ਪਹਿਲੇ ਦਿਨ ਨਹੀਂ ਚਲ ਸਕਿਆ ਸੀ ਬਜਟ ਸੈਸ਼ਨ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਕੀਤਾ ਸੀ ਕਾਫ਼ੀ ਹੰਗਾਮਾ
ਆਖਰੀ ਦਿਨ ਭਿੜੇ ਕਾਂਗਰਸੀ ਵਿਧਾਇਕ ਅਤੇ ਅਕਾਲੀ ਵਿਧਾਇਕ, ਮਾਮਲਾ ਹੋ ਗਿਆ ਸੀ ਗੰਭੀਰ
ਪਿਛਲੇ ਸਾਲਾਂ ਨਾਲੋਂ 9 ਦਿਨਾਂ ਦਾ ਲੰਬਾ ਵਿਧਾਨ ਸਭਾ ਦਾ ਰਿਹਾ ਸੈਸ਼ਨ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ (Budget Session) ਵਿੱਚ ਬਜਟ ਇਜਲਾਸ ਬੁੱਧਵਾਰ ਨੂੰ ਖ਼ਤਮ ਹੋ ਗਿਆ ਹੈ। ਇਸ 9 ਦਿਨਾਂ ਬਜਟ ਇਜਲਾਸ ਦੀ ਸ਼ੁਰੂਆਤ ਵੀ ਹੰਗਾਮੇ ਨਾਲ ਹੀ ਹੋਈ ਸੀ ਅਤੇ ਆਖਰੀ ਦਿਨ ਵੀ ਕਾਫ਼ੀ ਜਿਆਦਾ ਹੰਗਾਮਾ ਹੋਇਆ ਹੈ। ਇਸ ਬਜਟ ਸੈਸ਼ਨ ਦੌਰਾਨ ਸ਼ਾਇਦ ਹੀ ਕੋਈ ਦਿਨ ਖ਼ਾਲੀ ਗਿਆ ਹੋਵੇ, ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਅਤੇ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਵਲੋਂ ਹੰਗਾਮਾ ਕਰਦੇ ਹੋਏ ਸਰਕਾਰ ਨੂੰ ਘੇਰਿਆ ਨਾ ਗਿਆ ਹੋਵੇ।
ਇਸ ਬਜਟ ਇਜਲਾਸ ਦੌਰਾਨ ਇਹ ਵੀ ਖਾਸ ਰਿਹਾ ਕਿ ਕਈ ਵਾਰ ਇਹੋ ਜਿਹੀ ਸਥਿਤੀ ਆਈ ਕਿ ਕਾਂਗਰਸੀ ਵਿਧਾਇਕਾਂ ਨੇ ਹੀ ਆਪਣੀ ਸਰਕਾਰ ਨੂੰ ਘੇਰਦੇ ਹੋਏ ਰੱਜ ਕੇ ਨਿਸ਼ਾਨੇ ਸਾਧੇ ਅਤੇ ਇੱਕ ਮੰਤਰੀ ਨੇ ਵੀ ਆਪਣੀ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਕੰਮ ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਉਂਦਿਆਂ ਕਾਫ਼ੀ ਜਿਆਦਾ ਬੁਰਾ ਭਲਾ ਸੁਣਾ ਦਿੱਤਾ। ਬਜਟ ਇਜਲਾਸ ਦੀ ਸ਼ੁਰੂਆਤ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਦਿੱਤੇ ਗਏ ਕਰਤਾਰਪੁਰ ਸਾਹਿਬ ਦੇ ਪ੍ਰਤੀ ਦਿੱਤੇ ਗਏ ਬਿਆਨ ਅਤੇ ਮੰਤਰੀ ਭਾਰਤ ਭੂਸ਼ਨ ਆਸੂ ‘ਤੇ ਲਗੇ ਦੋਸ਼ਾਂ ਦੇ ਕਾਰਨ, ਹੰਗਾਮੇ ਨਾਲ ਹੋਈ ਸੀ।
