ਕਈ ਸਾਲਾਂ ਤੋਂ ਕਰ ਰਿਹੈ ਸੰਘਰਸ਼, ਤਿੰਨ ਸਾਲਾਂ ‘ਚ ਤਿੰਨ ਸਿੱਖਿਆ ਮੰਤਰੀਆਂ ਦੀਆਂ ਕੋਠੀਆਂ ਅੱਗੇ ਖਾ ਚੁੱਕਿਐ ਡਾਗਾਂ
ਆਰਥਿਕ ਤੌਰ ‘ਤੇ ਗਰੀਬੀ, ਚੱਲਣ ਫਿਰਨ ਤੋਂ ਅਸਮੱਰਥ, ਪਰ ਸਰਕਾਰਾਂ ਰੁਜ਼ਗਾਰ ਲਈ ਲੈ ਰਹੀਆਂ ਨੇ ਇਮਤਿਹਾਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਤਿੰਨ ਵਾਰ ਦਾ ਟੈੱਟ ਪਾਸ ਅੰਗਹੀਣ ਪ੍ਰਿਥਵੀਰਾਮ ਵਰਮਾ ਰੁਜ਼ਗਾਰ ਦੀ ਖਾਤਰ ਪਿਛਲੇ ਕਈ ਸਾਲਾਂ ਤੋਂ ਦਿਹਾੜੀ-ਦੱਪਾ ਕਰਕੇ ਸਰਕਾਰਾਂ ਨੂੰ ਜਗਾਉਣ ਲਈ ਸੰਘਰਸ਼ ਦੇ ਰਾਹ ਪਿਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਭਰੋਸਾ ਦਿੱਤਾ ਸੀ, ਪਰ ਪ੍ਰਿਥਵੀਰਾਮ ਨੂੰ ਰੁਜ਼ਗਾਰ ਤਾ ਹਾਸਲ ਨਹੀਂ ਹੋਇਆ, ਤਿੰਨ ਸਾਲਾਂ ‘ਚ ਤਿੰਨ ਸਿੱਖਿਆ ਮੰਤਰੀਆਂ ਦੀਆਂ ਕੋਠੀਆਂ ਅੱਗੇ ਲਾਠੀਆਂ ਜ਼ਰੂਰ ਨਸੀਬ ਹੋਈਆਂ ਹਨ।
ਪ੍ਰਿਥਵੀਰਾਮ ਨੇ ਹੌਸਲਾ ਨਹੀਂ ਹਾਰਿਆ, ਉਹ ਪਹਿਲਾ ਕੰਕਰੀਟ ਕੁੱਟਣ ਦੀ ਦਿਹਾੜੀ ਕਰਕੇ ਪੰਜ-ਸੱਤ ਸੌਂ ਕਮਾਉਂਦਾ ਹੈ, ਪਰ ਜਿੱਥੇ ਵੀ ਧਰਨਾ ਜਾ ਪ੍ਰਦਰਸ਼ਨ ਹੁੰਦਾ ਹੈ, ਉਹ ਪਿਛੇ ਨਹੀਂ ਰਹਿੰਦਾ। ਪ੍ਰਿਥਵੀਰਾਮ ਅੱਜ ਵੀ ‘ਮਹਾਰਾਜ’ ਸਾਹਿਬ ਦੇ ਮੋਤੀ ਮਹਿਲਾ ਅੱਗੇ ਰੁਜ਼ਗਾਰ ਦੀ ਖਾਤਰ ਅਵਾਜ਼ ਬੁਲੰਦ ਕਰਨ ਲਈ ਪੁੱਜਾ ਹੋਇਆ ਸੀ, ਭਾਵੇਂ ਉਹ ਚੱਲਨ ਫਿਰਨ ਤੋਂ ਅਸਮਰਥ ਸੀ, ਪਰ ਫੇਰ ਵੀ ਉਹ ਮਾਇਕ ਵਾਲੇ ਟੰਗੇ ਰਿਕਸ਼ੇ ‘ਤੇ ਬੈਠ ਕੇ ਅਮਰਿੰਦਰ ਸਰਕਾਰ ਖਿਲਾਫ਼ ਗਰਜ਼ ਰਿਹਾ ਸੀ।
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਅੱਜ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਮੋਤੀ ਮਹਿਲਾ ਅੱਗੇ ਧਰਨੇ ਦਾ ਐਲਾਨ ਕੀਤਾ ਹੋਇਆ ਸੀ ਅਤੇ ਪ੍ਰਿਥਵੀਰਾਮ ਅੱਜ ਇਸ ਧਰਨੇ ‘ਚ ਸਰਕਾਰ ਖਿਲਾਫ਼ ਰੋਸ਼ ਪ੍ਰਦਰਸ਼ਨ ਕਰ ਰਿਹਾ ਸੀ।
