ਵਿਸ਼ਾਲ ਰੈਲੀ ਕਰਕੇ ਢੀਂਡਸਾ ਪਰਿਵਾਰ ਪਾਰਟੀ ‘ਚੋਂ ਲਾਇਆ ਨੁੱਕਰੇ
ਢੀਂਡਸਾ ਪਰਿਵਾਰ ਨੇ ਪਾਰਟੀ ਦੀ ਪਿੱਠ ‘ਚ ਛੁਰਾ ਮਾਰਿਆ : ਪ੍ਰਕਾਸ਼ ਸਿੰਘ ਬਾਦਲ
ਢੀਂਡਸਾ ਪਰਿਵਾਰ ਅਕਾਲੀ ਦਲ ਦਾ ‘ਗੱਦਾਰ’ : ਸੁਖਬੀਰ ਬਾਦਲ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸ਼੍ਰੋਮਣੀ ਅਕਾਲੀ ਦਲ (ਬ) (Badal and Dhindsa controversy) ਵੱਲੋਂ ਢੀਂਡਸਾ ਪਰਿਵਾਰ ਦੇ ਗੜ੍ਹ ‘ਚ ਵਿਸ਼ਾਲ ਰੈਲੀ ਕਰਕੇ ਢੀਂਡਸਾ ਪਰਿਵਾਰ ਵੱਲੋਂ ਸੁਖਬੀਰ ਤੇ ਹੋਰ ਪਾਰਟੀ ਲੀਡਰਸ਼ਿਪ ‘ਤੇ ਹਮਲਿਆਂ ਦਾ ਜ਼ੋਰਦਾਰ ਜਵਾਬ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿੱਚ ਸਮੁੱਚੀ ਸੀਨੀਅਰ ਲੀਡਰਸ਼ਿਪ ਤੋਂ ਬਿਨ੍ਹਾਂ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦੀ ਸਾਰੀ ਲੀਡਰਸ਼ਿਪ ਨੇ ਇਕਮੁੱਠ ਹੋ ਕੇ ਢੀਂਡਸਾ ਪਰਿਵਾਰ ਨੂੰ ਅਕਾਲੀ ਦਲ ਤੋਂ ਨੁੱਕਰੇ ਲਾ ਦਿੱਤਾ।
ਸੰਗਰੂਰ ਦੀ ਅਨਾਜ ਮੰਡੀ ਦੇ ਖੁੱਲ੍ਹੇ ਫੜ੍ਹ ਵਿੱਚ ਹੋਈ ਇਸ ਵਿਸ਼ਾਲ ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਪਾਰਟੀ ਦੀ ਪਹਿਲੀ ਕਤਾਰ ਦੇ ਆਗੂ ਤੇ ਭਾਜਪਾ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬੇਸ਼ੱਕ ਇਸ ਰੈਲੀ ਨੂੰ ਕਾਂਗਰਸ ਸਰਕਾਰ ਖਿਲਾਫ਼ ਰੋਸ ਰੈਲੀ ਦਾ ਨਾਂਅ ਦਿੱਤਾ ਗਿਆ ਸੀ ਪਰ ਅਕਾਲੀ ਆਗੂਆਂ ਨੇ ਢੀਂਡਸਾ ਪਰਿਵਾਰ ‘ਤੇ ਕੀਤੇ ਸਿੱਧੇ ਸ਼ਬਦੀ ਹਮਲਿਆਂ ਕਾਰਨ ਇਹ ਸਮੁੱਚੀ ਰੈਲੀ ਢੀਂਡਸਾ ਪਰਿਵਾਰ ਦੇ ਵਿਰੁੱਧ ਹੀ ਹੋ ਨਿੱਬੜੀ।
