ਲੁਧਿਆਣਾ ‘ਚ ਕੋਰੋਨਾ ਦਾ ਚੌਥਾ ਮਾਮਲਾ ਆਇਆ ਸਾਹਮਣੇ, ਚੌਥੀ ਵੀ ਔਰਤ

ਲੁਧਿਆਣਾ ‘ਚ ਕੋਰੋਨਾ ਦਾ ਚੌਥਾ ਮਾਮਲਾ ਆਇਆ ਸਾਹਮਣੇ, ਚੌਥੀ ਵੀ ਔਰਤ

ਲੁਧਿਆਣਾ, (ਰਾਮ ਗੋਪਾਲ ਰਾਏਕੋਟੀ) ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧ ਰਿਹਾ ਹੈ ਤੇ ਕੋਰੋਨਾ ਵਾਇਰਸ ਦੇ ਮਰੀਜ਼ ਲਗਾਤਾਰ ਸਾਹਮਣੇ ਆ ਰਹੇ ਹਨ ਤਾਜ਼ਾ ਮਾਮਲਾ ਲੁਧਿਆਣਾ ਦੇ ਸ਼ਿਮਲਾਪੁਰੀ ਦਾ ਹੈ, ਜਿੱਥੋਂ ਦੀ ਰਹਿਣ ਵਾਲੀ ਸੁਰਿੰਦਰ ਕੌਰ (69) ਦੀ ਰਿਪੋਰਟ ਪਾਜ਼ੇਟਿਵ ਆਈ ਹੈ ਇਸ ਤੋਂ ਪਹਿਲਾਂ ਗੁਰਦੇਵ ਨਗਰ, ਫੇਰ ਅਮਰਪੁਰਾ ਤੇ ਹੁਣ ਸ਼ਿਮਲਾਪੁਰੀ ਵਿੱਚ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ

ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਉਕਤ ਔਰਤ ਦੀ ਕੋਈ ਵਿਦੇਸ਼ ਯਾਤਰਾ ਦੀ ਹਿਸਟਰੀ ਤਾਂ ਨਹੀਂ ਹੈ ਪਰ ਉਹ 17 ਮਾਰਚ ਨੂੰ ਬੱਸ ਵਿੱਚ ਬੈਠ ਕੇ ਮੋਹਾਲੀ ਸਥਿਤ ਆਪਣੀ ਰਿਸ਼ਤੇਦਾਰੀ ‘ਚ ਮਿਲਣ ਜ਼ਰੂਰ ਗਈ ਸੀ, ਮੋਹਾਲੀ ਵਿੱਚ ਉਹ ਆਪਣੀ ਭਤੀਜੇ ਦੇ ਘਰ ਰੁਕੀ ਸੀ, 23 ਮਾਰਚ ਨੂੰ ਔਰਤ ਵਿੱਚ ਕੋਰੋਨਾ ਵਾਇਰਸ ਦੇ ਸਬੰਧ ਵਿਚ ਸ਼ੁੱਕੀ ਖੰਘ, ਜੁਕਾਮ, ਬੁਖ਼ਾਰ ਦੇ ਲੱਛਣ ਦਿਸਣੇ ਸ਼ੁਰੂ ਹੋ ਗਏ 31 ਮਾਰਚ ਨੂੰ ਔਰਤ ਦੀ ਹਾਲਤ ਖ਼ਰਾਬ ਹੋ ਗਈ

