ਚੱਲਦੀ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ 4 ਮਾਸੂਮ ਜਿਉਂਦੇ ਸੜੇ
8 ਬੱਚਿਆਂ ਨੂੰ ਮੱਚਦੀ ਅੱਗ ਵਿੱਚੋਂ ਲੋਕਾਂ ਨੇ ਸੁਰੱਖਿਅਤ ਬਾਹਰ ਕੱਢਿਆ
ਲੌਂਗੋਵਾਲ, (ਹਰਪਾਲ/ਕ੍ਰਿਸ਼ਨ/ਕਰਮ) ਅੱਜ ਲੌਂਗੋਵਾਲ ਵਿਖੇ ਉਸ ਵੇਲੇ ਦਿਲ ਕੰਬਾਊ ਹਾਦਸਾ ਵਾਪਰ ਗਿਆ ਜਦੋਂ ਇੱਕ ਨਿੱਜੀ ਸਕੂਲ ਦੀ ਵੈਨ ‘ਚ ਅਚਾਨਕ ਅੱਗ (Fire school van) ਲੱਗਣ ਕਾਰਨ ਚਾਰ ਮਾਸੂਮ ਬਾਲੜੇ ਜਿਉਂਦੇ ਜੀਅ ਸੜ ਗਏ ਹਾਸਲ ਹੋਈ ਜਾਣਕਾਰੀ ਮੁਤਾਬਕ ਲੌਂਗੋਵਾਲ ਦੇ ਇੱਕ ਨਿੱਜੀ ਸਕੂਲ ਸਿਮਰਨ ਪਬਲਿਕ ਸਕੂਲ ਦੀ ਵੈਨ ਸਕੂਲ ਵਿੱਚ ਛੁੱਟੀ ਹੋਣ ਉਪਰੰਤ ਬੱਚਿਆਂ ਨੂੰ ਆਪੋ ਆਪਣੇ ਘਰਾਂ ਨੂੰ ਛੱਡਣ ਲਈ ਜਾ ਰਹੀ ਸੀ ਅਤੇ ਵੈਨ ਵਿੱਚ 12 ਬੱਚੇ ਸਵਾਰ ਸਨ
ਮੌਕੇ ਤੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਸਕੂਲ ਵਿੱਚੋਂ ਨਿੱਕਲਣ ਤੋਂ ਥੋੜ੍ਹੀ ਦੇਰ ਬਾਅਦ ਹੀ ਅਚਾਨਕ ਵੈਨ ਨੂੰ ਅੱਗ ਲੱਗ ਗਈ ਸੀ ਅਤੇ ਬਾਹਰ ਲੋਕਾਂ ਦੇ ਰੌਲਾ ਪਾਉਣ ਤੋਂ ਬਾਅਦ ਜਦੋਂ ਡਰਾਇਵਰ ਨੇ ਵੈਨ ਰੋਕੀ ਤਾਂ ਅੱਗ ਭਾਂਬੜ ਬਣ ਚੁੱਕੀ ਸੀ ਲੋਕਾਂ ਨੇ ਫੁਰਤੀ ਨਾਲ ਵੈਨ ਦੇ ਸੀਸ਼ੇ ਆਦਿ ਤੋੜ ਕੇ ਬੱਚਿਆਂ ਨੂੰ ਕੱਢਣਾ ਸ਼ੁਰੂ ਕੀਤਾ ਤੇ ਅੱਗ ਏਨੀ ਤੇਜ਼ ਸੀ ਕਿ ਉਸ ਨੇ 12 ਬੱਚਿਆਂ ਵਿੱਚੋਂ ਸਿਰਫ਼ 8 ਬੱਚਿਆਂ ਨੂੰ ਬਾਹਰ ਕੱਢਣ ਦਾ ਮੌਕਾ ਦਿੱਤਾ ਜਦੋਂ ਕਿ ਚਾਰ ਮਾਸੂਮ ਲਟ-ਲਟ ਕਰਕੇ ਵਿੱਚੇ ਹੀ ਮੱਚ ਗਏ
ਇਸ ਦਿਲ ਕੰਬਾਊ ਘਟਨਾ ਦਾ ਪਤਾ ਲੱਗਦਿਆਂ ਹੀ ਆਸੇ ਪਾਸੇ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਸਾਰੇ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਦੀ ਸਲਾਮਤੀ ਲਈ ਨੰਗੇ ਪੈਰੀਂ ਦੌੜਦੇ ਹੋਏ ਵੈਨ ਦੇ ਕੋਲ ਆਏ ਪਰ ਉਦੋਂ ਤੱਕ ਵੈਨ ਦੀ ਤੇਜ਼ ਅੱਗ ਚਾਰ ਬੱਚਿਆਂ ਦੀ ਬਲੀ ਲੈ ਚੁੱਕੀ ਸੀ ਮਰਨ ਵਾਲੇ ਬੱਚਿਆਂ ਵਿੱਚ ਅਰਾਧਿਆ ਪੁੱਤਰੀ ਸੱਤਪਾਲ, ਕਮਲਪ੍ਰੀਤ ਕੌਰ ਪੁੱਤਰੀ ਜਗਸੀਰ ਸਿੰਘ, ਨਵਜੋਤ ਕੌਰ ਪੁੱਤਰੀ ਜਸਵੀਰ ਸਿੰਘ, ਸਿਮਰਜੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਜਿਉਂਦੇ ਹੀ ਸੜ ਗਏ
ਹਾਲਾਤ ਇਹ ਬਣ ਗਏ ਨੰਨ੍ਹੇ ਬੱਚਿਆਂ ਦੀਆਂ ਸੜੀਆਂ ਲਾਸ਼ਾਂ ਨੂੰ ਵੇਖ ਕੇ ਉਨ੍ਹਾਂ ਦੀ ਪਛਾਣ ਨਹੀਂ ਸੀ ਹੋ ਰਹੀ, ਕਿਸੇ ਬੱਚੇ ਦਾ ਥੋੜ੍ਹਾ ਜਿਹਾ ਹੱਥ ਹੀ ਬਚਿਆ ਸੀ, ਕਿਸੇ ਬੱਚੇ ਦੀਆਂ ਪੈਰ ਦੀਆਂ ਉਂਗਲਾਂ ਦਿਖ ਰਹੀਆਂ ਸਨ ਮ੍ਰਿਤਕਾਂ ਬੱਚਿਆਂ ਦੇ ਵਾਰਸਾਂ ਨੂੰ ਕੋਈ ਸੁਧ ਨਹੀਂ ਸੀ ਕਿ ਉਹ ਆਪਣੇ ਬੱਚਿਆਂ ਨੂੰ ਕਿਵੇਂ ਪਛਾਨਣ ਉੱਧਰ ਘਟਨਾ ਦਾ ਪਤਾ ਲਗਦਿਆਂ ਹੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਕੂਲ ਦਾ ਮੇਨ ਗੇਟ ਬੰਦ ਕਰਕੇ ਧਰਨਾ ਲਾ ਦਿੱਤਾ ਅਤੇ ਸਕੂਲ ਪ੍ਰਬੰਧਕਾਂ, ਪ੍ਰਸ਼ਾਸਨ, ਸਿੱਖਿਆ ਵਿਭਾਗ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਆਰੰਭ ਕਰ ਦਿੱਤੀ ਗਈ ਲੋਕ ਦੋਸ਼ ਲਾ ਰਹੇ ਸਨ ਕਿ ਜ਼ਿਲ੍ਹਾ ਸੰਗਰੂਰ ਵਿੱਚ ਵੱਡੀ ਗਿਣਤੀ ਨਿੱਜੀ ਸਕੂਲਾਂ ਵੱਲੋਂ ਘੱਟ ਕੀਮਤ ‘ਤੇ ਅਜਿਹੇ ਵਾਹਨ ਖਰੀਦ ਕੇ, ਅਣਜਾਣ ਡਰਾਇਵਰ ਰੱਖੇ ਹੋਏ ਸਨ ਜਿਨ੍ਹਾਂ ਨੂੰ ਆਵਾਜਾਈ ਨਿਯਮਾਂ ਦਾ ਕੋਈ ਪਤਾ ਨਹੀਂ ਲੱਗਦਾ
ਉੱਧਰ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਲੌਂਗੋਵਾਲ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਬੱਚਿਆਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ਇਸ ਲਈ ਪੁਖ਼ਤਾ ਇੰਤਜਾਮ ਕੀਤੇ ਜਾਣੇ ਚਾਹੀਦੇ ਹਨ
