ਖੇਡ ਜਗਤ ‘ਚ ਸ਼ੋਕ ਦੀ ਲਹਿਰ
ਨਵੀਂ ਦਿੱਲੀ। ਅਮਰੀਕਾ ਦੇ ਧਾਕੜ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਸ ਦੀ 13 ਸਾਲਾ ਬੇਟੀ ਜਿਆਨਾ ਮਾਰੀਆ ਓਨੋਰ ਬ੍ਰਾਇੰਟ ਸਣੇ 9 ਲੋਕਾਂ ਦੀ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਮੌਤ ਹੋ ਗਈ। ਕੈਲੀਫੋਰਨੀਆ ‘ਚ ਇਹ ਭਿਆਨਕ ਹਾਦਸਾ ਵਾਪਰਿਆ ਹੈ, ਜਿਸ ਕਾਰਨ ਖੇਡ ਜਗਤ ਵਿਚ ਸ਼ੋਕ ਦੀ ਲਹਿਰ ਹੈ। ਭਾਰਤੀ ਖਿਡਾਰੀਆਂ ਨੇ ਵੀ ਇਸ ਭਿਆਨਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਪ-ਕਪਤਾਨ ਰੋਹਿਤ ਸ਼ਰਮਾ ਨੇ ਵੀ ਕੋਬੀ ਬ੍ਰਾਇੰਟ ਦੀ ਮੌਤ ‘ਤੇ ਸੋਸ਼ਲ ਮੀਡੀਆ ‘ਤੇ ਦੁੱਖ ਪ੍ਰਗਟਾਇਆ।
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਨਿਊਜ਼ੀਲੈਂਡ ਦੌਰੇ ‘ਤੇ ਹਨ ਅਤੇ ਉੱਥੇ ਹੀ ਉਸ ਨੇ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਕੋਬੀ ਬ੍ਰਾਇੰਟ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਵਿਰਾਟ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਅਪਲੋਡ ਕਰ ਲਿਖਿਆ, ”ਅੱਜ ਇਸ ਖਬਰ ਨੂੰ ਸੁਣ ਕੇ ਬਹੁਤ ਬੁਰਾ ਲੱਗਾ।
ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਇਨ੍ਹਾਂ ਨੂੰ ਦੇਖਦਿਆਂ ਗੁਜ਼ਰੀਆਂ ਹਨ। ਇਹ ਜਾਦੂਗਰ ਜੋ ਵੀ ਕੋਰਟ ਵਿਚ ਕਰਦਾ ਸੀ, ਉਸ ਨੂੰ ਦੇਖ ਕੇ ਬਹੁਤ ਚੰਗਾ ਲਗਦਾ ਸੀ। ਮੈਂ ਖੁਦ ਮੰਤਰਮੁਗਧ ਹੋ ਜਾਂਦਾ ਸੀ। ਉਸ ਦੀ ਬੇਟੀ ਜਿਆਨਾ ਦਾ ਦਿਹਾਂਤ ਵੀ ਇਸ ਹਾਦਸੇ ‘ਚ ਹੋਇਆ ਹੈ। ਮੇਰਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ। ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ, ਪਰਿਵਾਰ ਨੂੰ ਮਜ਼ਬੂਤੀ ਅਤੇ ਸੰਵੇਦਨਾ ਦੇਵੇ।
ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਟੀਮ ਦੇ ਰੋਹਿਤ ਸ਼ਰਮਾ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ ਕੋਬੀ ਬ੍ਰਾਇੰਟ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਟਵੀਟ ਕੀਤਾ। ਸਚਿਨ ਨੇ ਲਿਖਿਆ, ”ਅਚਾਨਕ ਕੋਬੀ ਬ੍ਰਾਇੰਟ, ਉਸ ਦੀ ਬੇਟੀ ਅਤੇ ਹੋਰ ਲੋਕਾਂ ਦੀ ਹੈਲੀਕਾਪਟਰ ਹਾਦਸੇ ‘ਚ ਮੌਤ ਦੀ ਖਬਰ ਸੁਣ ਕੇ ਦੁੱਖ ਲੱਗਾ ਹੈ। ਉਸ ਦੇ ਪਰਿਵਾਰ, ਦੋਸਤ ਅਤੇ ਦੁਨੀਆ ਭਰ ਵਿਚ ਉਸ ਦੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ ਹੈ”।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।