦੀ ਤਹਿ ਤੱਕ ਜਾਣ ਤੋਂ ਪਹਿਲਾਂ ਹੀ ਆਪ ਜੱਜ ਬਣ ਕੇ ਫੈਸਲਾ ਕਰਕੇ ਆਪਣੇ ਮੋਬਾਈਲ ਫੋਨਾਂ ਰਾਹੀਂ ਦੂਸਰੇ ਦੀ ਬਦਨਾਮੀ ਕਰਨ ਲਈ ਕੋਈ ਮੌਕਾ ਨਹੀਂ ਗਵਾਉਂਦੇ, ਭਾਵੇਂ ਬਾਅਦ ਵਿਚ ਉਸ ਕੀਤੀ ਹੋਈ ਗਲਤੀ ਦੇ ਖਮਿਆਜੇ ਵੀ ਕਿਉਂ ਨਾ ਭੁਗਤਣੇ ਪੈਣ, ਇਨ੍ਹਾਂ ਦਿਨਾਂ ਵਿਚ ਕਾਫੀ ਘਟਨਾਵਾਂ ਵਾਪਰ ਵੀ ਚੁੱਕੀਆਂ ਹਨ
ਕਿਉਂਕਿ ਅੱਜ ਇਨਸਾਨਾਂ ਅੰਦਰੋਂ ਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ, ਹੰਕਾਰੀ ਪ੍ਰਵਿਰਤੀ ਲਗਾਤਾਰ ਵਧਦੀ ਜਾ ਰਹੀ ਹੈ, ਮੋਹ-ਪਿਆਰ ਦੀਆਂ ਤੰਦਾਂ ਜੋ ਕਿਸੇ ਸਮੇਂ ਪੰਜਾਬੀਆਂ ਦਾ ਗਹਿਣਾ ਸਨ ਅੱਜ ਉਸ ਨੂੰ ਵੀ ਗ੍ਰਹਿਣ ਲੱਗ ਚੁੱਕਾ ਹੈ।
ਅੱਜ ਅਸੀਂ ਆਪਣੇ-ਆਪ ਨੂੰ ਲੋਕਾਂ ਸਾਹਮਣੇ ਤਾਂ ਤਰਕਸ਼ੀਲ ਸੋਚ ਦੇ ਧਾਰਨੀ ਦਰਸਾਉਂਦੇ ਹਾਂ ਪ੍ਰੰਤੂ ਅਜਿਹੇ ਸਮੇਂ ਪਰਿਵਾਰਾਂ ਵੱਲੋਂ ਕੋਰੋਨਾ ਪੀੜਤ ਲਾਸ਼ਾਂ ਨੂੰ ਨਾ ਲੈਣ ਸਬੰਧੀ ਅਸੀਂ ਆਪਣਾ ਨਜ਼ਰੀਆ ਬਦਲ ਕੇ ਬਦਨਾਮੀ ਕਰਨ ਵਾਲੇ ਰਾਹ ਤੁਰ ਪੈਂਦੇ ਹਾਂ, ਕਿ ਵਾਇਰਸ ਕਾਰਨ ਲਾਸ਼ ਨਹੀਂ ਲਈ ਅਜਿਹੀ ਤੂਲ ਨਹੀਂ ਦੇਣੀ ਚਾਹੀਦੀ, ਕਿਉਂਕਿ ਅੱਜ ਸਰਕਾਰਾਂ, ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਤੇ ਡਬਲਿਊ. ਐਚ. ਓ. ਵੱਲੋਂ ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਸਾਰੇ ਚੈਨਲਾਂ ਤੇ ਅਖਬਾਰਾਂ ਵਿੱਚ ਲਗਾਤਾਰ ਸਾਨੂੰ ਅਗਾਹ ਕਰਕੇ ਆਪੋ-ਆਪਣੇ ਘਰਾਂ ਵਿੱਚ ਰਹਿਣ ਲਈ ਅਨਾਊਂਸਮੈਟਾਂ ਕੀਤੀਆਂ ਜਾ ਰਹੀਆਂ ਹਨ,
