ਵਿਜੈਇੰਦਰ ਸਿੰਗਲਾ ਦੇ ਦਿਮਾਗ਼ ਨੂੰ ਚੜਿਆ ਸੱਤਾ ਦਾ ਨਸ਼ਾ : AAP

AAP

ਮਾਮਲਾ ਰਿਹਾਇਸ਼ੀ ਇਲਾਕੇ ‘ਚ ਗੈਰ-ਕਾਨੂੰਨੀ ਸ਼ਾਪਿੰਗ ਮਾਲ ਦੀ ਉਸਾਰੀ ਦਾ

ਭਗਵੰਤ ਮਾਨ, ਹਰਪਾਲ ਚੀਮਾ, ਅਮਨ ਅਰੋੜਾ, ਮੀਤ ਹੇਅਰ ਤੇ ਕੁਲਵੰਤ ਪੰਡੋਰੀ ਨੇ ਮੰਤਰੀ ਨੂੰ ਰੱਤ ਕੇ ਕੋਸਿਆ

ਮੰਤਰੀ ਦੇ ਦਬਾਅ ਕਾਰਨ 87 ਸਾਲਾਂ ਬਜ਼ੁਰਗ ਨੂੰ ਹਾਈਕੋਰਟ ਜਾਣ ਲਈ ਕੀਤਾ ਮਜਬੂਰ

ਚੰਡੀਗੜ, (ਅਸ਼ਵਨੀ ਚਾਵਲਾ)। ਸੰਗਰੂਰ ਸ਼ਹਿਰ ਦੇ ਰਿਹਾਇਸ਼ੀ ਇਲਾਕੇ ‘ਚ ਨਿਯਮ ਕਾਨੂੰਨ ਛਿੱਕੇ ਟੰਗ ਕੇ ਉਸਾਰੇ ਜਾ ਰਹੇ ਸ਼ਾਪਿੰਗ ਮਾਲ ਸਬੰਧੀ ਵਿਵਾਦਾਂ ‘ਚ ਸੰਗਰੂਰ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ‘ਤੇ ਆਮ ਆਦਮੀ ਪਾਰਟੀ (AAP) ਪੰਜਾਬ ਨੇ ਜ਼ੋਰਦਾਰ ਹਮਲਾ ਬੋਲਦੇ ਹੋਏ ਕਿਹਾ ਕਿ ਸੱਤਾ ਦਾ ਨਸ਼ਾ ਮੰਤਰੀ ਵਿਜੈਇੰਦਰ ਸਿੰਗਲਾ ਦੇ ਸਿਰ ਚੜ੍ਹ ਬੋਲਣ ਲੱਗਿਆ ਹੈ।

‘ਆਪ’ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਬਰਨਾਲਾ ਤੋਂ ਵਿਧਾਇਕ ਮੀਤ ਹੇਅਰ ਅਤੇ ਕੁਲਵੰਤ ਸਿੰਘ ਪੰਡੋਰੀ ਸਮੇਤ ਜ਼ਿਲਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਆਪਣੇ ਆਪਹੁਦਰੇ ਪਣ ਅਤੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਵਿਜੈਇੰਦਰ ਸਿੰਗਲਾ ਸੱਤਾ ਸ਼ਕਤੀ ਦੀ ਸ਼ਰੇਆਮ ਦੁਰਵਰਤੋਂ ‘ਤੇ ਉਤਰ ਆਏ ਹਨ।

ਧੱਕੇਸ਼ਾਹੀ ਵਿਰੁੱਧ ਮਾਨਯੋਗ ਹਾਈਕੋਰਟ ਵੱਲੋਂ ਵਿਜੈਇੰਦਰ ਸਿੰਗਲਾ ਨੂੰ ਨੋਟਿਸ ਜਾਰੀ ਕਰਨਾ ਨਾ ਕੇਵਲ ਖ਼ੁਦ ਸਿੰਗਲਾ ਸਗੋਂ ਸਮੁੱਚੀ ਪੰਜਾਬ ਸਰਕਾਰ ਦੇ ਮੂੰਹ ‘ਚ ਚਪੇੜ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਰਿਹਾਇਸ਼ੀ ਇਲਾਕੇ ‘ਚ ਵਪਾਰਕ ਉਸਾਰੀ ਸੰਬੰਧੀ ਨਿਯਮ ਕਾਨੂੰਨ ਦੀ ਉਲੰਘਣ ਕਰਕੇ ਸ਼ਾਪਿੰਗ ਮਾਲ ਦੀ ਉਸਾਰੀ ਲਈ ਸਥਾਨਕ ਲੋਕਾਂ ‘ਤੇ ਪਾਏ ਜਾ ਰਹੇ ਸਿੱਧੇ-ਅਸਿੱਧੇ ਦਬਾਅ ਕਾਰਨ 87 ਸਾਲਾ ਹਰਬਿੰਦਰ ਸਿੰਘ ਸੇਖੋਂ ਅਤੇ ਹੋਰਾਂ ਨੂੰ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਅਤੇ ਮਾਨਯੋਗ ਹਾਈਕੋਰਟ ਦੀ ਦੂਹਰੀ ਬੈਂਚ ਨੂੰ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਦੂਸਰੀਆਂ ਸੰਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕਰਨਾ ਪਿਆ ਹੈ।

‘ਆਪ’ ਆਗੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨਾਂ (ਮੁੱਖ ਮੰਤਰੀ) ਨੇ ਆਪਣੇ ਬੇਲਗ਼ਾਮ ਮੰਤਰੀ ਦੀ ਨਕੇਲ ਨਾ ਕੱਸੀ ਤਾਂ ਪੰਜਾਬ ਖ਼ਾਸ ਕਰਕੇ ਸੰਗਰੂਰ ਦੇ ਲੋਕ ਵਿਜੈਇੰਦਰ ਸਿੰਗਲਾ ਨੂੰ ਖ਼ੁਦ ਹੀ ਸਬਕ ਸਿਖਾ ਦੇਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।