ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਨੇ ਤਾਣਿਆ ਪੰਜਾਬ ਰੋਡਵੇਜ ਦੇ ਡਰਾਇਵਰ ‘ਤੇ ਪਿਸਤੌਲ

ਬੱਸ ਡਰਾਈਵਰਾਂ ਕੀਤਾ ਫਿਰੋਜ਼ਪੁਰ-ਫਾਜ਼ਿਲਕਾ ਜੀ ਟੀ ਰੋਡ ‘ਤੇ ਚੱਕਾ ਜਾਮ

ਗੁਰੂਹਰਸਹਾਏ,(ਵਿਜੈ ਹਾਂਡਾ)। ਪੰਜਾਬ ਰੋਡਵੇਜ ਦੇ ਡਰਾਇਵਰ ਤੇ ਇੱਕ ਨੌਜਵਾਨ ਵਿੱਚ ਕਿਸੇ ਗੱਲ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਤੋ ਬਾਅਦ ਹੰਗਾਮਾ ਐਨਾ ਵੱਧ ਗਿਆ ਕਿ ਨੌਜਵਾਨ ਵੱਲੋਂ ਪੰਜਾਬ ਰੋਡਵੇਜ਼ ਦੀ ਬੱਸ ਅੱਗੇ ਮੋਟਰਸਾਈਕਲ ਲਾ ਕੇ ਬੱਸ ਦੇ ਡਰਾਇਵਰ ਉੱਪਰ ਪਿਸਤੌਲ ਤਾਣ ਦਿੱਤਾ ਗਿਆ ।

ਜਾਣਕਾਰੀ ਅਨੁਸਾਰ ਮੋਟਰਸਾਈਕਲ ਤੇ ਸਵਾਰ ਨੋਜਵਾਨ ਕਮਲੇਸ਼ ਸਿੰਘ 42 ਪਿੰਡ ਸਵਾਇਆ ਰਾਏ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਲਾਲਾਬਾਦ ਸਾਈਡ ਤੋ ਆ ਰਿਹਾ ਸੀ ਕਿ ਇਸ ਦੋਰਾਨ ਹੀ ਜਲਾਲਾਬਾਦ ਸਾਈਡ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਜਿਸ ਨੂੰ ਡਰਾਈਵਰ ਗੁਰਪ੍ਰੀਤ ਪੁੱਤਰ ਕਸ਼ਮੀਰ ਸਿੰਘ ਵਾਸੀਂ ਜੀਵਾ ਅਰਾਈ ਚਲਾ ਰਿਹਾ ਸੀ ਕਿ ਟੋਲ ਪਲਾਜ਼ਾ ਦੇ ਕੋਲ ਮੋਟਰਸਾਈਕਲ ਨੂੰ ਸਾਈਡ ਮਾਰਨ ਨੂੰ ਲੈ ਕੇ ਮੋਟਰਸਾਈਕਲ ਸਵਾਰ ਨਾਲ ਕਹਾਸੁਣੀ ਹੋ ਗਈ ਤੇ ਮਾਮੂਲੀ ਕਹਾਸੁਣੀ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ । ਮੌਕੇ ‘ਤੇ ਮੌਜ਼ੂਦ ਲੋਕਾਂ ਅਨੁਸਾਰ ਪਿੰਡ ਜੀਵਾ ਅਰਾਈ ਦੇ ਬੱਸ ਸਟੈਂਡ ਕੋਲ ਜਦੋਂ ਪੰਜਾਬ ਰੋਡਵੇਜ਼ ਦੀ ਬੱਸ ਪਹੁੰਚੀ ਤਾਂ ਉਕਤ ਨੌਜਵਾਨ ਕਮਲੇਸ਼ ਨੇ ਬੱਸ ਅੱਗੇ ਮੋਟਰਸਾਈਕਲ ਲਗਾ ਦਿੱਤਾ ਤੇ ਡਰਾਈਵਰ ਉੱਪਰ ਪਿਸਤੌਲ ਤਾਣ ਦਿੱਤਾ ।

ਇਸ ਮੌਕੇ ਪਿੰਡ ਵਾਸੀਆਂ ਵੱਲੋਂ ਨੌਜਵਾਨ ਨੂੰ ਸਮਝਾਉਣ ਤੋਂ ਬਾਅਦ ਮੌਕੇ ਤੇ ਪਿਸਤੌਲ ਸਮੇਤ ਕਾਬੂ ਕਰ ਲਿਆ ਗਿਆ । ਉੱਧਰ ਪੰਜਾਬ ਰੋਡਵੇਜ਼ ਦੇ ਡਰਾਈਵਰਾਂ ਨੂੰ ਜਦੋਂ ਇਸ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਉਹਨਾਂ ਵੱਲੋਂ ਜੀਵਾਂ ਅਰਾਈ ਬੱਸ ਸਟੈਂਡ ਤੇ ਹੀ ਬੱਸਾਂ ਸੜਕ ਦੇ ਵਿਚਕਾਰ ਲਗਾ ਕੇ ਫਿਰੋਜ਼ਪੁਰ-ਫਾਜ਼ਿਲਕਾ ਜੀ ਟੀ ਰੋਡ ਜਾਮ ਕਰ ਦਿੱਤਾ ਗਿਆ ਤੇ ਉਕਤ ਵਿਅਕਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ।

ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ

ਫਿਰੋਜ਼ਪੁਰ-ਫਾਜ਼ਿਲਕਾ ਜੀ ਟੀ ਰੋਡ ਉਪਰ ਜਾਮ ਲੱਗਣ ਕਾਰਨ ਵਾਹਨਾਂ ਦੀਆਂ  ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ । ਇਸ ਦੌਰਾਨ ਸੜਕ ਤੋਂ ਗੁਜ਼ਰ ਰਹੇ  ਹਲਕਾ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਇਸ ਸਬੰਧੀ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ ਤੇ ਉਕਤ ਨੋਜਵਾਨ ਖਿਲਾਫ਼ ਕਾਰਵਾਈ ਦੀ ਗੱਲ ਹੋਣ ਤੋ ਬਾਅਦ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਵੱਲੋਂ ਜਾਮ ਖੋਲ੍ਹ ਦਿੱਤਾ ਗਿਆ ।

ਪਿਸਤੌਲ ਸਮੇਤ ਹਿਰਾਸਤ ਵਿੱਚ ਲਿਆ

ਇਸ ਘਟਨਾ ਦਾ ਪਤਾ ਲੱਗਦਿਆ ਹੀ ਮੋਕੇ ਤੇ ਪਹੁੰਚੇ ਥਾਣਾ ਗੁਰੂਹਰਸਹਾਏ ਦੇ ਸਬ ਇੰਸਪੈਕਟਰ ਮਨਜੀਤ ਸਿੰਘ ਵੱਲੋਂ ਉਕਤ ਨੋਜਵਾਨ ਕਮਲੇਸ਼ ਨੂੰ ਪਿਸਤੌਲ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ । ਇਸ ਮੌਕੇ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