ਪਠਾਨਕੋਟ ਅਤੇ ਸੰਗਰੂਰ ਤੋਂ ਇਲਾਵਾ ਲੁਧਿਆਣਾ ਅਤੇ ਐਸ.ਬੀ.ਐਸ. ਨਗਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਕੀਤਾ ਗਿਆ ਇੰਤਜ਼ਾਮ
ਪੰਜਾਬ ਭਵਨ ਚੰਡੀਗੜ ਵਿਖੇ ਵੀ ਕੀਤਾ ਗਿਆ ਇੰਤਜ਼ਾਮ ਪਾਰਟੀਆਂ ਦੇ ਨੁਮਾਇੰਦੇ ਇਥੋਂ ਵੀ ਲੈ ਸਕਦੇ ਹਨ ਭਾਗ
ਚੰਡੀਗੜ, (ਅਸ਼ਵਨੀ ਚਾਵਲਾ) । ਕਈ ਪਾਰਟੀਆਂ ਵਲੋਂ ਮੰਗ ਕਰਨ ਅਤੇ ਕਰਫਿਊ ਦੇ ਸਮੇਂ ਵਿੱਚ ਵਾਧਾ ਕਰਨ ਤੋਂ ਬਾਅਦ ਹੁਣ ਆਉਣ ਵਾਲੀਆਂ ਮੁਸ਼ਕਲਾਂ ਨੂੰ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਭਲਕੇ ਮੰਗਲਵਾਰ ਆਲ ਪਾਰਟੀ ਮੀਟਿੰਗ ਕਰਨਗੇ । ਆਲ ਪਾਰਟੀ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਹੀ ਹੋਏਗੀ, ਇਸ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੀ ਰਿਹਾਇਸ਼ ਤੋਂ ਹੀ ਇਸ ਮੀਟਿੰਗ ਵਿੱਚ ਭਾਗ ਲੈਣਗੇ, ਜਦੋਂ ਬਾਕੀ ਪਾਰਟੀਆਂ ਦੇ ਨੁਮਾਇੰਦੇ ਸਰਕਾਰ ਵਲੋਂ ਤੈਅ ਕੀਤੀ ਗਈ ਥਾਂਵਾਂ ਰਾਹੀਂ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ।
ਸਰਕਾਰ ਵਲੋਂ ਪੰਜਾਬ ਦੇ 4 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਣੇ ਚੰਡੀਗੜ ਵਿਖੇ ਪੰਜਾਬ ਭਵਨ ਵਿੱਚ ਇੰਤਜ਼ਾਮ ਕੀਤਾ ਗਿਆ ਹੈ, ਜਿਸ ਕਾਰਨ ਪਾਰਟੀਆਂ ਦੇ ਪ੍ਰਧਾਨ ਜਾਂ ਫਿਰ ਉਨਾਂ ਦੇ ਨੁਮਾਇੰਦੇ ਇਨਾਂ ਥਾਂਵਾਂ ਰਾਹੀਂ ਮੀਟਿੰਗ ਵਿੱਚ ਭਾਗ ਲੈ ਸਕਣਗੇ। ਮੀਟਿੰਗ ਬਾਅਦ ਦੁਪਹਿਰ 3 ਵਜੇ ਸ਼ੁਰੂ ਹੋਏਗੀ, ਜਿਹੜੀ ਕਿ ਜਲਦੀ ਖ਼ਤਮ ਹੋਣ ਦੀ ਥਾਂ ‘ਤੇ ਕੁਝ ਲੰਬੀ ਜਾ ਸਕਦੀ ਹੈ।
ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਵਲੋਂ ਕੋਰੋਨਾ ਦੇ ਕਾਰਨ ਚਲ ਰਹੇ ਕਰਫਿਊ ਦੌਰਾਨ ਆ ਰਹੀਆਂ ਪਰੇਸ਼ਾਨੀਆਂ ਦੇ ਬਾਰੇ ਚਰਚਾ ਕਰਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਕਈ ਵਾਰ ਆਲ ਪਾਰਟੀ ਮੀਟਿੰਗ ਕਰਨ ਦੀ ਮੰਗ ਕੀਤੀ ਸੀ ਪਰ ਪਿਛਲੇ ਹਫ਼ਤੇ ਤੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਇਸ ਤਰਾਂ ਦੀ ਮੀਟਿੰਗ ਕਰਨ ਤੋਂ ਸਾਫ਼ ਇਨਕਾਰ ਕੀਤਾ ਜਾ ਰਿਹਾ ਸੀ।
ਬੀਤੇ ਦਿਨੀਂ ਅਮਰਿੰਦਰ ਸਿੰਘ ਵਲੋਂ ਕਰਫਿਊ ਵਧਾਉਣ ਤੋਂ ਬਾਅਦ ਅਚਾਨਕ ਹੀ ਇਸ ਮੰਗ ਨੂੰ ਸਵੀਕਾਰ ਕਰਦੇ ਹੋਏ ਮੀਟਿੰਗ ਕਰਨ ਦਾ ਫੈਸਲਾ ਕਰ ਲਿਆ ਹੈ। ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਅਤੇ ਪਠਾਨਕੋਟ ਤੋਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਇਸ ਮੀਟਿੰਗ ਵਿੱਚ ਭਾਗ ਲੈਣਗੇ। ਜਦੋਂ ਕਿ ਇਸ ਤੋਂ ਇਲਾਵਾ ਲੁਧਿਆਣਾ ਅਤੇ ਐਸ.ਬੀ.ਐਸ. ਨਗਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਵੀ ਵੀਡੀਓ ਕਾਨਫਰੰਸ ਦਾ ਇੰਤਜ਼ਾਮ ਕੀਤਾ ਗਿਆ ਹੈ, ਜਿਥੋਂ ਕੁਝ ਪਾਰਟੀਆਂ ਦੇ ਪ੍ਰਧਾਨ ਜਾਂ ਫਿਰ ਨੁਮਾਇੰਦੇ ਸ਼ਾਮਲ ਹੋ ਸਕਦਾ ਹੈ। ਇਸ ਨਾਲ ਹੀ ਜਿਹੜੇ ਚੰਡੀਗੜ ਤੋਂ ਇਸ ਮੀਟਿੰਗ ਵਿੱਚ ਜੁੜਨਾ ਚਾਹੁੰਦੇ ਹਨ, ਉਨਾਂ ਨੂੰ ਪੰਜਾਬ ਭਵਨ ਵਿਖੇ ਆਉਣਾ ਪਏਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।