ਇਸ ਵੱਡੀ ਰੈਲੀ ਨੂੰ ਸਭ ਤੋਂ ਅਖ਼ੀਰ ‘ਤੇ ਸੰਬੋਧਨ ਕਰਨ ਪੁੱਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਹਿਲੀ ਵਾਰ ਜਨਤਕ ਤੌਰ ‘ਤੇ ਅਕਾਲੀ ਦਲ ਤੋਂ ਬਾਗੀ ਹੋਏ ਢੀਂਡਸਾ ਪਰਿਵਾਰ ਤੇ ਬੋਲਦਿਆਂ ਆਖਿਆ ਕਿ ਸ: ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਵਿੱਚ ਜਿੰਨਾ ਸਤਿਕਾਰ ਦਿੱਤਾ ਜਾਂਦਾ ਸੀ, ਅੱਜ ਤੱਕ ਕਿਸੇ ਹੋਰ ਆਗੂ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪਾਰਟੀ ਪ੍ਰਧਾਨ ਹੋਣ ਦੇ ਬਾਵਜ਼ੂਦ ਵੱਡੇ ਢੀਂਡਸਾ ਜਿਹੜੇ ਸਕੱਤਰ ਜਨਰਲ ਸੀ, ਦੇ ਪੈਰੀਂ ਹੱਥ ਲਾਉਂਦਾ ਹੁੰਦਾ ਸੀ। ਬਾਦਲ ਨੇ ਕਿਹਾ ਢੀਂਡਸਾ ਤੋਂ ਬਿਨ੍ਹਾਂ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਵਿੱਚ ਹੀ ਨਹੀਂ ਸਗੋਂ ਸਮੁੱਚੀ ਪਾਰਟੀ ਵਿੱਚ ਪੱਤਾ ਨਹੀਂ ਹਿੱਲਦਾ ਪਰ ਉਹ ਹੈਰਾਨ ਹਨ ਕਿ ਉਹ ਕਿਹੜੀਆਂ ਮਜ਼ਬੂਰੀਆਂ ਕਾਰਨ ਪਾਰਟੀ ਦੀ ਪਿੱਠ ‘ਚ ਛੁਰਾ ਮਾਰ ਕੇ ਗਏ ਹਨ।
ਵੱਡੇ ਬਾਦਲ ਨੇ ਭਾਵਪੂਰਤ ਭਾਸ਼ਣ ਵਿੱਚ ਕਿਹਾ ਕਿ ਹਰੇਕ ਦੇ ਜੀਵਨ ਵਿੱਚ ਤਿੰਨ ਮਾਵਾਂ ਹੁੰਦੀਆਂ ਹਨ, ਇੱਕ ਸਾਡੀ ਜਨਣੀ, ਦੂਜੀ ਧਰਤੀ ਮਾਤਾ ਜਿਹੜੀ ਸਾਨੂੰ ਖਾਣ ਨੂੰ ਦਿੰਦੀ ਹੈ ਅਤੇ ਤੀਜੀ ਮਾਂ ਪਾਰਟੀ ਹੁੰਦੀ ਹੈ ਜਿਹੜੀ ਸਾਨੂੰ ਮਾਣ ਇੱਜ਼ਤ ਬਖ਼ਸ਼ਦੀ ਹੈ। ਢੀਂਡਸਾ ਨੇ ਆਪਣੀ ਮਾਂ ਪਾਰਟੀ ਨਾਲ ਧੋਖਾ ਕੀਤਾ ਹੈ ਇਸ ਤੋਂ ਮਾੜੀ ਕੋਈ ਗੱਲ ਨਹੀਂ ਹੋ ਸਕਦੀ। ਬਾਦਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਢੀਂਡਸਾ ਨਾਲ ਸਿਰਫ਼ ਰਾਜਨੀਤਕ ਮਸਲੇ ਹੀ ਨਹੀਂ ਸੀ ਵਿਚਾਰਦਾ ਸਗੋਂ ਪਰਿਵਾਰਕ ਮਸਲਿਆਂ ਤੇ ਵੀ ਉਸ ਦੇ ਨਾਲ ਰਾਇ ਮਸ਼ਵਰਾ ਕਰਦਾ ਰਹਿੰਦਾ ਸੀ।
