ਬੈਂਕਾਂ ਅੰਦਰ ਸਾਫ-ਸਫਾਈ ਦੇ ਪ੍ਰਬੰਧਾਂ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ
ਫਾਜ਼ਿਲਕਾ | ਜ਼ਿਲੇ ਵਿੱਚ ਬੈਂਕਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਦੇ ਮੰਤਵ ਤਹਿਤ ਜ਼ਿਲ੍ਹਾ ਮੈਜਿਸਟਰੇਟ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ-19 ਦੇ ਮੱਦੇਨਜਰ ਲਗਾਏ ਗਏ ਕਰਫਿਊ ਦੌਰਾਨ 3 ਘੰਟੇ ਦੀ ਛੋਟ ਦਿੰਦਿਆਂ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਬੈਂਕ ਖੋਲਣ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਹਰੇਕ ਬੈਂਕ ਦੀ ਇੱਕ ਬ੍ਰਾਂਚ ਜਾਂ ਲੀਡ ਬੈਂਕ ਮੈਨੇਜਰ ਫਾਜ਼ਿਲਕਾ ਵੱਲੋਂ ਲਏ ਫੈਸਲੇ ਅਨੁਸਾਰ ਫਾਜ਼ਿਲਕਾ ਦੇ ਸ਼ਹਿਰੀ/ਸ਼ਹਿਰ ਦੇ ਨਾਲ ਲਗਦੇ ਖੇਤਰਾਂ ਵਿੱਚ ਘੱਟੋ-ਘੱਟ ਸਟਾਫ ਨਾਲ ਕੰਮ ਕਰਨਗੇ। ਲੀਡ ਬੈਂਕ ਮੈਨੇਜਰ ਫਾਜ਼ਿਲਕਾ ਨੂੰ ਅਧਿਕਾਰਤ ਕੀਤਾ ਗਿਆ ਹੈ ਕਿ ਉਹ ਪੇਂਡੂ ਖੇਤਰਾਂ ਵਿੱਚ ਸਥਿਤ ਬੈਂਕਾਂ ਦੀ ਸੂਚੀ ਤਿਆਰ ਕਰੇ ਅਤੇ ਇਨ੍ਹਾਂ ਬਰਾਂਚਾਂ ਦਾ ਹਫਤੇ ਦੇ ਨਿਸਚਿਤ ਦਿਨਾਂ ਲਈ ਘੱਟੋ-ਘੱਟ ਸਟਾਫ ਅਨੁਸਾਰ ਰੋਸਟਰ ਬਣਾਵੇ। ਇਨ੍ਹਾਂ ਹੁਕਮਾਂ ਅਨੁਸਾਰ ਆਮ ਕੰਮ ਵਾਲੇ ਦਿਨ੍ਹਾਂ ਦੌਰਾਨ ਬੈਂਕਾਂ ਦੇ ਕੰਮਕਾਜ ਲਈ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।
ਇਨ੍ਹਾਂ ਹੁਕਮਾਂ ਅਨੁਸਾਰ ਖੁੱਲਣ ਵਾਲੇ ਬੈਂਕ ਸਿਰਫ ਲੈਣ-ਦੇਣ (ਪ੍ਰਾਪਤੀ ਅਤੇ ਅਦਾਇਗੀ). ਸਰਕਾਰੀ ਲੈਣ-ਦੇਣ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ 26 ਮਾਰਚ ਨੂੰ ਜਾਰੀ ਕੀਤੇ ਹੁਕਮਾਂ ਅਨੁਸਾਰ ਲਾਜਮੀ ਸੇਵਾਵਾਂ ਨਾਲ ਸੰਬੰਧਤ ਕਲੀਅਰਿੰਗ ਦਾ ਕੰਮ ਹੀ ਕੀਤਾ ਜਾਵੇਗਾ। ਕੈਸ ਜਰੂਰਤਾਂ ਦੇ ਮੱਦੇਨਜਰ ਫਾਜ਼ਿਲਕਾ ਵਿੱਚ ‘ਕਰੰਸੀ ਚੈਸਟ’ ( Currency Chest ) ਵੀ ਖੁੱਲ੍ਹੇ ਰਹਿਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਫਾਜ਼ਿਲਕਾ ਵਿੱਚ ਖੁੱਲੇ ਰਹਿਣ ਵਾਲੇ ਬੈਂਕਾਂ ਦੇ ਮੈਨੇਜਰਾਂ ਨੂੰ ਨਿਰਦੇਸ ਦਿੱਤੇ ਹਨ ਕਿ ਉਹ ਆਪਣੀਆਂ ਬਰਾਂਚਾ ਵਿੱਚ ਇੱਕ-ਦੂਜੇ ਨਾਲ ਨਿਰਧਾਰਤ 1 ਮੀਟਰ ਤੋਂ 1.5 ਮੀਟਰ ਤੱਕ ਦੀ ਦੂਰੀ ਬਣਾ ਕੇ ਰੱਖਣ ਦੇ ਨਾਲ-ਨਾਲ ਸਾਫ-ਸਫਾਈ ਦੇ ਪ੍ਰਬੰਧਾਂ ਵੱਲ ਵਿਸ਼ੇਸ਼ ਤਵੱਜੋਂ ਦੇਣ ਅਤੇ ਨਾਲ ਹੀ ਸਟਾਫ ਵੱਲੋਂ ਸੈਨੀਟਾਈਜਰ ਦੀ ਵਰਤੋਂ, ਮਾਸਕ ਅਤੇ ਦਸਤਾਨੇ ਪਹਿਨਣ ਨੂੰ ਯਕੀਨੀ ਬਣਾਉਣ।
ਇਸੇ ਤਰ੍ਹਾਂ ਬੈਂਕਾਂ ਦੇ ਸਟਾਫ, ਕੈਸ ਲਿਆਉਣ ਅਤੇ ਛੱਡਣ ਵਾਲੀਆਂ ਕੰਪਨੀਆਂ ਦੇ ਮੁਲਾਜਮ ਆਦਿ ਨੂੰ ਕਰਫਿਊ ਦੌਰਾਨ ਡਿਊਟੀ ਸੰਬੰਧੀ ਆਵਾਜਾਈ ਲਈ ਇਜਾਜਤ ਦਿੱਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।