ਬਰਗਰ ਕਿੰਗ, ਡੋਮੀਨੋ, ਕੇ.ਐਫ.ਸੀ., ਦੀ ਫੂਡ ਬਾਉਲ, ਪੀਜ਼ਾ ਹੱਟ ਸਣੇ ਕਈ ਫੂਡ ਕੰਪਨੀਆਂ ਵੀ ਸਪਲਾਈ ਕਰ ਰਹੀ ਐ ਖਾਣ-ਪੀਣ ਦਾ ਸਮਾਨ
ਚੰਡੀਗੜ੍ਹ, (ਅਸ਼ਵਨੀ ਚਾਵਲਾ) । ਕੋਰੋਨਾ ਵਾਇਰਸ ਦੇ ਕਾਰਨ ਜਿਥੇ ਦੇਸ਼ ਭਰ ਵਿੱਚ ਲਾਕ ਡਾਊਨ ਲੱਗਿਆ ਹੋਇਆ ਹੈ, ਉਥੇ ਪੰਜਾਬ ਵਿੱਚ ਕਰਫਿਊ ਦੌਰਾਨ ਵੀ 2 ਦਰਜਨ ਦੇ ਲਗਭਗ ਮਲਟੀ ਨੈਸ਼ਨਲ ਕੰਪਨੀਆਂ ਆਪਣਾ ਸਮਾਨ ਵੇਚਣ ਵਿੱਚ ਲੱਗੀਆਂ ਹੋਈਆ ਹਨ, ਜਦੋਂ ਕਿ ਸਰਕਾਰ ਵਲੋਂ ਜਾਰੀ ਕਰਫਿਊ ਦੌਰਾਨ ਦੁਕਾਨਾਂ ਨਹੀਂ ਖੋਲ੍ਹਣ ਦਾ ਫਰਮਾਨ ਸਿਰਫ਼ ਉਨ੍ਹਾਂ ਮੱਧਵਰਗੀ ਲੋਕਾਂ ‘ਤੇ ਹੀ ਲਾਗੂ ਕੀਤਾ ਹੋਇਆ ਹੈ।
ਜਿਨ੍ਹਾਂ ਦਾ ਕੁਝ ਦਿਨਾਂ ਦੇ ਬੰਦ ਦੌਰਾਨ ਹੀ ਲੱਕ ਪੂਰੀ ਤਰ੍ਹਾਂ ਟੁੱਟ ਗਿਆ ਹੈ। ਪੰਜਾਬ ਵਿੱਚ ਕਿਸੇ ਵੀ ਛੋਟੇ-ਵੱਡੇ ਦੁਕਾਨਦਾਰ ਨੂੰ ਆਪਣੀ ਦੁਕਾਨ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ ਪਰ ਮਲਟੀ ਨੈਸ਼ਨਲ ਕੰਪਨੀਆਂ ਨਾ ਸਿਰਫ਼ ਖੁੱਲ੍ਹੀ ਹੋਈਆ ਹਨ, ਸਗੋਂ ਉਨ੍ਹਾਂ ਵਲੋਂ ਆਮ ਲੋਕਾਂ ਨੂੰ ਸਮਾਨ ਦੀ ਸਪਲਾਈ ਸਟੋਰ ਤੋਂ ਇਲਾਵਾ ਘਰ ਤੱਕ ਵੀ ਦਿੱਤੀ ਜਾ ਰਹੀਂ ਹੈ।
ਜਿਸ ਕਾਰਨ ਇਨ੍ਹਾਂ ਸਟੋਰ ਨਾਲ ਜੁੜੇ ਕਰਮਚਾਰੀਆਂ ਨੂੰ ਹਰ ਤਰ੍ਹਾਂ ਦਾ ਵਾਹਨ ਤੱਕ ਚਲਾਉਣ ਦੀ ਇਜਾਜ਼ਤ ਮਿਲੀ ਹੋਈ ਹੈ ਪਰ ਕੋਈ ਆਮ ਦੁਕਾਨਦਾਰ ਛੋਟੀ ਮੋਟੀ ਸਪਲਾਈ ਵੀ ਦੇਣ ਚਲਾ ਜਾਵੇ ਤਾਂ ਪੁਲਿਸ ਡੰਡ-ਬੈਠਕਾਂ ਕਰਵਾਉਣ ਦੇ ਨਾਲ ਹੀ ਉਸ ਦੀ ਡੰਡਾ ਪਰੇਡ ਤੱਕ ਕਰ ਰਹੀ ਹੈ।