ਜਿਸ ਕਾਰਨ ਪਹਿਲੇ ਦਿਨ ਕਈ ਵਾਰ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ ਸੀ ਅਤੇ ਵਿਧਾਇਕਾਂ ਨੂੰ ਨੇਮ ਕਰਨ ਵਰਗੀ ਨੌਬਤ ਤੱਕ ਆ ਗਈ ਸੀ। ਇਥੇ ਹੀ ਆਖਰੀ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਵਾਕ ਆਉਟ ਦੇ ਨਾਲ ਹੀ ਅਕਾਲੀ ਵਿਧਾਇਕ ਪਵਨ ਟੀਨੂੰ ਦਾ ਵਿਧਾਨ ਸਭਾ ਵਿੱਚ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨਾਲ ਟਾਕਰਾ ਹੋ ਗਿਆ ਸੀ ਜਿਥੇ ਕਿ ਹੱਥੋਂ ਪਾਈ ਦੀ ਨੌਬਤ ਤੱਕ ਆ ਗਈ ਸੀ।
ਇਸ ਹੰਗਾਮੇਦਾਰ ਬਜਟ ਇਜਲਾਸ ਦੌਰਾਨ ਆਖਰੀ ਦਿਨ ਸਰਕਾਰ ਨੇ 5 ਬਿਲ ਵੀ ਪਾਸ ਕਰਵਾਏ ਹਨ। ਸਰਕਾਰ ਵੱਲੋਂ ਪੰਜਾਬ ਪ੍ਰਾਈਵੇਟ ਹੈਲਥ ਸਾਇੰਸਜ਼ ਐਜੂਕਸ਼ਨਲ ਇੰਸਟੀਚਿਊਸ਼ਨਜ਼ ਸੋਧ ਬਿਲ 2020, ਪੰਜਾਬ ਜੇਲਾਂ ਵਿਕਾਸ ਬੋਰਡ ਬਿਲ 2020, ਦੀ ਪੰਜਾਬ ਮੈਨੇਜਮੈਂਟ ਐਂਡ ਟਰਾਂਸਫਰ ਆਫ਼ ਮਿਊਂਸਪਲ ਪ੍ਰਾਪਰਟੀਜ਼ ਬਿਲ 2020, ਪੰਜਾਬ ਵਿੱਤੀ ਜਿੰਮੇਵਾਰੀ ਅਤੇ ਬਜਟ ਪ੍ਰਬੰਧ ਸੋਧ ਬਿਲ 2020 ਅਤੇ ਦੀ ਪੰਜਾਬ ਸਲੱਮ ਡਵੈਲਰਜ਼ (ਪ੍ਰੋਪਰਾਇਟਰੀ ਰਾਈਟਸ) ਬਿਲ 2020 ਪੇਸ਼ ਕਰਦੇ ਹੋਏ ਪਾਸ ਕਰਵਾਇਆ ਗਿਆ।
ਲੋਕਾਯੁਕਤ ਬਿਲ ਨਹੀਂ ਕੀਤਾ ਪੇਸ਼, ਕੈਬਨਿਟ ‘ਚ ਕੀਤਾ ਸੀ ਪਾਸ
ਪੰਜਾਬ ਸਰਕਾਰ ਨੇ ਆਪਣੇ ਇਸ ਬਜਟ ਸੈਸ਼ਨ ਦੌਰਾਨ ਲੋਕਾਯੁਕਤ ਬਿਲ 2020 ਪੇਸ਼ ਹੀ ਨਹੀਂ ਕੀਤਾ, ਬੀਤੇ ਦਿਨੀਂ ਹੋਈ ਕੈਬਨਿਟ ਮੀਟਿੰਗ ਵਿੱਚ ਇਸ ਬਿਲ ਨੂੰ ਪਾਸ ਕੀਤਾ ਗਿਆ ਸੀ। ਕੈਬਨਿਟ ਵਿੱਚੋਂ ਇਸ ਬਿਲ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਆਸ ਸੀ ਕਿ ਇਸੇ ਬਜਟ ਸੈਸ਼ਨ ਵਿੱਚ ਇਸ ਬਿਲ ਨੂੰ ਪੇਸ਼ ਕਰਦੇ ਹੋਏ ਪਾਸ ਕਰਵਾ ਲਿਆ ਜਾਏਗਾ ਪਰ ਇੰਜ ਨਹੀਂ ਹੋ ਸਕਿਆ। ਬਜਟ ਸੈਸ਼ਨ ਦੇ ਆਖਰੀ ਦਿਨ ਕੁਲ 5 ਬਿੱਲ ਹੀ ਪੇਸ਼ ਕੀਤੇ ਗਏ ਸਨ, ਜਿਸ ਵਿੱਚ ਲੋਕਾਯੁਕਤ ਬਿਲ 2020 ਪੇਸ਼ ਹੀ ਨਹੀਂ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।