ਕਾਰਵਾਈ ਤੋਂ ਬਚਣ ਲਈ ਆਰੋਪੀਆਂ ਵੱਲੋਂ ਪੀੜਤ ਪਰਿਵਾਰ ਨੂੰ ਖ਼ਰੀਦਣ ਦੀ ਕੋਸ਼ਿਸ਼
ਥਾਣੇ ਅੰਦਰ ਦੋਨੋਂ ਧਿਰਾਂ ‘ਚ ਹੋਈ ਹੱਥੋਪਾਈ
ਪੁਲਿਸ ਕਾਰਵਾਈ ਦੀ ਬਜਾਇ ਰਾਜ਼ੀਨਾਮੇ ਨੂੰ ਦਿੰਦੀ ਰਹੀ ਤਰਜ਼ੀਹ
ਗੁਰਦਾਸਪੁਰ, (ਸਰਬਜੀਤ ਸਾਗਰ) ਸ਼ਹਿਰ ਦੇ ਰੇਲਵੇ ਰੋਡ ‘ਤੇ ਇੱਕ ਡਰਾਈਵਰ ਨੂੰ ਪੈਲੇਸ ਮਾਲਿਕਾਂ ਨੇ ਕਥਿਤ ਤੌਰ ‘ਤੇ ਇਸ ਕਰਕੇ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ, ਕਿਉਂਕਿ ਉਸ ਕੋਲੋਂ ਰੋਡ ਤੋਂ ਲੰਘਣ ਵੇਲੇ ਮੋਟਰਸਾਈਕਲ ਇੱਕ ਪੈਲੇਸ ਮਾਲਕਾਂ ਦੀ ਨਵੀਂ ਕਾਰ ਨਾਲ ਟਕਰਾ ਗਿਆ ਤੇ ਕਾਰ ਦਾ ਬੰਪਰ ਟੁੱਟਣ ਦੀ ਸਜ਼ਾ ਉਸ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਮ੍ਰਿਤਕ ਦੀ ਪਛਾਣ ਅਰਜੁਨ ਕੁਮਾਰ (43 ਸਾਲ) ਪੁੱਤਰ ਚਰਨ ਦਾਸ ਵਾਸੀ ਪਿੰਡ ਅਵਾਂਖਾ ਪੁਰਾਣੀ ਆਬਾਦੀ ਵਜੋਂ ਹੋਈ ਹੈ। ਉਹ ਦੀਨਾਨਗਰ ਦੀ ਗੋਲਡਨ ਟਰਾਂਸਪੋਰਟ ਕੰਪਨੀ ਵਿੱਚ ਟਰੱਕ ਚਲਾਉਂਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਅਰਜੁਨ ਕੁਮਾਰ ਸ਼ਨਿੱਚਰਵਾਰ ਦੀ ਰਾਤ ਜਦੋਂ ਆਪਣੇ ਮੋਟਰਸਾਈਕਲ ‘ਤੇ ਇੱਕ ਬਾਲਟੀ ਲੱਦ ਕੇ ਰੇਲਵੇ ਰੋਡ ਨੂੰ ਜਾ ਰਿਹਾ ਸੀ ਤਾਂ ਇੱਕ ਕਾਰ ਨਾਲ ਮੋਟਰਸਾਈਕਲ ਪਿੱਛੇ ਬੰਨੀ ਬਾਲਟੀ ਵੱਜਣ ਕਾਰਨ ਕਾਰ ਦਾ ਬੰਪਰ ਟੁੱਟ ਗਿਆ। ਜਿਸ ਤੋਂ ਗੁੱਸੇ ਵਿੱਚ ਆਏ ਪੈਲੇਸ ਮਾਲਕਾਂ ਨੇ ਕਥਿਤ ਤੌਰ ‘ਤੇ ਉਸਦੀ ਕੁੱਟਮਾਰ ਕੀਤੀ ਅਤੇ ਕਿਸੇ ਤਰ੍ਹਾਂ ਇੱਕ ਹੋਰ ਟਰੱਕ ਡਰਾਈਵਰ ਨੇ ਉਸ ਨੂੰ ਹਮਲਾਵਰਾਂ ਤੋਂ ਬਚਾ ਕੇ ਘਰ ਪਹੁੰਚਾਇਆ।
ਮ੍ਰਿਤਕ ਦੇ ਪਰਿਵਾਰ ਅਨੁਸਾਰ ਅਰਜੁਨ ਕੁਮਾਰ ਸਾਰੀ ਰਾਤ ਦਰਦ ਨਾਲ ਤੜਫ਼ਦਾ ਰਿਹਾ ਪਰ ਬਿਮਾਰ ਪਤਨੀ ਅਤੇ ਛੋਟਾ ਬੱਚਾ ਹੋਣ ਕਾਰਨ ਉਹ ਉਸ ਨੂੰ ਰਾਤ ਕਿਸੇ ਡਾਕਟਰ ਕੋਲ ਨਹੀਂ ਲਿਜਾ ਸਕੇ। ਸਵੇਰੇ ਕਮਿਊਨਿਟੀ ਹੈਲਥ ਸੈਂਟਰ ਸਿੰਘੋਵਾਲ (ਦੀਨਾਨਗਰ) ਵਿਖੇ ਉਸ ਦੀ ਮੌਤ ਹੋ ਗਈ। ਇਸ ਦੌਰਾਨ ਪੀੜਤ ਪਰਿਵਾਰ ਦੀ ਗਰੀਬੀ ਤੇ ਲਾਚਾਰੀ ਦਾ ਫ਼ਾਇਦਾ ਉਠਾਉਂਦਿਆਂ ਮੁਲਜ਼ਮਾਂ ਵੱਲੋਂ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਕਥਿਤ ਤੌਰ ‘ਤੇ ਉਨ੍ਹਾਂ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਗਈ
ਪਹਿਲਾਂ ਇੱਕ ਪਲਾਈ ਵਾਲੀ ਫੈਕਟਰੀ ਅਤੇ ਫਿਰ ਪੁਲੀਸ ਸਟੇਸ਼ਨ ਦੇ ਅੰਦਰ ਕਰੀਬ 6 ਘੰਟੇ ਤੱਕ ਰਾਜ਼ੀਨਾਮੇ ਦੀ ਖੇਡ ਚੱਲਦੀ ਰਹੀ। ਆਰੋਪੀਆਂ ਦੀ ਪਿੱਠ ‘ਤੇ ਆਏ ਸ਼ਹਿਰ ਦੇ ਕੁਝ ਰਸੂਖ਼ਵਾਨ ਇੱਕ ਵੇਲੇ ਤਾਂ ਆਪਣੀ ਇਸ ਖੇਡ ਵਿੱਚ ਸ਼ਫਲ ਵੀ ਹੋ ਗਏ ਅਤੇ ਗਰੀਬ ਅਜਰੁਨ ਕੁਮਾਰ ਦੀ ਮੌਤ ਦੀ ਕੀਮਤ 6 ਲੱਖ ਰੁਪਏ ਤੈਅ ਕੀਤੀ ਗਈ ਅਤੇ ਇਹ ਫ਼ੈਸਲਾ ਹੋਇਆ ਕਿ 2 ਲੱਖ ਰੁਪਏ ਕੈਸ਼ ਅਤੇ ਬਾਕੀ ਦੇ ਚਾਰ ਲੱਖ ਰੁਪਏ ਅਗਲੇ ਦੋ ਮਹੀਨਿਆਂ ਤੱਕ ਦਿੱਤੇ ਜਾਣਗੇ।
ਜਿਸਦੇ ਲਈ ਚੈੱਕ ਵਗੈਰਾ ਵੀ ਤਿਆਰ ਕਰ ਲਏ ਗਏ ਪਰ ਇਸ ਦੌਰਾਨ ਹਮਲਾਵਰਾਂ ਨਾਲ ਸਬੰਧਤ ਇੱਕ ਵਿਅਕਤੀ ਵੱਲੋਂ ਗ਼ਲਤ ਸ਼ਬਦਾਵਲੀ ਵਰਤਣ ਕਾਰਨ ਮਾਮਲਾ ਵਿਗੜ ਗਿਆ ਅਤੇ ਦੋਨੋਂ ਧਿਰਾਂ ਥਾਣੇ ਦੇ ਅੰਦਰ ਹੀ ਪੁਲੀਸ ਦੀ ਹਾਜ਼ਰੀ ‘ਚ ਹੱਥੋਪਾਈ ਹੋ ਗਈਆਂ ਅਤੇ ਗੁੱਸੇ ਵਿੱਚ ਆਏ ਪੀੜਤ ਪਰਿਵਾਰ ਦੇ ਸਮੱਰਥਕ (ਮ੍ਰਿਤਕ ਦੇ ਮਾਲਕ ਤੇ ਡਰਾਈਵਰ) ਪਰਚਾ ਦਰਜ ਕਰਨ ਦੀ ਮੰਗ ‘ਤੇ ਅੜ ਗਏ।
ਇਸ ਪੂਰੇ ਮਾਮਲੇ ਵਿੱਚ ਪੁਲਿਸ ਦੀ ਭੂਮਿਕਾ ਇੱਕ ਦਰਸ਼ਕ ਵਜੋਂ ਸਾਬਤ ਹੋਈ ਤੇ ਪੁਲਿਸ ਅਧਿਕਾਰੀ ਗਰੀਬ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਰਾਜ਼ੀਨਾਮੇ ਨੂੰ ਤਰਜ਼ੀਹ ਦਿੰਦੇ ਨਜ਼ਰ ਆਏ। ਹਾਲਾਂਕਿ ਐੱਸਐੱਸਓ ਦੀਨਾਨਗਰ ਬਲਦੇਵ ਰਾਜ ਸ਼ਰਮਾ ਨੇ ਰਾਜ਼ੀਨਾਮਾ ਕਰਾਉਣ ‘ਚ ਪੁਲਿਸ ਦੀ ਭੂਮਿਕਾ ਨੂੰ ਸਿਰੇ ਤੋਂ ਖ਼ਾਰਜ ਕੀਤਾ ਅਤੇ ਕਿਹਾ ਕਿ ਪੁਲਿਸ ਪੀੜਤ ਪਰਿਵਾਰ ਦੇ ਬਿਆਨ ਲੈ ਰਹੀ ਹੈ ਅਤੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।