ਇਥੇ ਹੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਸਮੇਂ ਕੋਰੋਨਾ ਦੀ ਮਹਾਂਮਾਰੀ ਦੌਰਾਨ ਕਰਿਆਨਾ ਅਤੇ ਸਬਜ਼ੀ ਸਣੇ ਹੋਰ ਸਮਾਨ ਦੇ ਨਾਲ ਹੀ ਸਰਕਾਰ ਵਲੋਂ ਬਰਗਰ ਅਤੇ ਪੀਜ਼ਾ ਵਰਗੀ ਗੈਰ ਜਰੂਰੀ ਫਾਸਟ ਫੂਡ ਨੂੰ ਵੀ ਆਪਣੇ ਸਟੋਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤਰ੍ਹਾਂ ਦਾ ਫਾਸਟ ਫੂਡ ਸਪਲਾਈ ਕਰਨ ਵਾਲੀਆਂ ਲਗਭਗ ਅੱਧੀ ਦਰਜਨ ਤੋਂ ਵੱਧ ਕੰਪਨੀਆਂ ਨੇ ਵੀ ਪੰਜਾਬ ਵਿੱਚ ਆਪਣੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਕੁਝ ਵੱਡੇ ਰੈਸਟੋਰੈਂਟ ਨੂੰ ਚਲਾਉਣ ਵਾਲੇ ਵੀ ਇਸ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ, ਜਿਹੜੇ ਕਿ ਆਮ ਲੋਕਾਂ ਨੂੰ ਘਰਾਂ ਵਿੱਚ ਖਾਣਾ ਪਹੁੰਚਾਉਣਗੇ।
ਪੰਜਾਬ ਵਿੱਚ ਕਰਫਿਊ ਦੌਰਾਨ ਰਿਲਾਇੰਸ, ਬਿਗ ਬਾਜ਼ਾਰ, ਡੀ ਮਾਰਟ, ਮੈਟਰੋ, ਬਿਗ ਬਾਸਕੇਟ, ਈਜੀ ਡੇ ਸਣੇ ਦਰਜਨ ਭਰ ਰਿਟੇਲ ਸ਼ੋ-ਰੂਮ ਨੂੰ ਖੋਲ੍ਹਣ ਦੀ ਇਜਾਜ਼ਤ ਮਿਲੀ ਹੋਈ ਹੈ ਅਤੇ ਇਹ ਸਿਰਫ਼ ਕਰਿਆਨਾ ਹੀ ਨਹੀਂ ਸਗੋਂ ਹਰ ਤਰ੍ਹਾਂ ਦਾ ਸਮਾਨ ਵੇਚ ਰਹੇ ਹਨ। ਇਥੇ ਹੀ ਬਰਗਰ ਕਿੰਗ, ਡੋਮੀਨੋ, ਕੇ.ਐਫ.ਸੀ., ਦੀ ਫੂਡ ਬਾਊਲ, ਪੀਜ਼ਾ ਹੱਟ ਸਣੇ ਕਈ ਫੂਡ ਕੰਪਨੀਆਂ ਵੀ ਖਾਣ-ਪੀਣ ਦਾ ਸਮਾਨ ਸਪਲਾਈ ਕਰ ਰਹੀਆਂ ਹਨ। ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਰੋਕ ਟੋਕ ਨਹੀਂ ਲਗਾਈ ਗਈ ਹੈ।
