16 ਮਾਰਚ ਨੂੰ ਪਾਵਰਕੌਮ ਅੱਗੇ ਧਰਨੇ ਅਤੇ ਮੋਤੀ ਮਹਿਲ ਦੇ ਕੁਨੈਕਸ਼ਨ ਕੱਟਣ ਦਾ ਪ੍ਰੋਗਰਾਮ ਟਲਿਆ
ਕੋਰੋਨਾ ਵਾਇਰਸ ਦੇ ਡਰੋਂ ਨਹੀਂ ਹੋਵੇਗਾ ਰੋਸ਼ ਪ੍ਰਦਰਸ਼ਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਬਿਜਲੀ ਦੇ ਵਧੇ ਰੇਟਾਂ ਖਿਲਾਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ 16 ਮਾਰਚ ਨੂੰ ਬਿਜਲੀ ਕੁਨੈਕਸ਼ਨ ਕੱਟਣ ਦੇ ਕੀਤੇ ਐਲਾਨ ਤੋਂ ਫਿਲਹਾਲ ਪਿੱਛੇ ਹੱਟ ਗਈ ਹੈ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਨੂੰ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਧਰਨਾ ਲਾਉਣ ਦੀ ਪਰਮਿਸ਼ਨ ਵੀ ਨਹੀਂ ਮਿਲੀ। ਪਿਛਲੇ ਕਈ ਦਿਨਾਂ ਤੋਂ ਆਮ ਆਦਮੀ ਪਾਰਟੀ ਵੱਲੋਂ ਮੋਤੀ ਮਹਿਲ ਦੇ ਕੁਨੈਕਸ਼ਨ ਕੱਟਣ ਨੂੰ ਲੈ ਕੇ ਬਿਆਨ ਦਾਗੇ ਜਾ ਰਹੇ ਸਨ।
ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਪੰਜਾਬ ਅੰਦਰ ਪ੍ਰਾਈਵੇਟ ਥਰਮਲਾਂ ਨਾਲ ਹੋਏ ਬਿਜਲੀ ਸਮਝੌਤਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਘਿਰੀ ਹੋਈ ਹੈ। ਵਿਰੋਧੀ ਧਿਰਾਂ ਵੱਲੋਂ ਕਾਂਗਰਸ ‘ਤੇ ਮਹਿੰਗੇ ਹੋਏ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਵਿਧਾਨ ਸਭਾ ਵਿੱਚ ਵੀ ਇਨ੍ਹਾਂ ਸਮਝੌਤਿਆਂ ਨੂੰ ਲੈ ਕੇ ਵੱਡਾ ਬਵਾਲ ਕੀਤਾ ਗਿਆ ਸੀ। ਆਮ ਆਦਮੀ ਪਾਰਟੀ ਵੱਲੋਂ ਦਿੱਲੀ ਚੋਣਾਂ ਵਿੱਚ ਕੀਤੀ ਬੇਜੋੜ ਜਿੱਤ ਤੋਂ ਬਾਅਦ ਪੰਜਾਬ ਅੰਦਰ ਵੀ ਆਪਣੀ ਹਵਾ ਨੂੰ ਬਣਾਉਣ ਲਈ ਦਿੱਲੀ ਦੀ ਤਰਜ਼ ‘ਤੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਕਾਂਗਰਸ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।
ਪੰਜਾਬ ਅੰਦਰ ਲੋਕਾਂ ਨੂੰ ਮਿਲ ਰਹੀ ਮਹਿੰਗੀ ਬਿਜਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਕਰਕੇ 16 ਮਾਰਚ ਨੂੰ ਮੁੱਖ ਮੰਤਰੀ ਦੇ ਮੋਤੀ ਮਹਿਲ ਦਾ ਕੁਨੈਕਸ਼ਨ ਕੱਟਣ ਸਮੇਤ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਧਰਨਾ ਲਾਉਣ ਦਾ ਐਲਾਨ ਕੀਤਾ ਹੋਇਆ ਸੀ। ਇਸ ਐਲਾਨ ਤੋਂ ਬਾਅਦ ਪਟਿਆਲਾ ਦੇ ਕਈ ਲੋਕਲ ਆਗੂਆਂ ਵੱਲੋਂ ਇਸ ਮੁਹਿੰਮ ਨੂੰ ਲੈ ਕੇ ਆਪਣੀਆਂ ਸਰਗਰਮੀਆਂ ਵੀ ਵਿੱਢ ਦਿੱਤੀਆਂ ਸਨ।
ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਬਿਜਲੀ ਕੁਨੈਕਸ਼ਨ ਕੱਟਣ ਦੀ ਹਿੰਮਤ ਨਹੀਂ ਕਰ ਸਕਦੀ, ਕਿਉਂਕਿ ਇੱਕ ਤਾਂ ਆਮ ਆਦਮੀ ਪਾਰਟੀ ਨੂੰ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਧਰਨਾ ਲਾਉਣ ਦੀ ਪਰਮਿਸ਼ਨ ਨਾ ਮਿਲਣ ਦੀ ਗੱਲ ਆਖੀ ਜਾ ਰਹੀ ਹੈ ਜਿਸ ਕਾਰਨ ਇਹ ਧਰਨੇ ਤੇ ਕੁਨੈਕਸ਼ਨ ਕੱਟਣ ਦਾ ਪ੍ਰੋਗਰਾਮ ਫਿਲਹਾਲ ਟਲ ਗਿਆ ਹੈ। ਦੂਜਾ ਕੋਰੋਨਾ ਵਾਇਰਸ ਨੂੰ ਲੈ ਕੇ ਫੈਲੇ ਡਰ ਕਾਰਨ ਇਹ ਪ੍ਰੋਗਰਾਮ ਅਜੇ ਕੈਂਸ਼ਲ ਹੋਣ ਦੀ ਗੱਲ ਆਖੀ ਜਾ ਰਹੀ ਹੈ। ਆਮ ਆਦਮੀ ਪਾਰਟੀ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਬਿਜਲੀ ਦੇ ਮੁੱਦੇ ਨੂੰ ਭਖਾ ਕੇ ਪੰਜਾਬ ਅੰਦਰ ਆਪਣੇ ਖੁੱਸੇ ਸਿਆਸੀ ਰਸੂਖ ਨੂੰ ਕਰੰਟ ਦੇ ਦੇਣ ਰੋਅ ਵਿੱਚ ਸੀ, ਜੋ ਕਿ ਅਜੇ ਪੈਂਡਿੰਗ ਪੈ ਗਿਆ ਹੈ। ਇਸ ਧਰਨੇ ਵਿੱਚ ਆਮ ਆਦਮੀ ਪਾਰਟੀ ਦੀ ਮੂਹਰਲੀ ਕਤਾਰ ਦੇ ਆਗੂਆਂ ਨੇ ਸ਼ਿਰਕਤ ਕਰਨੀ ਸੀ ਅਤੇ ਇੱਥੋਂ ਬਿਜਲੀ ਦੇ ਮਾਮਲੇ ਨੂੰ ਪੰਜਾਬ ਅੰਦਰ ਭਖਾਉਣਾ ਸੀ।
ਮੌਜੂਦਾ ਮਹੌਲ ਕਾਰਨ ਮੁਲਤਵੀ ਕੀਤਾ ਪ੍ਰਦਰਸ਼ਨ: ਹਰਪਾਲ ਚੀਮਾ
ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦਾ ਕਹਿਣਾ ਸੀ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵੱਲੋਂ ਮਾਲ, ਸਿਨੇਮਾ ਘਰ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਲਈ ਅਜਿਹੇ ਮਾਹੌਲ ਵਿੱਚ ਧਰਨਾ ਲਾਉਣਾ ਠੀਕ ਨਹੀਂ ਸੀ। ਉਨ੍ਹਾਂ ਕਿਹਾ ਕਿ ਅਗਲੇ ਸਮੇਂ ਦੌਰਾਨ ਉਕਤ ਸੰਘਰਸ਼ ਦੀ ਰੂਪ ਰੇਖਾ ਦੁਬਾਰਾ ਉਲੀਕੀ ਜਾਵੇਗੀ।
ਅਗਲੇ ਸਮੇਂ ਦੌਰਾਨ ਜ਼ਰੂਰ ਵਿੱਢਾਂਗੇ ਅੰਦੋਲਨ: ਜੋੜਾਮਾਜਰਾ
ਇਸ ਮਾਮਲੇ ਸਬੰਧੀ ਜਦੋਂ ਪਟਿਆਲਾ ਦੇ ਦਿਹਾਤੀ ਪ੍ਰਧਾਨ ਚੇਤਨ ਸਿੰਘ ਜੋੜਾਮਾਜਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਪੁਸ਼ਟੀ ਕਰਦਿਆਂ ਕਿਹਾ ਕਿ 16 ਮਾਰਚ ਦਾ ਬਿਜਲੀ ਅੰਦੋਲਨ ਫਿਲਹਾਲ ਟਲ ਗਿਆ ਹੈ। ਉਨ੍ਹਾਂ ਮੰਨਿਆ ਕਿ ਇੱਕ ਤਾਂ ਉਨ੍ਹਾਂ ਨੂੰ ਪਾਵਰਕੌਮ ਅੱਗੇ ਧਰਨਾ ਲਾਉਣ ਦੀ ਪਰਮਿਸ਼ਨ ਨਹੀਂ ਮਿਲੀ ਅਤੇ ਦੂਜਾ ਕੋਰੋਨਾ ਵਾਇਰਸ ਨੂੰ ਲੈ ਕੇ ਵੀ ਸਾਵਧਾਨੀ ਵਰਤੀ ਗਈ ਹੈ। ਉਨ੍ਹਾਂ ਕਿਹਾ ਕਿ ਮੋਤੀ ਮਹਿਲ ਦੇ ਕੁਨੈਕਸ਼ਨ ਕੱਟਣ ਸਮੇਤ ਧਰਨੇ ਦੇ ਪ੍ਰੋਗਰਾਮ ਸਬੰਧੀ ਮਹੌਲ ਠੀਕ ਹੋਣ ਤੋਂ ਬਾਅਦ ਉਕਤ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।