ਭੁੱਬਾਂ ਮਾਰਦੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਸਾਡੇ ਬੱਚੇ ਮਾੜੇ ਸਿਸਟਮ ਦੀ ਭੇਂਟ ਚੜ੍ਹ ਗਏ ਜਸਵੀਰ ਸਿੰਘ ਦੱਸਿਆ ਕਿ ਉਸ ਦੀ ਚਾਰ ਵਰ੍ਹਿਆਂ ਦੀ ਬੇਟੀ ਨਵਜੋਤ ਕੌਰ ਅਤੇ ਭਤੀਜੀ ਕਮਲਪ੍ਰੀਤ ਕੌਰ ਦੋਵੇਂ ਅੱਗ ਦੀ ਭੇਂਟ ਚੜ੍ਹ ਗਈਆਂ
ਘਟਨਾ ਦੀ ਹੋਵੇਗੀ ਨਿਆਂਇਕ ਜਾਂਚ : ਡੀਸੀ
ਇਸ ਘਟਨਾ ਮੌਕੇ ਪੁੱਜੇ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਵਾਪਰੀ ਹੈ ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਮੁੱਖ ਮੰਤਰੀ ਦਫ਼ਤਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਸ ਘਟਨਾ ਦੀ ਨਿਆਂਇਕ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ
ਪ੍ਰਸ਼ਾਸਨ ਅਜਿਹੇ ਸਕੂਲਾਂ ‘ਤੇ ਸ਼ਿਕੰਜਾ ਕਸੇ : ਭਗਵੰਤ ਮਾਨ
ਇਸ ਮੌਕੇ ਪੁੱਜੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਉਨ੍ਹਾਂ ਕਿਹਾ ਕਿ ਮੈਂ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਸੁਰੱਖਿਆ ਦੇ ਲਿਹਾਜ਼ ਨਾਲ ਸਕੂਲਾਂ ਦੀ ਚੈਕਿੰਗ ਹੋਵੇ ਅਤੇ ਇਸ ਸਕੂਲ ਦੇ ਮੁਖੀ, ਟਰਾਂਸਪੋਰਟ ਵਿਭਾਗ ਦੇ ਮੁਖੀ ਅਤੇ ਡਰਾਇਵਰ ਦੀ ਭੂਮਿਕਾ ਦੀ ਵਿਸ਼ੇਸ਼ ਜਾਂਚ ਹੋਣੀ ਚਾਹੀਦੀ ਹੈ
ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ : ਸੁਖਦੇਵ ਸਿੰਘ ਢੀਂਡਸਾ
ਇਸ ਸਬੰਧੀ ਮੌਕੇ ਤੇ ਮੌਜ਼ੂਦਾ ਮੈਂਬਰ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਪੀੜਤ ਪਰਿਵਾਰਾਂ ਨੂੰ ਫੌਰੀ ਮੁਆਵਾਜ਼ਾ ਦੇਵੇ ਇਸ ਘਟਨਾ ਲਈ ਜ਼ਿੰਮੇਵਾਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