ਅਸੀਂ ਆਪਣੀਆਂ ਧੀਆਂ ਦੇ ਵਿਆਹ ਤੱਕ ਵੀ ਢੀਂਡਸਾ ਤੇ ਬ੍ਰਹਮਪੁਰਾ ਨਾਲ ਗੱਲਬਾਤ ਕਰਨ ਤੋਂ ਬਾਅਦ ਕੀਤੇ ਸਨ। ਢੀਂਡਸਾ ਦਾ ਹੁਕਮ ਪਾਰਟੀ ਵਿੱਚ ‘ਇਲਾਹੀ’ ਹੁਕਮ ਹੁੰਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਢੀਂਡਸਾ ਉਨ੍ਹਾਂ ਦੀ ਜਾਨ ਵੀ ਮੰਗ ਲੈਂਦੇ ਤਾਂ ਉਨ੍ਹਾਂ ਨੇ ਜਵਾਬ ਨਹੀਂ ਸੀ ਦੇਣਾ। ਭਰੇ ਗਲ਼ ਨਾਲ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਜਿਹੜੇ ਲੋਕ ਬਿਗਾਨਿਆਂ ਦੇ ਸਹਾਰੇ ਆਪਣੇ ਸਿਰ ‘ਤੇ ਤਾਜ਼ ਟਿਕਾਉਂਦੇ ਹਨ, ਉਨ੍ਹਾਂ ਦੀ ਕਦੇ ਸ਼ੋਭਾ ਨਹੀਂ ਹੁੰਦੀ।
ਇੱਕ ਕਤਰਾ ਵੀ ਦਰਿਆ ਤੋਂ ਵੱਖ ਹੋ ਕੇ ਆਪਣੀ ਹੋਂਦ ਗੁਆ ਬਹਿੰਦਾ ਹੈ। ਉਨ੍ਹਾਂ ਆਖਿਆ ਕਿ ਕੁਦਰਤ ਨੇ ਢੀਂਡਸਾ ਪਰਿਵਾਰ ਤੋਂ ਇੱਕ ਅਜਿਹਾ ਫੈਸਲਾ ਕਰਵਾ ਲਿਆ ਜਿਹੜਾ ਉਸ ਲਈ ਭਾਰੀ ਸਾਬਤ ਹੋਵੇਗਾ ਅਤੇ ਉਸ ਦੇ ਲੜਕੇ ਪਰਮਿੰਦਰ ਦਾ ਸਿਆਸੀ ਭਵਿੱਖ ਵੀ ਧੂਮਲ ਹੋ ਗਿਆ।
ਢੀਂਡਸਾ ਪਰਿਵਾਰ ਅਕਾਲੀ ਦਲ ਦਾ ‘ਗੱਦਾਰ’ : ਸੁਖਬੀਰ ਬਾਦਲ
ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਢੀਂਡਸਾ ਪਰਿਵਾਰ ‘ਤੇ ਹਮਲਾ ਕਰਦਿਆਂ ਉਸ ਨੂੰ ‘ਗੱਦਾਰ’ ਤੱਕ ਕਹਿ ਦਿੱਤਾ। ਸੁਖਬੀਰ ਨੇ ਕਿਹਾ ਕਿ ਢੀਂਡਸਾ ਪਰਿਵਾਰ ਨੇ ਪਾਰਟੀ ਦੀ ਪਿੱਠ ਵਿੱਚ ਚਾਕੂ ਮਾਰ ਕੇ ਗੱਦਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ 20-25 ਸਾਲਾਂ ਦੀ ਸਿਆਸਤ ਵੱਡੇ ਢੀਂਡਸਾ ਦੇ ਪੈਰੀਂ ਹੱਥ ਲਾਉਂਦਾ ਸੀ ਅਤੇ ਉਨ੍ਹਾਂ ਵੱਲੋਂ ਕਿਹਾ ਜਾਣ ਵਾਲਾ ਕੋਈ ਕੰਮ, ਕਰ ਕੇ ਮੈਂ ਖੁਦ ਉਨ੍ਹਾਂ ਦੇ ਘਰ ਜਾ ਕੇ ਰਿਪੋਰਟ ਦਿੰਦਾ ਸੀ।
