ਖਾਲੀ ਪਲਾਟ ਤੇ ਘਰਾਂ ਦੀ ਛੱਤਾਂ ਬਣੀਆਂ ‘ਖੇਡ ਦਾ ਮੈਦਾਨ’
ਨਾਭਾ, (ਤਰੁਣ ਕੁਮਾਰ ਸ਼ਰਮਾ)। ਕਹਿੰਦੇ ਹਨ ਕਿ ਬੰਦ ਪਈ ਘੜੀ ਵੀ ਦਿਨ ਵਿੱਚ ਇੱਕ ਵਾਰ ਸਹੀ ਸਮਾਂ ਦਿਖਾ ਦਿੰਦੀ ਹੈ। ਠੀਕ ਇਸੇ ਪ੍ਰਕਾਰ ਜਿੱਥੇ ਮੌਜੂਦਾ ਸਮੇਂ ਪੂਰੀ ਦੁਨੀਆ ਨੂੰ ਕੋਰੋਨਾ ਵਾਇਰਸ ਨੇ ਮਹਾਂਮਾਰੀ ਦਾ ਰੂਪ ਧਾਰਨ ਕਰਕੇ ਠੱਪ ਜਿਹਾ ਕਰ ਦਿੱਤਾ ਹੈ ਉਥੇ ਕੋਰੋਨਾ ਵਾਇਰਸ ਨੇ ਭਾਰਤ ਦੇ ਲੋਕਾਂ ਵਿੱਚ ਪੁਰਾਤਨ ਸਮੇਂ ਦੀ ਭਾਈਚਾਰਕ ਸਾਂਝ ਅਤੇ ਪਿਆਰ ਨੂੰ ਵੀ ਵਾਪਸ ਲਿਆ ਦਿੱਤਾ ਹੈ। ਕੋਰੋਨਾ ਵਾਇਰਸ ਦੇ ਚੱਲਦਿਆਂ ਮੌਜੂਦਾ ਸਮੇਂ ਪੂਰੀ ਦੁਨੀਆਂ ਹਾਈ ਅਲਰਟ ‘ਤੇ ਚੱਲ ਰਹੀ ਹੈ।
ਭਾਰਤ ਅਤੇ ਪੰਜਾਬ ਸੂਬੇ ਵਿੱਚ ਮੌਜੂਦਾ ਸਮੇਂ ਸਾਰੀਆਂ ਸਰਕਾਰੀ, ਗੈਰ ਸਰਕਾਰੀ, ਅਰਧ ਸਰਕਾਰੀ ਦਫਤਰਾਂ, ਕਾਲਜ, ਸਕੂਲਾਂ, ਰੇਲਵੇ, ਮਿਊਜੀਅਮ, ਸਿਨੇਮਾਘਰ ਆਦਿ ਧਾਰਮਿਕ, ਆਰਥਿਕ, ਸਮਾਜਿਕ, ਸਰਕਾਰੀ ਅਤੇ ਗੈਰ ਸਰਕਾਰੀ ਜਨਤਕ ਥਾਵਾਂ ‘ਤੇ ਭੀੜ ਇੱਕਤਰ ਹੋਣ ਤੋਂ ਰੋਕਣ ਲਈ ਸਰਕਾਰੀ ਤੌਰ ‘ਤੇ ਪਾਬੰਦੀਆਂ ਲਗਾ ਕੇ ਇਨ੍ਹਾਂ ਜਨਤਕ ਥਾਵਾਂ ਨੂੰ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਸਾਰੀਆਂ ਜਨਤਕ ਥਾਵਾਂ ‘ਤੇ ਇੱਕਤਰ ਹੋਣ ਵਾਲੀ ਭੀੜ ਹੁਣ ਆਪਣੇ ਘਰਾਂ ਵਿੱਚ ਕੈਦ ਹੋ ਗਈ ਹੈ।
ਉਪਰੋਕਤ ਸਥਿਤੀ ਤੋਂ ਸਪੱਸ਼ਟ ਹੈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਆਮ ਆਦਮੀ ਤੋਂ ਲੈ ਕੇ ਵੱਡੇ ਉਦਯੋਗਪਤੀ ਤੱਕ ਆਪਣੇ ਕੰਮਕਾਰਾਂ ਤੋਂ ਵਿਹਲੇ ਹੋ ਗਏ ਹਨ। ਘੱਟੋ ਘੱਟ 31 ਮਾਰਚ ਤੱਕ ਜਾਰੀ ਰਹਿਣ ਵਾਲਾ ਲੋਕਾਂ ਦਾ ਇਹ ‘ਵਿਹਲਾਪਣ’ ਜ਼ਿਆਦਾਤਰ ਲੋਕਾਂ ਦੀ ਪਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈ।
