ਕਿਹਾ : ਪਿਛਲੇ ਤਿੰਨ ਸਾਲਾਂ ‘ਚ ਪੰਜਾਬੀਆਂ ਉੱਤੇ 20 ਹਜ਼ਾਰ ਕਰੋੜ ਰੁਪਏ ਦਾ ਵਾਧੂ ਬੋਝ ਪਾਇਆ
ਬਠਿੰਡਾ, (ਸੁਖਜੀਤ ਮਾਨ) ਬਿਜਲੀ ਬਿੱਲਾਂ ਦੀਆਂ ਦਰਾਂ ‘ਚ ਵਾਧੇ ਲਈ ਭਾਵੇਂ ਪੰਜਾਬ ਸਰਕਾਰ ਵੱਲੋਂ ਪਿਛਲੀ ਅਕਾਲੀ-ਭਾਜਪਾ ਦੀਆਂ ਗਲਤ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਪਰ ਅੱਜ ਇੱਥੇ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ ‘ਚ ਪੰਜਾਬ ਸਰਕਾਰ ਨੂੰ ਹੀ ਕਟਹਿਰੇ ‘ਚ ਖੜ੍ਹੇ ਕਰਦਿਆਂ ਆਖਿਆ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਸੌਦੇਬਾਜ਼ੀ ਕਰਕੇ ਆਮ ਆਦਮੀ ਉੱਤੇ ਵੱਡੇ ਬਿਲਾਂ ਦਾ ਅਸਹਿ ਬੋਝ ਪਾਉਣ ਲਈ ਕਾਂਗਰਸ ਸਰਕਾਰ ਜਿੰਮੇਵਾਰ ਹੈ ਉਨ੍ਹਾਂ ਕਿਹਾ ਕਿ ਇਸ ਸੌਦੇਬਾਜ਼ੀ ਕਰਕੇ 41,00 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਅਤੇ ਸੂਬੇ ਅੰਦਰ ਉਦਯੋਗਿਕ ਸੈਕਟਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ
ਅਜੇ 1100 ਕਰੋੜ ਰੁਪਏ ਦੇਣੇ ਬਾਕੀ
ਅੱਜ ਭੁੱਚੋ ਮੰਡੀ ਵਿਧਾਨ ਸਭਾ ਹਲਕੇ ਅੰਦਰ ਹਰਰਾਇਪੁਰ, ਭੋਖੜਾ, ਗੋਨਿਆਣਾ ਮੰਡੀ ਅਤੇ ਕੋਠੇ ਨਾਥੇਆਣਾ ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਕਾਂਗਰਸੀ ਨੇ ਸੁਪਰੀਮ ਕੋਰਟ ਅਤੇ ਟ੍ਰਿਬਿਊਨਲਾਂ ਦੇ ਅੱਗੇ ਜਾਣਬੁੱਝ ਕੇ ਸਰਕਾਰੀ ਪੱਖ ਕਮਜ਼ੋਰ ਢੰਗ ਨਾਲ ਰੱਖਣ ਲਈ ਪ੍ਰਾਈਵੇਟ ਥਰਮਲ ਪਲਾਂਟਾਂ ਅਤੇ ਕੋਲੇ ਦੇ ਪਲਾਂਟਾਂ ਦੇ ਮਾਲਕਾਂ ਨਾਲ ਸੌਦੇਬਾਜ਼ੀਆਂ ਕੀਤੀਆਂ ਸਨ
- ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਸਰਕਾਰ ਪ੍ਰਾਈਵੇਟ ਕੰਪਨੀਆਂ ਵੱਲੋਂ ਕੋਲੇ ਦੀ ਧੁਆਈ ਦੇ ਰੂਪ ਵਿਚ ਮੰਗੇ ਜਾ ਰਹੇ 1400 ਕਰੋੜ ਰੁਪਏ ਦੇ ਕੇਸ ਵਿਚ ਆਪਣਾ ਪੱਖ ਰੱਖਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ
- ਉਹਨਾਂ ਕਿਹਾ ਕਿ ਹੁਣ ਜਦੋਂ ਸੂਬੇ ਨੂੰ ਪ੍ਰਾਈਵੇਟ ਕੰਪਨੀਆਂ ਨੂੰ 1400 ਕਰੋੜ ਰੁਪਏ ਦੇਣ ਲਈ ਕਹਿ ਦਿੱਤਾ ਗਿਆ ਹੈ
- ਸਰਕਾਰ ਨੇ ਬਿਜਲੀ ਦਰਾਂ ਵਧਾ ਦਿੱਤੀਆਂ ਹਨ
- ਇਸ ਤੋਂ ਇਲਾਵਾ ਪ੍ਰਾਈਵੇਟ ਕੰਪਨੀਆਂ ਨੂੰ ਅਜੇ 1100 ਕਰੋੜ ਰੁਪਏ ਦੇਣੇ ਬਾਕੀ ਹਨ, ਜਿਹੜੇ ਜਲਦੀ ਹੀ ਅਦਾ ਕਰਨੇ ਪੈਣਗੇ
- ਬੀਬਾ ਬਾਦਲ ਨੇ ਕਿਹਾ ਕਿ ਇਹ ਗੱਲ ਬਹੁਤ ਨਿੰਦਣਯੋਗ ਹੈ ਕਿ ਕਾਂਗਰਸੀ ਆਪਣੀਆਂ ਜੇਬਾਂ ਨੋਟਾਂ ਨਾਲ ਭਰ ਰਹੇ ਹਨ