ਅਬੋਹਰ ਤੋਂ ਪੁੱਜੇ ਪ੍ਰਿਥਵੀਰਾਮ ਵਰਮਾ ਨੇ ਦੱਸਿਆ ਕਿ ਉਸ ਵੱਲੋਂ ਸਾਲ 2016, 2017 ਅਤੇ ਸਾਲ 2018 ‘ਚ ਤਿੰਨ ਵਾਰ ਟੈੱਟ ਪਾਸ ਕਰ ਚੁੱਕਾ ਹੈ, ਪਰ ਫਿਰ ਵੀ ਉਸ ਨੂੰ ਰੁਜ਼ਗਾਰ ਲਈ ਸਰਕਾਰਾਂ ਦੇ ਦਰਵਾਜਿਆਂ ਅੱਗੇ ਧੱਕੇ ਖਾਣੇ ਪੈ ਰਹੇ ਹਨ। ਉਸ ਨੇ ਦੱਸਿਆ ਕਿ ਬਾਰਵੀਂ ਤੋਂ ਬਾਅਦ ਉਸ ਵੱਲੋਂ ਈਟੀਟੀ 70 ਫੀਸਦੀ ਨੰਬਰਾਂ ਨਾਲ ਪਾਸ ਕੀਤੀ ਗਈ ਸੀ।
ਉਸ ਨੇ ਦੱਸਿਆ ਕਿ ਉਸ ਦੇ ਘਰ ਦੀ ਹਾਲਤ ਬਹੁਤ ਤਰਸਯੋਗ ਹੈ ਅਤੇ ਉਹ ਕੰਕਰੀਟ ਕੁੱਟਣ ਦੀ ਦਿਹਾੜੀ ਕਰਕੇ ਪਹਿਲਾ ਕੁਝ ਪੈਸੇ ਕਮਾਉਂਦਾ ਹੈ ਅਤੇ ਫੇਰ ਜਿੱਥੇ ਵੀ ਧਰਨੇ ਹੁੰਦੇ ਹਨ, ਉੱਥੇ ਜ਼ਰੂਰ ਪੁੱਜਦਾ ਹੈ। ਉਸਨੇ ਕਿਹਾ ਕਿ ਉਹ ਤੁਰ ਫਿਰ ਨਾ ਸਕਣ ਕਾਰਨ ਸਿਰਫ਼ ਬੈਠਣ ਦਾ ਹੀ ਕੰਮ ਕਰ ਸਕਦਾ ਹੈ।
ਪ੍ਰਿਥਵੀਰਾਮ ਨੇ ਕਿਹਾ ਕਿ ਮੁੱਖ ਅਮਰਿੰਦਰ ਸਿੰਘ ਵੱਲੋਂ ਚੋਣਾ ਤੋਂ ਪਹਿਲਾ ਘਰ-ਘਰ ਰੁਜ਼ਗਾਰ ਦਾ ਵਾਅਦਾ ਕਰਕੇ ਆਪ ਤਾ ਸਿੰਘਾਸਣ ਹਾਸਲ ਕਰ ਲਿਆ, ਪਰ ਡਿਗਰੀਆਂ ਕਰਨ ਵਾਲਿਆ ਦੇ ਪੱਲੇ ਸਿਰਫ਼ ਪੁਲਿਸ ਦੀਆਂ ਡਾਗਾਂ ਹੀ ਆਈਆਂ। ਉਸ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਤਿੰਨ ਸਾਲਾਂ ‘ਚ ਤਿੰਨ ਸਿੱਖਿਆਂ ਮੰਤਰੀਆਂ ਅਰੁਣਾ ਚੌਧਰੀ, ਓ.ਪੀ. ਸੋਨੀ ਅਤੇ ਮੌਜੂਦਾ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀਆਂ ਕੋਠੀਆਂ ਅੱਗੇ ਧਰਨੇ ਪ੍ਰਦਰਸ਼ਨ ਦੌਰਾਨ ਡਾਗਾਂ ਖਾ ਚੁੱਕਾ ਹੈ, ਪਰ ਕਿਸੇ ਨੇ ਉਸ ਦੇ ਤਿੰਨ ਵਾਰ ਕੀਤੇ ਟੈੱਟ ਪਾਸ ਦਾ ਮੁੱਲ ਨਹੀਂ ਪਾਇਆ।
