ਅਮਰਿੰਦਰ ਸਿੰਘ ਅੱਗੇ ਝੱਗ ਵਾਂਗ ਬੈਠ ਗਈਆਂ ਵਿਰੋਧੀ ਧਿਰਾਂ, ਕੁਝ ਮਿੰਟਾਂ ‘ਚ ਹੀ ਸ਼ਾਂਤ ਹੋਏ ਵਿਰੋਧੀ ਵਿਧਾਇਕ

ਸਦਨ ਵਿੱਚ ਇੱਕ ਦਿਨ ਪਹਿਲਾਂ ਤੱਕ ਚਲਣ ਨਹੀਂ ਦੇ ਰਹੀਆਂ ਸਨ ਵਿਰੋਧੀ ਧਿਰਾਂ, ਅਮਰਿੰਦਰ ਸਿੰਘ ਨੇ ਆਉਂਦੇ ਸਾਰ ਹੀ ਹੋਏ ਚੁੱਪ

ਗਲਤੀ ਹਰ ਇਨਸਾਨ ਤੋਂ ਹੁੰਦੀ ਐ, ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਮੁਆਫ਼ੀ ਮੰਗ ਲਈ ਗਈ ਐ ਮਾਮਲਾ ਖ਼ਤਮ : ਅਮਰਿੰਦਰ ਸਿੰਘ

ਚੰਡੀਗੜ, (ਅਸ਼ਵਨੀ ਚਾਵਲਾ)। ਪਿਛਲੇ ਦੋ ਦਿਨਾਂ ਤੋਂ ਵਿਧਾਨ ਸਭਾ ਦੇ ਅੰਦਰ ਪ੍ਰਦਰਸ਼ਨ ਕਰਦੇ ਹੋਏ ਸਦਨ ਦੀ ਕਾਰਵਾਈ ਨਾ ਚਲਣ ਦਾ ਐਲਾਨ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਮੰਗਲਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ (Amarinder Singh) ਦੇ ਸਦਨ ਵਿੱਚ ਆਉਂਦੇ ਸਾਰ ਹੀ ਝੱਗ ਵਾਂਗ ਬੈਠ ਗਈਆਂ। ਇਨਾਂ ਦੋਹਾਂ ਵਲੋਂ ਕੋਈ ਵਿਰੋਧ ਕਰਨਾ ਤਾਂ ਦੂਰ ਜਿਆਦਾ ਬਹਿਸਬਾਜੀ ਤੱਕ ਨਹੀਂ ਕੀਤੀ ਗਈ। ਡੀ.ਜੀ.ਪੀ. ਦਿਨਕਰ ਗੁਪਤਾ ਦੇ ਮਾਮਲੇ ਵਿੱਚ ਦੋਵੇਂ ਵਿਰੋਧੀ ਪਾਰਟੀਆਂ ਵਲੋਂ ਕੋਈ ਜਿਆਦਾ ਵਿਰੋਧ ਕਰਨ ਦੀ ਥਾਂ ‘ਤੇ ਅਮਰਿੰਦਰ ਸਿੰਘ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਹੀ ਸੰਤੁਸ਼ਟੀ ਜ਼ਾਹਿਰ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਦੋਹੇ ਵਿਰੋਧੀ ਧਿਰਾਂ ਨੇ ਵਿਧਾਨ ਸਭਾ ਦੇ ਅੰਦਰ ਸਦਨ ਦੀ ਕਾਰਵਾਈ ਵਿੱਚ ਵੀ ਭਾਗ ਲਿਆ।

ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਬੀਤੇ ਦਿਨ ਸੋਮਵਾਰ ਨੂੰ ਸਾਰਾ ਦਿਨ ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਸ੍ਰੀ ਕਰਤਾਰ ਪੁਰ ਸਾਹਿਬ ਦੇ ਮੁੱਦੇ ‘ਤੇ ਦਿੱਤੇ ਗਏ ਬਿਆਨ ਬਾਰੇ ਕਾਫ਼ੀ ਜਿਆਦਾ ਹੰਗਾਮਾ ਕੀਤਾ ਸੀ ਅਤੇ ਸਦਨ ਦੀ ਕਾਰਵਾਈ ਲਗਾਤਾਰ 4 ਵਾਰ ਮੁਲਤਵੀ ਤੱਕ ਕਰਨੀ ਪਈ ਸੀ। ਮੰਗਲਵਾਰ ਨੂੰ ਵੀ ਸਦਨ ਦੀ ਕਾਰਵਾਈ ਚੱਲਣ ‘ਚ ਸ਼ੰਕਾ ਜ਼ਾਹਿਰ ਕੀਤਾ ਜਾ ਰਿਹਾ ਸੀ, ਕਿਉਂਕਿ ਦੋਵੇਂ ਵਿਰੋਧੀ ਧਿਰਾਂ ਵੱਲੋਂ ਮੁੜ ਤੋਂ ਹੰਗਾਮਾ ਕਰਨ ਦਾ ਇਸ਼ਾਰਾ ਕਰ ਦਿੱਤਾ ਗਿਆ ਸੀ ਪਰ ਮੰਗਲਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਸਾਰ ਹੀ ਸਾਰਾ ਕੁਝ ਉਲਟਾ ਹੀ ਦਿਖਾਈ ਦੇ ਰਿਹਾ ਸੀ।

ਅਮਰਿੰਦਰ ਸਿੰਘ ਨੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਸਾਰ ਪ੍ਰਸ਼ਨ ਕਾਲ ਤੋਂ ਪਹਿਲਾਂ ਆਪਣਾ ਬਿਆਨ ਦੇਣ ਲਈ ਸਪੀਕਰ ਰਾਣਾ ਕੇ.ਪੀ. ਸਿੰਘ ਤੋਂ ਇਜਾਜ਼ਤ ਮੰਗੀ। ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਡੀਜੀਪੀ ਦਿਨਕਰ ਗੁਪਤਾ ਦੇ ਮਾਮਲੇ ਵਿੱਚ ਕਿਹਾ ਕਿ ਪਾਕਿਸਤਾਨ ਦੀ ਆਈ.ਐਸ.ਆਈ. ਵਲੋਂ ਦੇਸ਼ ਸਣੇ ਪੰਜਾਬ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਹੀ ਲਗਾਤਾਰ ਪੰਜਾਬ ਵਿੱਚ ਹਥਿਆਰ ਭੇਜਦੇ ਹੋਏ ਇੱਥੇ ਮੁੜ ਤੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਸ਼ ਕੀਤੀ ਜਾ ਰਹੀਂ ਹੈ।

ਉਨਾਂ ਕਿਹਾ ਕਿ ਪੰਜਾਬ ਵਿੱਚ ਆਈ.ਐਸ.ਆਈ. ਦੇ ਕੋਈ ਨਾਲ ਕੋਈ ਲੋਕ ਤਾਂ ਬੈਠੇ ਹੀ ਹਨ, ਜਿਹੜੇ ਕਿ ਇਸ ਤਰਾਂ ਦੀ ਨਸ਼ੇ ਅਤੇ ਹਥਿਆਰਾਂ ਦੀ ਖੇਪ ਨੂੰ ਲੈਂਦੇ ਹੋਏ ਉਨਾਂ ਨੂੰ ਅੱਗੇ ਭੇਜਣ ਵਿੱਚ ਲਗੇ ਹੋਏ ਹਨ। ਉਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਵਿੱਚ ਹਰ ਕਿਸੇ ਦੀ ਸ਼ਰਧਾ ਜੁੜੀ ਹੋਈ ਹੈ ਅਤੇ ਇਸ ਲਈ ਹਰ ਕੋਈ ਅਰਦਾਸ ਵੀ ਕਰ ਰਿਹਾ ਸੀ ਪਰ ਇਸ ਨਾਲ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਹੈ।

ਉਨਾਂ ਕਿਹਾ ਕਿ ਡੀ.ਜੀ.ਪੀ. ਦਿਨਕਰ ਗੁਪਤਾ ਨੇ ਜਿਹੜਾ ਬਿਆਨ ਦਿੱਤਾ ਹੈ, ਉਸ ਲਈ ਉਨਾਂ ਨੇ ਬਕਾਇਦਾ ਮੁਆਫ਼ੀ ਮੰਗ ਲਈ ਹੈ ਅਤੇ ਕਿਹੜਾ ਇਹੋ  ਜਿਹਾ ਇਨਸਾਨ ਹੈ, ਜਿਹੜਾ ਕਦੇ ਗਲਤੀ ਨਹੀਂ ਕਰਦਾ ਹੈ  ਉਨ੍ਹਾਂ ਕਿਹਾ ਕਿ ਦਿਨਕਰ ਗੁਪਤਾ ਨੇ ਜਿਹੜਾ ਗਲਤ ਬੋਲਿਆ ਹੈ, ਉਸ ਲਈ ਮੁਆਫ਼ੀ ਮੰਗ ਚੁੱਕੇ ਹਨ। ਇਸ ਲਈ ਇਸ ਮੁੱਦੇ ਨੂੰ ਇਥੇ ਹੀ ਬੰਦ ਕਰ ਦੇਣਾ ਚਾਹੀਦਾ ਹੈ।