- ਵਾਰ ਵਾਰ ਬਿਜਲੀ ਦੀਆਂ ਦਰਾਂ ਵਧਾ ਕੇ ਗਰੀਬਾਂ ਉੱਤੇ ਮੋਟੇ ਬਿਲ ਥੋਪ ਰਹੇ ਹਨ
ਉਹਨਾਂ ਕਿਹਾ ਕਿ ਵਾਰ ਵਾਰ ਬਿਜਲੀ ਦਰਾਂ ਵਿਚ ਕੀਤੇ ਵਾਧਿਆਂ ਨੇ ਪੰਜਾਬੀਆਂ ਉੱਤੇ 20 ਹਜ਼ਾਰ ਕਰੋੜ ਰੁਪਏ ਦਾ ਬੋਝ ਪਾ ਦਿੱਤਾ ਹੈ ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਇੱਕ ਹੋਰ ਵਿਸ਼ਵਾਸ਼ਘਾਤ ਹੈ, ਜਿਸ ਨੇ ਘਰੇਲੂ ਬਿਜਲੀ ਦੀਆਂ ਦਰਾਂ ਨਾ ਵਧਾਉਣ ਅਤੇ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਘਰੇਲੂ ਖਪਤਕਾਰਾਂ ਅਤੇ ਇੰਡਸਟਰੀ ਨੂੰ 8 ਤੋਂ 9 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ
ਮੁੱਖ ਮੰਤਰੀ ਪੰਜਾਬ ਦਾ ਵੈਰੀ ਬਣਿਆ : ਹਰਸਿਮਰਤ
ਹਰਸਿਮਰਤ ਕੌਰ ਬਾਦਲ ਨੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਦਾ ਵੈਰੀ ਬਣ ਚੁੱਕਿਆ ਹੈ ਉਨ੍ਹਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਸਾਰੇ ਮੋਰਚਿਆਂ ਉੱਤੇ ਨਾਕਾਮ ਹੋਣ ਅਤੇ ਕਿਸੇ ਨੌਜਵਾਨ ਨੂੰ ਨੌਕਰੀ ਨਾ ਦੇਣ ਮਗਰੋਂ ਕੈਪਟਨ ਅਮਰਿੰਦਰ ਇਹ ਬਿਆਨ ਦੇ ਰਿਹਾ ਹੈ ਕਿ ਉਹ ਨੌਜਵਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇ ਬਿਨਾਂ ਆਪਣੇ ਅਹੁਦੇ ਤੋਂ ਰੁਖ਼ਸਤ ਨਹੀਂ ਹੋਵੇਗਾ ਉਹਨਾਂ ਕਿਹਾ ਕਿ ਇਸ ਦਾ ਅਰਥ ਇਹੀ ਹੈ ਕਿ ਆਪਣੇ ਕਾਰਜਕਾਲ ਦੇ ਅਗਲੇ ਦੋ ਸਾਲਾਂ ਤਕ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਉਸ ਦੀ ਕੋਈ ਨੀਅਤ ਨਹੀਂ ਹੈ
ਵਿੱਤ ਮੰਤਰੀ ਮਨਪ੍ਰੀਤ ਬਾਦਲ ‘ਤੇ ਵੀ ਵਿੰਨ੍ਹਿਆ ਨਿਸ਼ਾਨਾ
ਹਰਸਿਮਰਤ ਕੌਰ ਬਾਦਲ ਨੇ ਸੂਬੇ ਅੰਦਰ ਵਿਕਾਸ ਕਾਰਜ ਰੋਕਣ ਵਾਲਾ ਸਰਕੂਲਰ ਜਾਰੀ ਕਰਨ ਦੇ ਮਾਮਲੇ ‘ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵੀ ਆਪਣੇ ਨਿਸ਼ਾਨੇ ‘ਤੇ ਲਿਆ ਉਹਨਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਅੰਦਰ ਕੋਈ ਵਿਕਾਸ ਕਾਰਜ ਨਹੀਂ ਹੋਇਆ ਹੈ ਸਗੋਂ ਇਸ ਬਾਰੇ ਸਰਕੂਲਰ ਕੱਢ ਕੇ ਮਨਪ੍ਰੀਤ ਬਾਦਲ ਨੇ ਭਰੋਸਾ ਦਿਵਾਇਆ ਹੈ ਕਿ ਅਗਲੇ ਦੋ ਸਾਲਾਂ ਦੌਰਾਨ ਵੀ ਸੂਬੇ ਦੇ ਕਿਸੇ ਪਿੰਡ ਅੰਦਰ ਇੱਕ ਇੱਟ ਤੱਕ ਨਹੀਂ ਲਾਈ ਜਾਵੇਗੀ ਕੇਂਦਰੀ ਮੰਤਰੀ ਨੇ ਕਿਹਾ ਇਹੋ ਕਾਰਨ ਹੈ ਕਿ ਪੰਜਾਬ ਹਰ ਖੇਤਰ ਸਿੱਖਿਆ, ਸਿਹਤ ਅਤੇ ਸਮਾਜ ਭਲਾਈ ਵਿਚ ਥੱਲੇ ਆ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।