ਅਜਿਹੇ ਸਮੇਂ ਜੇਕਰ ਕਿਸੇ ਇਨਸਾਨ ਦੇ ਇਸ ਮਹਾਂਮਾਰੀ ਨਾਲ ਪੀੜਤ ਹੋਣ ਕਾਰਨ ਮੌਤ ਤੋਂ ਬਾਅਦ ਉਸ ਦਾ ਅੰਤਿਮ ਸਸਕਾਰ ਤੇ ਹੋਰ ਰਸਮਾਂ ਨਿਭਾਉਣ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਲੀਲ ਕਰੀਏ ਇਹ ਮੰਦਭਾਗਾ ਹੈ, ਕਿਉਂਕਿ ਇਸ ਵਾਇਰਸ ਦਾ ਅਸਰ ਜਿਉਂਦੇ ਇਨਸਾਨ ਕੋਲ ਜਾਣ ਦਾ ਵੀ ਓਨਾ ਹੈ ਤੇ ਲਾਸ਼ਾਂ ਕੋਲ ਜਾਣ ਦਾ ਜਾਂ ਉਸ ਨੂੰ ਸੰਭਾਲਣ ਸਮੇਂ ਅਣਗਹਿਲੀ ਕਾਰਨ ਵੀ ਅਸਰ ਦੂਜਿਆਂ ਲਈ ਵੀ ਓਨਾ ਹੀ ਹੈ
ਸਰਕਾਰਾਂ ਇਹ ਫੈਸਲਾ ਕਰਨ ਕਿ ਕੋਰੋਨਾ ਪੀੜਤ ਇਨਸਾਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਨਹੀਂ ਦਿੱਤੀਆਂ ਜਾਣਗੀਆਂ
ਕਿਉਂਕਿ ਕੋਰੋਨਾ ਪੋਜ਼ਟਿਵ ਇਨਸਾਨ ਕੋਲ ਹਸਪਤਾਲ ਵਿਚ ਉਸਦੇ ਵਾਰਸਾਂ ਨੂੰ ਸਾਂਭ-ਸੰਭਾਲ ਲਈ ਇਸ ਕਰਕੇ ਨਹੀਂ ਰਹਿਣ ਦਿੱਤਾ ਜਾਂਦਾ ਕਿ ਇਸ ਲਾਗ ਦੀ ਬਿਮਾਰੀ ਨਾਲ ਨਿਪਟਣ ਜਾਂ ਇਸ ਤੋਂ ਬਚਣ ਲਈ ਪੂਰੀ ਦੁਨੀਆ ਵਿਚ ਸਿਵਾਏ ਸਮਾਜਿਕ ਦੂਰੀ ਤੋਂ ਇਲਾਵਾ ਕੋਈ ਵੀ ਦਵਾਈ ਉਪਲੱਬਧ ਨਹੀਂ ਹੈ ਸਾਡੇ ਕੋਲ ਜਿੰਨੇ ਵੀ ਸਾਧਨ ਹਨ, ਇਹ ਫੇਲ੍ਹ ਸਾਬਤ ਹੁੰਦੇ ਨਜ਼ਰ ਆ ਰਹੇ ਹਨ ਸਿਵਾਏ ਸਮਾਜਿਕ ਦੂਰੀ ਦੇ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਇਹ ਹੈ ਕਿ ਕੋਰੋਨਾ ਪੀੜਤਾਂ ਦੀ ਸਾਂਭ-ਸੰਭਾਲ ਤੇ ਟੈਸਟ ਕਰਨ ਵਾਲੇ ਕਈ ਮਾਹਿਰ ਡਾਕਟਰ ਵੀ ਇਸ ਵਾਇਰਸ ਤੋਂ ਆਪਣੇ ਪੂਰੇ ਲਿਬਾਸ ਪਹਿਨਣ ਦੇ ਬਾਵਜ਼ੂਦ ਪਾਜ਼ੀਟਿਵ ਹੋ ਗਏ ਹਨ।