ਮੁੱਖ ਮੰਤਰੀ ਦੇ ਬਿਆਨ ਤੋਂ ਬਾਦ ਇਸ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠਿਆ ਨੇ ਵੱਲੋਂ ਇਸ ਮਾਮਲੇ ਨੂੰ ਅੱਗੇ ਨਾ ਵਧਾਉਣ  ਦਾ ਇਸ਼ਾਰਾ ਵੀ ਕਰ ਦਿੱਤਾ। ਆਮ ਆਦਮੀ ਪਾਰਟੀ ਨੇ ਵੀ ਇਸ ਮਾਮਲੇ ਵਿੱਚ ਕੁਝ ਜਿਆਦਾ ਵਿਰੋਧ ਨਹੀਂ ਕੀਤਾ।

ਭਾਰਤ ਭੂਸ਼ਨ ਆਸੂ ਦੇ ਮੁੱਦੇ ‘ਤੇ ਹੰਗਾਮਾ ਅਤੇ ਵਾਕ ਆਉਟ

ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸੂ ਦੇ ਮੁੱਦੇ ‘ਤੇ ਅਮਰਿੰਦਰ ਸਿੰਘ ਵਲੋਂ ਬਿਆਨ ਦਿੰਦੇ ਹੋਏ ਵਿਰੋਧੀ ਧਿਰਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਪਰ ਇਸ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਹੰਗਾਮਾ ਕਰਦੇ ਹੋਏ ਕਿਹਾ ਕਿ ਭਾਰਤ ਭੂਸ਼ਨ ਆਸੂ ਦੇ ਮਾਮਲੇ ਵਿੱਚ ਅਜੇ ਵੀ ਕੇਸ ਚਲ ਰਹੇ ਹਨ ਅਤੇ ਇਨਾਂ ਮਾਮਲੇ ਵਿੱਚ ਚਲਾਨ ਪੇਸ਼ ਨਹੀਂ ਹੋਇਆ ਹੈ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਦੋਂ ਇਨਾਂ ਕੇਸ ਚਲਾਨ ਪੇਸ਼ ਕਰਦਿਆਂ ਕੇਸ ਦੀ ਪੈਰਵੀ ਨੂੰ ਅੱਗੇ ਵਧਾਉਣ ਦਾ ਕੰਮ ਕਰਨਗੇ।

ਇਸ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਕੋਈ ਵੀ ਜੁਆਬ ਦੇਣ ਦੀ ਥਾਂ ‘ਤੇ ਸਿਰਫ਼ ਇੰਨਾਂ ਹੀ ਕਿਹਾ ਗਿਆ ਕਿ ਟਾਡਾ ਮਾਮਲੇ ਵਿੱਚ ਜੁਡੀਸੀਅਲ ਕਮਿਸ਼ਨ ਵਲੋਂ ਭਾਰਤ ਭੂਸ਼ਨ ਆਸੂ ਨੂੰ ਨਿਰਦੋਸ਼ ਸਾਬਤ ਕੀਤਾ ਗਿਆ ਹੈ ਅਤੇ ਅਦਾਲਤ ਵੱਲੋਂ ਵੀ ਉਨਾਂ ਨੂੰ ਬਰੀ ਕੀਤਾ ਗਿਆ ਹੈ, ਇਸ ਲਈ ਹੁਣ ਇੰਨੇ ਪੁਰਾਣੇ ਮਾਮਲੇ ਨੂੰ ਖੋਲਣ ਦੀ ਜਰੂਰਤ ਨਹੀਂ ਹੈ। ਇਸ ‘ਤੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਹੰਗਾਮਾ ਕਰਦੇ ਹੋਏ ਸਦਨ ਦੀ ਕਾਰਵਾਈ ਵਿੱਚੋਂ ਵਾਕ ਆਉਟ ਕਰ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।