ਲੋਕਾਂ ਦੀ ਜਿੰਦਗੀ ਵਿੱਚੋਂ ਅਲੋਪ ਹੁੰਦੀ ਜਾ ਰਹੀ ਮਨੋਰਜਨ ਨਾਮ ਦੀ ਵਸਤੂ ਦੀ ਥਾਂ ‘ਖਾਲੀਪਣ’ ਜਾਂ ਵਿਹਲੇਪਣ ਨੇ ਲੈ ਲਈ ਹੈ। ਪਹਿਲੀ ਨਜਰੇ ਕੋਰੋਨਾ ਵਾਇਰਸ ਨੇ ਭਾਵੇਂ ਮਨੁੱਖੀ ਜਿੰਦਗੀ ਲਈ ਵੱਡੀ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਹੋਵੇ ਪਰੰਤੂ ਭਾਰਤੀ ਸੰਸਕ੍ਰਿਤੀ ਅਤੇ ਭਾਈਚਾਰਕ ਸਾਂਝ ‘ਤੇ ਕੋਰੋਨਾ ਵਾਇਰਸ ਦਾ ਅਨੂਕੂਲ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਦੀ ਉਦਾਹਰਨ ਵਜੋਂ ਗਲੀ ਮੁਹੱਲਿਆ ਵਿੱਚ ਪਰਤੀ ਰੋਣਕ ਤੋਂ ਲਿਆ ਜਾ ਸਕਦਾ ਹੈ। ਕੰਮਕਾਰ ਤੋਂ ਵਿਹਲੇ ਹੋਏ ਲੋਕ ਹੁਣ ਆਪਣੇ ਗਲੀ ਮੁਹੱਲੇ ਦੇ ਉਨ੍ਹਾਂ ਗੁਆਂਢੀਆਂ ਨਾਲ ਮਿਲ ਕੇ ਆਪਸੀ ਗੱਲਾਂ ਸਾਂਝੀਆਂ ਕਰ ਰਹੇ ਹਨ ਜਿਨ੍ਹਾਂ ਨੂੰ ਉਨ੍ਹਾਂ ਪਿਛਲੇ ਦੋ ਦਹਾਕਿਆਂ ਦੀ ਬਤੀਤ ਕੀਤੀ ਤੇਜ਼ ਰਫਤਾਰ ਜਿੰਦਗੀ ਵਿੱਚ ਚੰਗੀ ਤਰ੍ਹਾਂ ਕਦੇ ਮਿਲ ਕੇ ਨਹੀਂ ਦੇਖਿਆ ਸੀ।
ਲੋਕਾਂ ਨੇ ਗਲੀ ਮੁਹੱਲੇ ਵਿੱਚ ਇੱਕ ਦੂਜੇ ਕੋਲ ਖੜਨਾ ਜਾਂ ਗੱਲ ਕਰਨਾ ਸ਼ੁਰੂ ਕਰਕੇ ਮੇਲ ਮਿਲਾਪ ਵੀ ਵਧਾ ਦਿੱਤਾ ਹੈ। ਜਨਤਕ ਥਾਵਾਂ ‘ਤੇ ਪਾਬੰਦੀ ਕਾਰਨ ਘਰਾਂ ਨੇੜਲੇ ਖਾਲੀ ਪਲਾਟ, ਗਲੀਆਂ ਜਾਂ ਘਰਾਂ ਦੀਆਂ ਛੱਤਾਂ ਨੌਜਵਾਨਾਂ ਅਤੇ ਬੱਚਿਆਂ ਲਈ ਖੇਡ ਦਾ ਮੈਦਾਨ ਬਣ ਗਈਆਂ ਹਨ। ਪ੍ਰੀਖਿਆਵਾਂ ਤੋਂ ਵਿਹਲੇ ਹੋਏ ਬੱਚੇ ਬਾਂਦਰ ਕਿੱਲਾ, ਲੁੱਕਣ ਮੀਚੀ, ਚੋਰ ਪੁਲਿਸ, ਡਿਟੀਆਂ, ਬੰਟੇ ਆਦਿ ਪੁਰਾਤਨ ਖੇਡਾਂ ਵੱਲ ਆਕਰਸ਼ਿਤ ਹੋ ਰਹੇ ਹਨ।
ਇੰਟਰਨੈਟ ਅਤੇ ਕੇਬਲ ਦੀ ਬਾਦਸ਼ਾਹਤ ਹੋਣ ਦੇ ਬਾਵਜੂਦ ਗਲੀ ਮੁਹੱਲਿਆਂ ਵਿੱਚ ਤਾਸ਼, ਲੂਡੋ, ਕੈਰਮ ਬੋਰਡ, ਫੁੱਟਬਾਲ ਅਤੇ ਕ੍ਰਿਕਟ ਆਦਿ ਖੇਡਾਂ ਖੇਡਦੇ ਨੌਜਵਾਨ ਅਤੇ ਬਜੁਰਗ ਲੋਕਾਂ ਦੇ ਝੁੰਡ ਆਮ ਤੌਰ ‘ਤੇ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਉਪਰੋਕਤ ਸਥਿਤੀ ਨੂੰ ਦੇਖ ਕੇ ਦੋ ਦਹਾਕੇ ਦੀ ਪਹਿਲਾਂ ਵਾਲੀ ਨਿਰਸਵਾਰਥੀ, ਭਾਈਚਾਰਕ ਸਾਂਝ, ਨਿੱਘੇ ਪਿਆਰ ਅਤੇ ਮਾਸੂਮੀਅਤ ਨਾਲ ਭਰੀ ਉਸ ਜਿੰਦਗੀ ਦੀਆਂ ਯਾਦਾਂ ਤਾਜਾ ਹੋ ਜਾਂਦੀਆ ਹਨ ਜਿਸ ਨੂੰ ਅੱਜ ਦੀ ਤੇਜ਼ ਰਫਤਾਰ ਭਰੀ ਭੌਤਿਕਵਾਦੀ ਜਿੰਦਗੀ ਨੇ ਸਾਡੇ ਤੋਂ ਖੋਹ ਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।