ਸਾਨੂੰ ਅੱਜ ਅਗਾਂਹਵਧੂ ਸੋਚ ਦੇ ਧਾਰਨੀ ਹੋ ਕੇ ਇਸ ਵਾਇਰਸ ਦੀ ਤਬਾਹੀ ਨੂੰ ਸਮਝਕੇ ਸੁਚੇਤ ਹੋਣ ਦੀ ਲੋੜ ਹੈ ਨਾ ਕਿ ਅਸੀਂ ਕੋਰੋਨਾ ਪੀੜਤ ਮਰੀਜਾਂ ਦੇ ਪਰਿਵਾਰਾਂ ਨੂੰ ਜ਼ਲੀਲ ਕਰਨ ਵਾਲੇ ਪੁੱਠੇ ਪਾਸੇ ਤੁਰੀਏ ਸਗੋਂ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦੇ ਹੋਏ ਪੂਰੇ ਸਮਾਜ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਨਿੱਤਰ ਕੇ ਅੱਗੇ ਆਉਣਾ ਚਾਹੀਦਾ ਹੈ,
ਨਾ ਕਿ ਅਜਿਹੇ ਹਾਲਾਤ ਪੈਦਾ ਕਰੀਏ ਜਿਸ ਨਾਲ ਸਮਾਜਿਕ ਰਿਸ਼ਤਿਆਂ ਵਿੱਚ ਤਰੇੜਾਂ ਪੈਦਾ ਹੋਣ ਸਾਰਾ ਪ੍ਰਸ਼ਾਸਨ ਤੇ ਸਰਕਾਰਾਂ ਇਸ ਵੱਲ ਖ਼ਾਸ ਧਿਆਨ ਤੇ ਤਵੱਜ਼ੋ ਦੇ ਕੇ ਕਾਨੂੰਨ ਬਣਾਉਣ ਕਿ ਕੋਰੋਨਾ ਪਾਜ਼ੀਟਿਵ ਮ੍ਰਿਤਕਾਂ ਦਾ ਸਸਕਾਰ, ਸਰਕਾਰਾਂ ਆਪਣੀ ਦੇਖ-ਰੇਖ ਵਿੱਚ ਕਰਵਾਉਣਗੀਆਂ, ਜੇਕਰ ਪਰਿਵਾਰ ਦੂਰੋਂ ਅੰਤਿਮ ਦਰਸ਼ਨ ਕਰਨਾ ਚਾਹੇ ਤਾਂ ਕਰ ਸਕਦਾ ਹੈ ਕੋਈ ਬੰਦਿਸ਼ ਨਾ ਹੋਵੇ ਤੇ ਨਾ ਹੀ ਲੋਕ ਉਸ ਪਰਿਵਾਰ ਨੂੰ ਜ਼ਲੀਲ ਕਰਨ ਕਿ ਆਹ ਜਾਂਦਾ ਜਿਹਨੇ ਲਾਸ਼ ਨਹੀਂ ਲਈ ਸੀ ਆਦਿਕ ਮਿਹਣੇ ਮਾਰਨ।
ਇਸ ਬਿਮਾਰੀ ਨਾਲ ਪੀੜਤ ਮ੍ਰਿਤਕ ਦੇ ਪਰਿਵਾਰ ਨੂੰ ਸਰਕਾਰ ਸਿਰਫ ਸੂਚਿਤ ਕਰੇ ਤੇ ਮੌਤ ਦਾ ਸਰਟੀਫਿਕੇਟ ਤੁਰੰਤ ਜਾਰੀ ਕਰਕੇ ਆਪਣੇ ਯੋਗ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਅੰਤਿਮ ਸਸਕਾਰ ਕਰਕੇ ਰਸਮਾਂ ਪੂਰੀਆਂ ਕਰੇ। ਸਮਾਜ ਵੱਲੋਂ ਮਿਹਣੇ ਮਾਰਨੇ ਕਿ ਉਹਨੇ ਪੁੱਤਾਂ ਦੇ ਫਰਜ਼ ਨਹੀਂ ਨਿਭਾਏ ਮਰਨ ਤੋਂ ਬਾਅਦ ਤਾਂ ਇਨਸਾਨੀ ਦੇਹ ਸਿਰਫ ਮਿੱਟੀ ਹੈ, ਇਹ ਅਕਸਰ ਸੱਥਰ ‘ਤੇ ਬੈਠੇ ਸਿਆਣੇ ਬਜ਼ੁਰਗਾਂ ਕੋਲੋਂ ਸੁਣਨ ਨੂੰ ਆਮ ਹੀ ਮਿਲਦਾ ਹੈ, ਜੋ ਕਿ ਪੀੜਤ ਪਰਿਵਾਰ ਨੂੰ ਹੌਂਸਲਾ ਦੇਣ ਲਈ ਕਿਹਾ ਜਾਂਦਾ ਹੈ ਤੇ ਅਸਲ ਵਿਚ ਇਹ ਸਾਰੇ ਧਰਮਾਂ ਅਨੁਸਾਰ ਸੱਚ ਵੀ ਹੈ ਤੇ ਅੱਜ ਫਿਰ ਇਸ ਗੱਲ ਨੂੰ ਇੰਨਾ ਕਿਉਂ ਉਛਾਲਿਆ ਜਾ ਰਿਹਾ ਹੈ।
ਕੁਦਰਤ ਦੀ ਕਰੋਪੀ ਕਾਰਨ ਅੱਜ ਇੱਕ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਦੁਨੀਆਂ ਤੋਂ ਸਦਾ ਲਈ ਚਲੇ ਗਏ ਨਾਲ-ਨਾਲ ਪਰਿਵਾਰ ਕੋਰੋਨਾ ਤੋਂ ਦਹਿਸ਼ਤਜ਼ਦਾ ਹਨ, ਉੱਪਰੋਂ ਸਮਾਜ ਵੱਲੋਂ ਮਿਹਣੇ ਮਾਰਨਾ ਕਿਸ ਹੱਦ ਤੱਕ ਜਾਇਜ਼ ਹੈ! ਲੋੜ ਹੈ ਸਮਾਜ ਵੱਲੋਂ ਦਿਲੋਂ ਹਮਦਰਦੀ ਦੀ, ਨਾ ਕਿ ਸਾਡੇ ਵੱਲੋਂ ਪਾਈਆਂ ਜਾ ਰਹੀਆਂ ਲਾਹਨਤਾਂ ਦੀ, ਇਹ ਕੋਰੋਨਾ ਪਹਿਲਵਾਨ ਤਾਂ ਵੱਡੇ-ਵੱਡੇ ਖੱਬੀਖਾਨਾਂ ਦੀ ਧੌਣ ਮਰੋੜ ਕੇ ਦੁਨੀਆਂ ਵਿਚ ਲੱਖਾਂ ਘਰਾਂ ਅੰਦਰ ਸੱਥਰ ਵਿਛਾ ਕੇ ਕੀਰਨੇ ਪਵਾ ਚੁੱਕਾ ਹੈ
ਸਾਨੂੰ ਸਮਝਣ ਦੀ ਲੋੜ ਹੈ ਤੇ ਓਸ ਪਰਮਾਤਮਾ ਅੱਗੇ ਅਰਦਾਸਾਂ ਕਰੀਏ ਕਿ ਸੱਚੇ ਪਾਤਸ਼ਾਹ ਅੱਜ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਵਰਗੇ ਦੇਸ਼ ਦੀਆਂ ਵੀ ਕੋਰੋਨਾ ਪਹਿਲਵਾਨ ਗੋਡਨੀਆਂ ਲਵਾ ਕੇ ਉਸਦੀ ਸਾਰੀ ਟੈਕਨਾਲੋਜੀ ਨੂੰ ਫੇਲ੍ਹ ਕਰ ਚੁੱਕਾ ਹੈ, ਤੁਸੀਂ ਸਾਡੇ ‘ਤੇ ਰਹਿਮਤ ਕਰਕੇ ਕੁੱਲ ਖਲਕਤ ਨੂੰ ਇਸ ਸੰਕਟ ਵਿਚੋਂ ਬਾਹਰ ਨਿਕਲਣ ਦਾ ਬਲ ਤੇ ਬੁੱਧੀ ਬਖ਼ਸ਼ੋ ਜੀ!
ਕੋਟਕਪੂਰਾ ਮੋ. 96462-00468
ਜਗਜੀਤ ਸਿੰਘ ਕੰਡਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।