ਪੱਕਾ ਮੋਰਚਾ ਲਾਉਣ ਵਾਲੇ ਹੈਲਥ ਵਰਕਰਾਂ ਨਾਲ ਧੱਕਾ-ਮੁੱਕੀ, ਟੈਂਟ ਨਾ ਲੱਗਣ ਦਿੱਤਾ
ਟੈਟ ਦਾ ਸਮਾਨ ਲੈ ਕੇ ਆਇਆ ਵਾਹਣ ਪੁਲਿਸ ਨੇ ਦਬਕੇ ਨਾਲ ਦਬੱਲਿਆ
ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਨੇ ਤਰਪਾਲ ਵਿਛਾ ਕੇ ਖੁੱਲੇ ਆਸਮਾਨ ਹੇਠ ਹੀ ਠੋਕਿਆ ਪੱਕਾ ਮੋਰਚਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਸ਼ਹਿਰ ਦਾ ਪੁਲਿਸ ਪ੍ਰਸ਼ਾਸਨ (Chief Minister City) ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਮੋਰਚੇ ਲਾਉਣ ਵਾਲੇ ਕਾਰਕੁੰਨਾਂ ਨਾਲ ਧੱਕਾ ਮੁੱਕੀ ਤੇ ਉੱਤਰ ਆਇਆ ਹੈ। ਇੱਥੋਂ ਤੱਕ ਕਿ ਧਰਨੇ ਸਬੰਧੀ ਟੈਂਟ ਆਦਿ ਦਾ ਸਮਾਨ ਲੈ ਕੇ ਆਉਣ ਵਾਲੇ ਵਾਹਣਾਂ ਦੇ ਕਾਰਕੁੰਨਾਂ ਨੂੰ ਵੀ ਡਰਾ-ਧਕਮਾ ਭਜਾਉਣ ਲੱਗਿਆ ਹੈ। ਅੱਜ ਪੁਲਿਸ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕੌਮ ਦੇ ਦਫ਼ਤਰ ਸਾਹਮਣੇ ਬਰਾਂਦਾਰੀ ਬਾਗ ਵਿਖੇ ਪੱਕਾ ਮੋਰਚਾ ਲਾਉਣ ਵਾਲੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਾਂ ਦਾ ਟੈਂਟ ਨਾ ਲੱਗਣ ਦਿੱਤਾ। ਇਸ ਦੌਰਾਨ ਪੁਲਿਸ ਦੀ ਇਨ੍ਹਾਂ ਵਰਕਰਾਂ ਨਾਲ ਧੱਕਾ ਮੁੱਕੀ ਵੀ ਹੋਈ। ਇੱਧਰ ਇਨ੍ਹਾਂ ਹੈਲਥ ਵਰਕਰਾਂ ਵੱਲੋਂ ਖੁੱਲੇ ਆਸਮਾਨ ਹੇਠ ਹੀ ਆਪਣਾ ਮੋਰਚਾ ਠੋਕ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ‘ਚ ਬੈਚੇਨੀ ਪੈਦਾ ਹੋ ਗਈ।
ਜਾਣਕਾਰੀ ਅਨੁਸਾਰ ਅੱਜ ਬਾਰਾਂਦਰੀ ਗਾਰਡਨ ਕੋਲ ਇਕਠੇ ਹੋਏ ਬੇਰੁਜ਼ਗਾਰ ਹੈਲਥ ਵਕਰਕਾਂ ਨੇ ਜਿਵੇਂ ਹੀ ਆਪਣੇ ਪੱਕੇ ਮੋਰਚੇ ਲਈ ਟੈਂਟ ਲਗਾਉਣਾ ਸ਼ੁਰੂ ਕੀਤਾ ਤਾਂ ਪੁਲਿਸ ਨੇ ਜਬਰੀ ਟੈਂਟ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਦੌਰਾਨ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਟੈਂਟ ਆਦਿ ਦੇ ਸਮਾਨ ਵਾਲੇ ਛੋਟੇ ਹਾਥੀ ਦੇ ਕਾਰਕੁੰਨਾਂ ਨੂੰ ਗਾਲੀ ਗਲੋਚ ਕਰਕੇ ਇੱਕ ਪੁਲਿਸ ਮੁਲਾਜ਼ਮ ਵਿੱਚ ਬੈਠ ਕੇ ਪਤਾ ਨਹੀਂ ਕਿੱਥੇ ਲੈ ਗਏ।
ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਕਿਹਾ ਗਿਆ ਕਿ ਉਹ ਇੱਥੇ ਮੋਰਚਾ ਨਾ ਲਾਉਣ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਅਸੀਂ ਆਪਣੀ ਪੁਰਾਣੀ ਤਰਪਾਲ ਵਿਛਾ ਕੇ ਬਿਨਾਂ ਕਿਸੇ ਟੈਂਟ ਤੋਂ ਖੁੱਲੇ ਵਿੱਚ ਹੀ ਆਪਣਾ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਰਕਾਰ ਅਤੇ ਸਿਹਤ ਮੰਤਰੀ ਖਿਲਾਫ ਟਾਲ ਮਟੋਲ ਕਰਨ ਦੀ ਨੀਤੀ ਖਿਲਾਫ਼ ਜਬਰਦਸਤ ਨਾਅਰੇਬਾਜੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੀ ਤਰਫ਼ ਤੋਂ ਪੁੱਜੇ ਤਹਿਸੀਲਦਾਰ ਨੇ ਬੇਰੁਜ਼ਗਾਰਾਂ ਦੀ ਸਿਹਤ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਪਰ ਬੇਰੁਜ਼ਗਾਰ ਲਿਖਤੀ ਮੀਟਿੰਗ ਲੈਣ ਲਈ ਅੜੇ ਰਹੇ ਅਤੇ ਇਸ ਸਬੰਧੀ ਕੋਈ ਸਹਿਮਤੀ ਨਹੀਂ ਬਣ ਸਕੀ। ਇਸ ਮੌਕੇ ਯੂਨੀਅਨ ਆਗੂ ਤਰਲੋਚਨ ਨਾਗਰਾ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ ਤਿੰਨ ਸਾਲ ਤੋਂ ਆਪਣੀ ਭਰਤੀ ਦੀ ਮੰਗ ਲਈ ਸੰਘਰਸ਼ ਕਰਦੇ ਆ ਰਹੇ ਹਨ।
ਲੋਹੜੀ ਦੇ ਤਿਉਂਹਾਰ ਮੌਕੇ ਬੇਰੁਜ਼ਗਾਰਾਂ ਦਾ ਜੱਥਾ ਗੁਪਤ ਤਰੀਕੇ ਰੁਜ਼ਗਾਰ ਦੀ ਲੋਹੜੀ ਮੰਗਣ ਲਈ ਮੁੱਖ ਮੰਤਰੀ ਦੇ ਮਹਿਲਾਂ ਅੱਗੇ ਗਏ ਸਨ, ਜਿੱਥੇ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਦੀ ਪੈਨਲ ਮੀਟਿੰਗ ਸਿਹਤ ਮੰਤਰੀ ਨਾਲ ਚੰਡੀਗੜ੍ਹ ਵਿਖੇ ਨਿਸਚਿਤ ਕਰਵਾਈ ਗਈ ਸੀਪ੍ਰੰਤੂ ਮੀਟਿੰਗ ਵਿੱਚ ਮੰਤਰੀ ਵੱਲੋਂ ਕੀਤਾ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। ਇਸੇ ਦੇ ਰੋਸ ਵਜੋਂ ਬੇਰੁਜ਼ਗਾਰਾਂ ਨੇ ਮੁੜ੍ਹ ਮੋਰਚਾ ਲਗਾਇਆ ਹੈ। ਇਸ ਮੌਕੇ ਗੁਰਪਿਆਰ ਮਾਨਸਾ,ਤਰਸੇਮ ਸਿੱਧੂ,ਸਵਰਨ ਫਿਰੋਜ਼ਪੁਰ,ਮੱਖਣ ਰੱਲਾ, ਹਰਵਿੰਦਰ ਥੂਹੀ, ਪਲਵਿੰਦਰ ਹੁਸਿਆਰ ਪੁਰ, ਗੁਰਚਰਨ ਜਲੰਧਰ,ਅਮਰੀਕ ਬਠਿੰਡਾ,ਰਾਜਾ ਢੱਡੇ, ਪੱਪੂ ਬਾਲਿਆਂਵਾਲੀ, ਅਮਨ ਪਿੰਡੀ,ਰਾਜ ਸੰਗਤੀਵਾਲ ਆਦਿ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।