ਜਿਸ ਮਗਰੋਂ ਪ੍ਰਾਈਵੇਟ ਹਸਪਤਾਲ ਦੀ ਐਂਬੂਲੈਂਸ ਰਾਹੀਂ ਮੋਹਾਲੀ ਤੋਂ ਲੁਧਿਆਣਾ ਦੇ ਚੰਡੀਗੜ ਰੋਡ ਸਥਿਤ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਇਸ ਔਰਤ ਦੇ ਸੈਂਪਲ ਵੀਰਵਾਰ ਸਵੇਰੇ ਭੇਜੇ ਸਨ, ਜਿਸ ਦੀ ਰਿਪੋਰਟ ਰਾਤ 9 ਵਜੇ ਆਈ ਸਿਵਲ ਸਰਜਨ ਮੁਤਾਬਕ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਂਦੇ ਸਾਰ ਸਿਹਤ ਮਹਿਕਮੇ ਦੀਆਂ ਰੈਪਿਡ ਰਿਸਪਾਂਸ ਟੀਮਾਂ ਨੂੰ ਇਲਾਕੇ ਵਿਚ ਭੇਜਿਆ ਗਿਆ ਸੀ ਟੀਮਾਂ ਨੇ ਔਰਤ ਦੇ ਘਰ ਦੇ ਲਾਗੇ ਰਹਿੰਦੇ ਕਰੀਬ ਦਰਜਨ ਵਿਅਕਤੀਆਂ ਦੇ ਸੈਂਪਲ ਲਏ ਦੱਸਣਯੋਗ ਹੈ ਕਿ ਜ਼ਿਲ੍ਹੇ ਵਿੱਚ ਕੋਰੋਨਾ ਪਾਜ਼ੀਟਿਵ ਚਾਰ ਮਰੀਜ਼ ਸਾਹਮਣੇ ਆ ਚੁੱਕੇ ਹਨ ਤੇ ਚਾਰੇ ਮਰੀਜ਼ ਔਰਤਾਂ ਹਨ

ਮੋਹਾਲੀ ‘ਚ ਕਿਸੇ ਸ਼ੱਕੀ ਮਰੀਜ਼ ਨੂੰ ਮਿਲਣ ਦਾ ਖ਼ਦਸ਼ਾ

ਔਰਤ ਦੇ ਘਰ ਪੁੱਜੀ ਸਿਹਤ ਵਿਭਾਗ ਦੀਆਂ ਟੀਮਾਂ ਕਈ ਪਹਿਲੂਆਂ ‘ਤੇ ਜਾਂਚ ਕਰ ਰਹੀਆਂ ਹਨ ਜਾਂਚ ਵਿੱਚ ਲੱਗੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਔਰਤ ਮੋਹਾਲੀ ਵਿਚ ਕਿਸੇ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਨਾ ਆਈ ਹੋਵੇ ਕਿਉਂਕਿ ਮੋਹਾਲੀ ਵਿਚ ਕੋਰੋਨਾ ਇੰਫੈਕਟਿਡ ਮਰੀਜ਼ ਸਾਹਮਣੇ ਆਏ ਹਨ ਜਦਕਿ ਦੂਜਾ ਖ਼ਦਸ਼ਾ ਇਹ ਵੀ ਹੈ ਕਿ ਔਰਤ ਨੂੰ ਬੱਸ ਵਿੱਚ ਸਫ਼ਰ ਦੌਰਾਨ ਕਿਸੇ ਤੋਂ ਲਾਗ ਨਾ ਲੱਗ ਗਈ ਹੋਵੇ ਪਤਾ ਲੱਗਿਆ ਹੈ ਕਿ ਸ਼ੁੱਕਰਵਾਰ ਨੂੰ ਸਿਹਤ ਮਹਿਕਮੇ ਦੀ ਟੀਮ ਮੋਹਾਲੀ ਲਈ ਰਵਾਨਾ ਹੋਵੇਗੀ ਤੇ ਔਰਤ ਦੀ ਭਤੀਜੀ ਨੂੰ ਮਿਲੇਗੀ ਟੀਮ ਇਹ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਮੋਹਾਲੀ ਰੁਕਣ ਦੌਰਾਨ ਇਹ ਔਰਤ ਕਿੱਥੇ ਕਿੱਥੇ ਤੇ ਕੀਹਨੂੰ ਕੀਹਨੂੰ ਮਿਲੀ ਸੀ ਇਸ ਦੇ ਨਾਲ ਹੀ ਬੱਸ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਵਿੱਚ ਔਰਤ ਨੇ ਸਫ਼ਰ ਕੀਤਾ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।