ਉਸ ਨੇ ਦੁੱਖੀ ਹੁੰਦਿਆ ਦੱਸਿਆ ਕਿ ਸਾਲ 2019 ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਹੁੰਚ ਕਰਕੇ ਅੰੰਗਹੀਣਾਂ ਦੀਆਂ 161 ਪੋਸਟਾਂ ਕਢਵਾਈਆਂ, ਪਰ ਇੱਥੇ ਵੀ ਸਿੱਖਿਆ ਵਿਭਾਗ ਨੇ ਦਗਾ ਕਰ ਦਿੱਤਾ। ਫਾਰਮ ਭਰ ਦਿੱਤੇ ਗਏ, ਕੌਸਲਿੰਗ ਹੋ ਗਈ, ਪਰ ਸਿੱਖਿਆ ਵਿਭਾਗ ਨੇ ਅਲੀਜੀਬਿਲਟੀ ਬੀ.ਏ . ਕਰ ਦਿੱਤੀ। ਜਿਸ ਕਾਰਨ ਉਹ ਡਿਸਕੁਆਲੀਫਾਈ ਹੋ ਗਿਆ। ਉਸ ਨੇ ਰੋਸ਼ ਜਤਾਇਆ ਕਿ ਸਰਕਾਰ ਅਪਲਾਈ ਵੇਲੇ ਫਾਰਮ ਅਤੇ ਫੀਸਾਂ ਮੌਕੇ ਪੈਸੇ ਇਕੱਠੇ ਕਰ ਲੈਂਦੀ ਹੈ, ਪਰ ਉਸ ਤੋਂ ਬਾਅਦ ਵੱਖਰੇ ਰੂਲ ਬਣਾਕੇ ਬੇਰੁਜ਼ਗਾਰਾਂ ਨਾਲ ਮਜ਼ਾਕ ਕਰ ਦਿੱਤਾ ਜਾਂਦਾ ਹੈ।
ਉਸ ਨੇ ਦੱਸਿਆ ਕਿ ਉਹ ਸਾਢੇ ਪੰਜ ਮਹੀਨੇ ਸੰਗਰੂਰ , 15 ਦਿਨ ਮੋਹਾਲੀ ਸਮੇਤ ਜਿੱਥੇ ਵੀ ਕੋਈ ਯੂਨੀਅਨ ਦਾ ਸੰਘਰਸ ਹੁੰਦਾ ਹੈ, ਉਥੇ ਧਰਨੇ ‘ਤੇ ਆਪਣੇ ਰੁਜ਼ਗਾਰ ਲਈ ਜ਼ਰੂਰ ਪੁੱਜਦਾ ਹੈ। ਉਸ ਨੇ ਕਿਹਾ ਕਿ ਸਰਕਾਰਾਂ ਆਪਣੇ ਘਰ ਭਰ ਰਹੀਆਂ ਹਨ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਥਾਂ ਖੁਦਕੁਸ਼ੀਆਂ ਦੇ ਰਾਹ ਪਾ ਰਹੀਆਂ ਹਨ।
ਰੋਜ਼ਗਾਰ ਮੇਲੇ ਵੀ ਨਾ ਹੋਏ ਵਫਾ….
ਪ੍ਰਿਥਵੀਰਾਮ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਵੱਲੋਂ ਲਾਏ ਜਾ ਰਹੇ ਰੋਜ਼ਗਾਰ ਮੇਲਿਆਂ ‘ਚ ਵੀ ਉਹ ਪੰਜ ਵਾਰ ਜਾ ਚੁੱਕਾ ਹੈ, ਪਰ ਇੱਥੇ ਵੀ ਉਸਦੇ ਹੱਥ ਨਿਰਾਸ਼ਾਂ ਹੀ ਲੱਗੀ ਹੈ। ਉਸ ਨੇ ਦੱਸਿਆ ਕਿ ਕੰਪਨੀਆਂ ਵੱਲੋਂ ਸਿਰਫ਼ ਚੱਲਣ ਫਿਰਨ ਵਾਲੇ ਕੰਮਾਂ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਸੀ ਜਦਕਿ ਉਹ ਸਿਰਫ਼ ਬੈਠ ਕੇ ਹੀ ਕੰਮ ਕਰ ਸਕਦਾ ਹੈ। ਉਸ ਨੇ ਦੱਸਿਆ ਕਿ ਉਸ ਵੱਲੋਂ ਬੈਠਣ ਵਾਲੇ ਕੰਮ ਦੀ ਮੰਗ ਕੀਤੀ ਗਈ, ਪਰ ਕਿਸੇ ਵੀ ਰੋਜ਼ਗਾਰ ਮੇਲੇ ‘ਤੇ ਪੁੱਜੀ ਕੰਪਨੀ ਨੇ ਉਨ੍ਹਾਂ ਨੂੰ ਕੋਈ ਕੰਮ ਨਹੀਂ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।