ਜਿਸ ਨੂੰ ਦੇਖ ਕੇ ਪੰਜਾਬ ਦੇ ਆਮ ਦੁਕਾਨਦਾਰ ਅਤੇ ਜਨਤਾ ਕਾਫ਼ੀ ਜਿਆਦਾ ਹੈਰਾਨ ਹੈ ਕਿ ਕਰਫਿਊ ਸਮੇਂ ਪੰਜਾਬ ਸਰਕਾਰ ਵਲੋਂ ਦੋਗਲੀ ਤਰ੍ਹਾਂ ਦੀ ਨੀਤੀ ਕਿਉਂ ਅਪਨਾਈ ਜਾ ਰਹੀਂ ਹੈ, ਜੇਕਰ ਪੰਜਾਬ ਵਿੱਚ ਮਲਟੀ ਨੈਸ਼ਨਲ ਰਿਟੇਲ ਸਟੋਰ ਸਣੇ ਫਾਸਟ ਫੂਡ ਸਪਲਾਈ ਦੇਣ ਵਾਲੀ ਕੰਪਨੀਆਂ ਨੂੰ ਆਪਣੇ ਸਟੋਰ ਚਲਾਉਣ ਦੀ ਇਜਾਜ਼ਤ ਮਿਲ ਸਕਦੀ ਹੈ ਤਾਂ ਦਰਮਿਆਨੇ ਦੇ ਦੁਕਾਨਦਾਰਾਂ ਨੂੰ ਉਨ੍ਹਾਂ ਦੀ ਦੁਕਾਨ ਖੋਲ੍ਹਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀਂ ਹੈ।
ਕਮਾਈ ਬੰਦ ਹੋਣ ਦੇ ਕਾਰਨ ਨਹੀਂ ਦੇ ਰਹੇ ਕਰਮਚਾਰੀਆਂ ਨੂੰ ਤਨਖ਼ਾਹ
ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਬੰਦ ਦੁਕਾਨਾਂ ਕਾਰਨ ਮਿਡਲ ਕਲਾਸ ਵਪਾਰੀਆਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਕਮਾਈ ਦਾ ਸਾਧਨ ਬੰਦ ਹੋਣ ਦੇ ਕਾਰਨ ਉਹ ਆਪਣੇ ਕਰਮਚਾਰੀਆਂ ਨੂੰ ਤਨਖ਼ਾਹ ਵੀ ਨਹੀਂ ਦੇ ਰਹੇ ਹਨ। ਪੰਜਾਬ ਵਿੱਚ ਆਮ ਦੁਕਾਨਦਾਰਾਂ ਨੂੰ ਦੂਰ ਦੀ ਗਲ ਕਰਿਆਨਾ ਅਤੇ ਸਬਜ਼ੀ ਦੀਆਂ ਦੁਕਾਨਾਂ ਸਣੇ ਮੈਡੀਕਲ ਸਟੋਰ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀਂ ਹੈ। ਜਿਸ ਕਾਰਨ ਇਨ੍ਹਾਂ ਦੁਕਾਨਦਾਰਾਂ ਕੋਲ ਕੋਈ ਵੀ ਹੋਰ ਕਮਾਈ ਦਾ ਸਾਧਨ ਨਹੀਂ ਹੋਣ ਦੇ ਚਲਦੇ ਕਾਫ਼ੀ ਜਿਆਦਾ ਨੁਕਸਾਨ ਹੋ ਰਿਹਾ ਹੈ। ਇਸ ਨਾਲ ਹੀ ਸਰਕਾਰ ਵਲੋਂ ਇਨ੍ਹਾਂ ਦੁਕਾਨਦਾਰਾਂ ਨੂੰ ਕਰਮਚਾਰੀਆਂ ਨੂੰ ਤਨਖ਼ਾਹ ਦੇਣ ਲਈ ਵੀ ਕਿਹਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।