ਉਨ੍ਹਾਂ ਇੱਥੋਂ ਤੱਕ ਵੀ ਕਿਹਾ ਕਿ ਹੁਣ ਵੀ ਮੈਂ ਇਸ ਮਸਲੇ ‘ਤੇ 6 ਵਾਰ ਢੀਂਡਸਾ ਤੋਂ ਮੁਆਫ਼ੀ ਵੀ ਮੰਗੀ ਅਤੇ ਇੱਥੋਂ ਤੱਕ ਵੀ ਕਹਿ ਦਿੱਤਾ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਂ ਅਖ਼ਬਾਰਾਂ ਦੇ ਮਾਧਿਅਮ ਰਾਹੀਂ ਵੀ ਜਨਤਕ ਤੌਰ ਤੇ ਮੁਆਫ਼ੀ ਮੰਗਣ ਲਈ ਤਿਆਰ ਹਾਂ ਪਰ ਢੀਂਡਸਾ ਪਰਿਵਾਰ ਕਾਂਗਰਸ ਦੇ ਹੱਥੇ ਚੜ੍ਹ ਕੇ ਪਾਰਟੀ ਨੂੰ ਖਤਮ ਕਰਨ ਤੇ ਤੁਲ ਗਿਆ ਜਿਹੜਾ ਪਾਰਟੀ ਨੂੰ ਕਦੇ ਵੀ ਮਨਜ਼ੂਰ ਨਹੀਂ।
ਬਾਦਲ ਨੇ ਕਿਹਾ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੂੰ ਜਿੰਨੇ ਵਾਰ ਪਾਰਟੀ ਵਿੱਚੋਂ ਬਾਹਰ ਕੱਢਿਆ ਉਹ ਕਾਰਵਾਈ ਢੀਂਡਸਾ ਦੇ ਕਹਿਣ ਤੇ ਹੀ ਕੀਤੀ, ਜੋ ਸਾਡੀ ਵੱਡੀ ਭੁੱਲ ਵੀ ਸੀ। ਉਨ੍ਹਾਂ ਕਿਹਾ ਵੱਡੇ ਢੀਂਡਸਾ ਨੇ ਪਰਮਿੰਦਰ ਨੂੰ ਬੇਦਖ਼ਲ ਕਰਨ ਤੱਕ ਵੀ ਧਮਕੀ ਦੇ ਦਿੱਤੀ ਸੀ ਜਿਸ ਕਾਰਨ ਮਜ਼ਬੂਰਨ ਉਸ ਨੂੰ ਆਪਣੇ ਪਿਤਾ ਨਾਲ ਜਾਣਾ ਪਿਆ।
ਇਨ੍ਹਾਂ ਆਗੂਆਂ ਨੇ ਕੀਤਾ ਸੰਬੋਧਨ :
ਅੱਜ ਦੀ ਇਸ ਰੈਲੀ ਨੂੰ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ, ਬਲਵਿੰਦਰ ਸਿੰਘ ਭੂੰਦੜ, ਭਾਜਪਾ ਦੇ ਮਦਨ ਮੋਹਨ ਮਿੱਤਲ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਦੇ ਵਿਨਰਜੀਤ ਸਿੰਘ ਗੋਲਡੀ, ਹਰੀ ਸਿੰਘ, ਮੁਹੰਮਦ ਉਵੈਸ, ਗੁਲਜ਼ਾਰ ਸਿੰਘ ਮੂਣਕ, ਰਾਜਿੰਦਰ ਦੀਪਾ ਸੁਨਾਮ, ਪ੍ਰਿਤਪਾਲ ਸਿੰਘ ਲਹਿਰਾਗਾਗਾ, ਜ਼ਿਲ੍ਹਾ ਬਰਨਾਲਾ ਤੋਂ ਕੁਲਵੰਤ ਸਿੰਘ ਕੀਤੂ, ਸਤਨਾਮ ਸਿੰਘ ਰਾਹੀ, ਗਗਨਜੀਤ ਸਿੰਘ ਬਰਨਾਲਾ, ਮਹਿਲ ਕਲਾਂ ਤੋਂ ਬਲਵੀਰ ਸਿੰਘ ਘੁੰਨਸ ਨੇ ਵੀ ਸੰਬੋਧਨ ਕਰਦਿਆਂ ਢੀਂਡਸਾ ਪਰਿਵਾਰ ‘ਤੇ ਰਗੜੇ ਲਾਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।