ਹੁਣ ਤੱਕ ਕੁੱਲ 41, 76, 770 ਨਸ਼ੀਲੀਆਂ ਗੋਲੀਆਂ, ਕੈਪਸ਼ੂਲ ਤੇ ਟੀਕੇ ਤੇ 41, 20, 000 ਦੀ ਡਰੱਗ ਮਨੀ ਬਰਾਮਦ
ਬਰਨਾਲਾ, (ਜਸਵੀਰ ਸਿੰਘ/ ਰਜਿੰਦਰ) ਨਸ਼ਿਆਂ ਤੇ ਨਸ਼ਾਂ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਬਰਨਾਲਾ ਪੁਲਿਸ ਵੱਲੋਂ ਹੁਣ ਤੱਕ ਕੁੱਲ 40, 60, 000 ਦੀ ਡਰੱਗ ਮਨੀ, 1, 60, 590 ਨਸ਼ੀਲੀਆਂ ਗੋਲੀਆਂ, ਕੈਪਸ਼ੂਲ ਤੇ ਟੀਕਿਆਂ ਸਮੇਤ ਕੁੱਲ 8 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜਿੰਨ੍ਹਾਂ ‘ਚੋਂ ਚਾਰ ਨੂੰ ਜ਼ਿਲ੍ਹਾ ਜ਼ੇਲ੍ਹ ਭੇਜੇ ਜਾਣ ਤੋਂ ਇਲਾਵਾ 4 ਜਣੇ ਪੁਲਿਸ ਰਿਮਾਂਡ ‘ਤੇ ਹਨ।
ਇਸ ਸਬੰਧੀ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਬਰਨਾਲਾ ਪੁਲਿਸ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ। ਇਸੇ ਲੜੀ ਨੂੰ ਬਰਕਰਾਰ ਰੱਖਦਿਆਂ ਨਰੇਸ਼ ਮਿੱਤਲ ਦੀ ਨਿਸ਼ਾਨਦੇਹੀ ‘ਤੇ ਤਾਇਬ ਕੁਰੈਸ਼ੀ ਦੀ ਸਾਂਝੀ ਪੁੱਛਗਿੱਛ ਪਿੱਛੋਂ ਰੁਪੇਸ਼ ਕੁਮਾਰ ਮਾਲਕ ਸਿਵਮ ਮੈਡੀਕਲ ਹਾਲ ਬਰਨਾਲਾ, ਪ੍ਰੇਮ ਕੁਮਾਰ ਮਾਲਕ ਐਨਐਸ ਮੈਡੀਕਲ ਹਾਲ ਬਰਨਾਲਾ ਤੇ ਹਰਦੀਪ ਕੁਮਾਰ ਉਰਫ਼ ਬੱਬੂ ਮਾਲਕ ਸ੍ਰੀ ਕ੍ਰਿਸ਼ਨਾ ਮੈਡੀਕਲ ਹਾਲ ਬਰਨਾਲਾ ਦੇ ਕਬਜ਼ੇ ‘ਚੋਂ 3000 ਨਸ਼ੀਲੀਆਂ ਗੋਲੀਆਂ ਅਤੇ 60 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ, ਇਸ ਪਿੱਛੋਂ ਰੁਪੇਸ਼ ਕੁਮਾਰ ਦੀ ਨਿਸ਼ਾਨਦੇਹੀ ‘ਤੇ 3440 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।
ਉਨ੍ਹਾਂ ਦੱਸਿਆ ਕਿ ਇੱਥੇ ਵੀ ਬੱਸ ਨਹੀਂ ਹੋਈ, ਪੁਲਿਸ ਨੇ ਅਗਲੀ ਤਫ਼ਤੀਸ ਤਹਿਤ ਰਜਿੰਦਰ ਕੁਮਾਰ ਵਾਸੀ ਮਲੇਰਕੇਟੋਲਾ ਮਾਲਕ ਆਰ ਕੇ ਫਰਮਾ ਮਲੇਰਕੋਟਲਾ ਦੇ ਕਬਜ਼ੇ ਵਿੱਚੋਂ ਹੁਣ ਤੱਕ 1, 60, 590 ਨਸ਼ੀਲੀਆਂ ਗੋਲੀਆਂ ਅਤੇ 35, 60, 000 ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ‘ਚ ਹੁਣ ਤੱਕ ਕੁੱਲ 8 ਜਣਿਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਜਿਨ੍ਹਾਂ ਪਾਸੋਂ ਕੁੱਲ 41, 76, 770 ਨਸ਼ੀਲੀਆਂ ਗੋਲੀਆਂ, ਕੈਪਸ਼ੂਲ ਤੇ ਟੀਕੇ ਅਤੇ ਕੁੱਲ 41, 20, 000 ਦੀ ਡਰੱਗ ਮਨੀ ਬਰਾਮਦ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਸਬੰਧਿਤ ਕੇਸ ‘ਚ ਅਜੇ ਹੋਰ ਵੀ ਕਈ ਅਹਿਮ ਖੁਲਾਸ਼ੇ ਹੋਣ ਦੀ ਆਸ਼ ਪ੍ਰਗਟ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਸਮੇਤ ਕਪਤਾਨ ਪੁਲੀਸ (ਡੀ) ਸੁਖਦੇਵ ਸਿੰਘ ਵਿਰਕ, ਆਰ ਐਸ ਦਿਉਲ, ਸੀਆਈਏ ਇੰਚਾਰਜ਼ ਬਲਜੀਤ ਸਿੰਘ ਤੋਂ ਇਲਾਵਾ ਹੋਰ ਵੀ ਪੁਲੀਸ ਕਰਮਚਾਰੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।