ਬਲਜੀਤ ਸਮਾਣਾ ਨੇ ਜਿੱਤੀ ਝੰਡੀ ਦੀ ਕੁਸ਼ਤੀ
ਭੀਖੀ (ਡੀ.ਪੀ. ਜਿੰਦਲ) ਇੱਥੇ ਬਾਬਾ ਗੁੱਦੜਸ਼ਾਹ ਮੇਲੇ ਦੌਰਾਨ ਮੇਲਾ ਪ੍ਰਬੰਧਕ ਕਮੇਟੀ, ਨਗਰ ਪੰਚਾਇਤ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਪਹਿਲਵਾਨਾਂ ਦੇ ਕੁਸ਼ਤੀ (wrestling competition) ਮੁਕਾਬਲੇ ਖਿੱਚ ਦਾ ਕਾਰਨ ਬਣੇ। ਕਸਬਾ ਭੀਖੀ ‘ਚ ਪੁਰਾਤਨ ਸਮਿਆਂ ਤੋਂ ਲੱਗਣ ਵਾਲਾ ਬਾਬਾ ਗੁੱਦੜ ਸ਼ਾਹ ਦਾ ਜੋੜ ਮੇਲਾ ਆਪਣੇ ਵਿਰਾਸਤੀ ਰੰਗ ਬਿਖੇਰਦਾ ਸਮਾਪਤ ਹੋ ਗਿਆ ਹੈ। ਬਸੰਤ ਪੰਚਵੀਂ ਤੋਂ ਅਗਲੇ ਦਿਨ ਸ਼ੁਰੂ ਹੋਣ ਵਾਲਾ ਇਹ ਮੇਲਾ ਚਾਰ ਦਿਨਾਂ ਤੱਕ ਚਲਦਾ ਹੈ।ਮੇਲੇ ਦੇ ਆਖਰੀ ਦਿਨ ਪਹਿਲਵਾਨਾਂ ਦੇ ਘੋਲ ਕਰਵਾਏ ਜਾਂਦੇ ਹਨ ਜਿੱਥੇ ਢੋਲ ਦੇ ਡਗੇ ‘ਤੇ ਪਹਿਲਵਾਨ ਝੰਡੀਆਂ ਗੱਡਦੇ ਹਨ। ਇਸ ਵਾਰ ਦੂਰ-ਦੂਰੇਡਿਓਂ ਪਹੁੰਚੇ 30 ਪਹਿਲਵਾਨਾਂ ਨੇ ਬਹੁਤ ਹੀ ਰੌਚਕ ਕੁਸ਼ਤੀ ਮੁਕਾਬਲੇ ਵਿਖਾਏ।
ਇਹਨਾ ਕੁਸ਼ਤੀਆਂ (ਘੋਲ-ਖੇਡ) ਦੌਰਾਨ ਪਹਿਲਵਾਨ ਸੰਦੀਪ ਕੁਮਾਰ ਭੀਖੀ ਨੇ ਮੋਹਣਾ ਸਿੰਘ ਸਮਾਣਾ ਨੂੰ, ਕੁਲਵੰਤ ਸਿੰਘ ਊਧਾ ਨੇ ਟੀਟਾ ਗੜੀ ਨੂੰ, ਮਨੋਜ ਕੁਮਾਰ ਭਦੌੜ ਨੇ ਅਮ੍ਰਿਤਪਾਲ ਸਿੰਘ ਤਾਜੋ ਨੂੰ ਹਰਾਇਆ। ਜਦ ਕਿ ਝੰਡੀ ਦੀ ਕੁਸ਼ਤੀ ‘ਚ ਬਲਜੀਤ ਸਿੰਘ ਸਮਾਣਾ ਨੇ ਕਾਲੂ ਚੀਮਾ ਦੀ ਢੂਹੀਂ ਲਵਾ ਕੇ ਜਿੱਤ ਹਾਸਲ ਕੀਤੀ। ਇਹਨਾਂ ਕੁਸ਼ਤੀ ਮੁਕਾਬਲਿਆਂ ਨੂੰ ਨੌਜਵਾਨਾਂ, ਬਜੁਰਗਾਂ ਤੇ ਮੇਲੀਆਂ ਦੀ ਭੀੜ ਨੇ ਪੱਬਾਂ ਭਾਰ ਹੋ ਕੇ ਵੇਖਿਆ ਅਤੇ ਪਹਿਲਵਾਨਾਂ ਨੂੰ ਖੂਬ ਦਾਦ ਦਿੱਤੀ।
ਨਗਰ ਪੰਚਾਇਤ ਕਮੇਟੀ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ ਨੇ ਕਿਹਾ ਕਿ ਅਲੋਪ ਹੁੰਦੀ ਜਾ ਰਹੀ ਇਹ ਪੁਰਾਤਨ ਖੇਡ ਨੂੰ ਜਿਉਂਦਾ ਰੱਖਣ ਲਈ ਇਸ ਤਰਾਂ ਦੇ ਮੁਕਾਬਲੇ ਕਰਵਾਉਣਾ ਜਰੂਰੀ ਹੈ। ਉਹਨਾਂ ਪਹਿਲਵਾਨਾਂ ਦੀ ਖੂਬ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਯੂਥ ਅਕਾਲੀ ਦੀ ਕੋਰ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਚਹਿਲ, ਐਡਵੋਕੇਟ ਮਨੋਜ ਕੁਮਾਰ ਸਿੰਗਲਾ ਰੌਕੀ, ਸੰਦੀਪ ਕੁਮਾਰ ਦੀਪੂ, ਮਿੱਠੂ ਸਿੰਘ, ਰਣਜੀਤ ਸਿੰਘ ਕੱਪੀ, ਧੰਨਾ ਸਿੰਘ ਅਦਿ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।