ਹੁਣ ਕੋਈ ਵੀ ਮੰਤਰੀ ਜਾਂ ਫਿਰ ਵਿਧਾਇਕ ਆਪਣੇ ਪਰਿਵਾਰ ਸਣੇ ਕਰ ਸਕਦਾ ਐ ਵਿਦੇਸ਼ ਦਾ ਸਫ਼ਰ
ਅਮਰਿੰਦਰ ਸਿੰਘ ਨੇ ਲਾਈ ਸੀ 2 ਸਾਲ ਤੱਕ ਦੀ ਰੋਕ, ਇਸ ਰੋਕ ਨੂੰ ਅੱਗੇ ਵਧਾਉਣ ਲਈ ਨਹੀਂ ਕੀਤਾ ਗਿਆ ਐ ਵਿਚਾਰ
ਹਰ ਵਿਧਾਇਕ ਅਤੇ ਮੰਤਰੀ ਪਰਿਵਾਰ ਸਣੇ ਕਰ ਸਕਦਾ ਐ 3 ਲੱਖ ਰੁਪਏ ਦਾ ਤੱਕ ਦਾ ਵਿਦੇਸ਼ ਸਫ਼ਰ ‘ਤੇ ਖ਼ਰਚ
ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਇਕ (Ministers) ਹੁਣ ਪਰਿਵਾਰ ਸਣੇ ਵਿਦੇਸ਼ ਵਿੱਚ ਜਾ ਕੇ ਮੌਜ ਮਸਤੀ ਕਰ ਸਕਦੇ ਹਨ, ਇਨਾਂ ਦੇ ਇਸ ਵਿਦੇਸ਼ ਸਫ਼ਰ ‘ਤੇ ਆਉਣ ਵਾਲਾ ਸਾਰਾ ਖ਼ਰਚ ਪੰਜਾਬ ਸਰਕਾਰ ਕਰਨ ਜਾ ਰਹੀਂ ਹੈ। ਇਸ ਸਬੰਧੀ ਅਮਰਿੰਦਰ ਸਰਕਾਰ ਵੱਲੋਂ ਹੁਣ ਸਾਰੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਖੁੱਲੀ ਛੋਟ ਦੇ ਦਿੱਤੀ ਹੈ। ਜਿਸ ਤੋਂ ਬਾਅਦ ਹੁਣ ਗੈਰ ਸਰਕਾਰੀ ਵਿਦੇਸ਼ੀ ਟੂਰ ‘ਤੇ ਵੀ ਸਾਰਾ ਬੋਝ ਪੰਜਾਬ ਸਰਕਾਰ ‘ਤੇ ਪੈਣ ਜਾ ਰਿਹਾ ਹੈ।
ਹਾਲਾਂਕਿ ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਪਹਿਲੀ ਹੀ ਕੈਬਨਿਟ ਵਿੱਚ ਇਸ ਤਰਾਂ ਦੇ ਗੈਰ ਸਰਕਾਰੀ ਵਿਦੇਸ਼ੀ ਸਫ਼ਰ ਦੇ ਖ਼ਰਚੇ ‘ਤੇ ਪਾਬੰਦੀ ਲਗਾ ਦਿੱਤੀ ਸੀ ਪਰ ਇਹ ਪਾਬੰਦੀ ਸ਼ੁਰੂਆਤ ਵਿੱਚ 2 ਸਾਲ ਦੀ ਹੋਣ ਕਰਕੇ ਪਿਛਲੇ ਸਮੇਂ ਦੌਰਾਨ ਖਤਮ ਹੋ ਗਈ ਸੀ। ਇਸ ਗੈਰ ਸਰਕਾਰੀ ਟੂਰ ‘ਤੇ ਹੋਣ ਵਾਲੇ ਖ਼ਰਚੇ ਦੀ ਪਾਬੰਦੀ ਨੂੰ 2 ਸਾਲ ਹੋਰ ਵਧਾਉਣ ਲਈ ਵਿਚਾਰ ਤਾਂ ਸਰਕਾਰ ਵਲੋਂ ਕੀਤਾ ਗਿਆ ਸੀ ਪਰ ਇਸ ਨੂੰ ਮੁੜ ਤੋਂ ਅਮਲ ਵਿੱਚ ਨਹੀਂ ਲਿਆਂਦਾ ਗਿਆ ਜਿਸ ਕਾਰਨ ਹੁਣ ਸਰਕਾਰੀ ਤੌਰ ਕੋਈ ਵੀ ਕੈਬਨਿਟ ਮੰਤਰੀ ਜਾਂ ਫਿਰ ਵਿਧਾਇਕ ਸਰਕਾਰੀ ਖਜਾਨੇ ਵਿੱਚੋਂ ਹਰ ਸਾਲ 3 ਲੱਖ ਰੁਪਏ ਤੱਕ ਦਾ ਵਿਦੇਸ਼ੀ ਸਫ਼ਰ ਖ਼ਰਚਾ ਪੰਜਾਬ ਸਰਕਾਰ ਤੋਂ ਲੈ ਸਕਦਾ ਹੈ।
ਇਸ ਖ਼ਰਚੇ ਵਿੱਚ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ। ਸਾਲ 2017 ਵਿੱਚ ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ ਗੈਰ ਸਰਕਾਰੀ ਵਿਦੇਸ਼ੀ ਸਫ਼ਰ ‘ਤੇ ਸ਼ੁਰੂਆਤੀ 2 ਸਾਲ ਲਈ ਪਾਬੰਦੀ ਲਾ ਕੇ ਖਜ਼ਾਨੇ ਵਿੱਚੋਂ ਅਦਾਇਗੀ ਕਰਨ ‘ਤੇ ਰੋਕ ਲਗਾ ਦਿੱਤੀ ਸੀ। ਪਰ ਹੁਣ ਇਹ ਪਾਬੰਦੀ ਸਮਾਂ ਸੀਮਾ ਖ਼ਤਮ ਹੋਣ ਦੇ ਨਾਲ ਹੀ ਹੱਟ ਗਈ ਹੈ।
ਸਰਕਾਰ ‘ਤੇ ਪਏਗਾ ਹਰ ਸਾਲ 3 ਕਰੋੜ 51 ਲੱਖ ਦਾ ਬੋਝ
ਪੰਜਾਬ ਸਰਕਾਰ ਵਲੋਂ ਵਿਧਾਇਕਾਂ ਅਤੇ ਮੰਤਰੀਆਂ ਦੇ ਗੈਰ ਸਰਕਾਰੀ ਵਿਦੇਸ਼ ਟੂਰ ‘ਤੇ ਲੱਗੀ ਪਾਬੰਦੀ ਹਟਣ ਤੋਂ ਬਾਅਦ ਹੁਣ ਹਰ ਸਾਲ ਸਰਕਾਰੀ ਖਜ਼ਾਨੇ ‘ਤੇ 3 ਕਰੋੜ 51 ਲੱਖ ਰੁਪਏ ਦਾ ਸਲਾਨਾ ਬੋਝ ਪਏਗਾ। ਪੰਜਾਬ ਦੇ ਸਾਰੇ ਵਿਧਾਇਕ ਇਸ ਤਰਾਂ ਦਾ ਸਾਰਾ ਖ਼ਰਚ ਪੰਜਾਬ ਵਿਧਾਨ ਸਭਾ ਦੇ ਜਰੀਏ ਸਰਕਾਰ ਤੋਂ ਲੈ ਸਕਦੇ ਹਨ, ਜਦੋਂ ਕਿ ਕੈਬਨਿਟ ਮੰਤਰੀ ਇਸ ਤਰਾਂ ਦੇ ਗੈਰ ਸਰਕਾਰੀ ਟੂਰ ‘ਤੇ ਖ਼ਰਚ ਆਉਣ ਵਾਲੇ ਪੈਸੇ ਸਬੰਧੀ ਅਦਾਇਗੀ ਮੰਤਰੀ ਮੰਡਲ ਮਾਮਲੇ ਵਿਭਾਗ ਤੋਂ ਲੈ ਸਕਣਗੇ।
ਟਿਕਟ ਕਰਨੀ ਪਵੇਗੀ ਪੇਸ਼, ਸਿੱਧਾ ਖਾਤੇ ਵਿੱਚ ਜਾਏਗਾ ਪੈਸਾ
ਸਾਰੇ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨੂੰ ਇਸ ਤਰਾਂ ਦੇ ਗੈਰ ਸਰਕਾਰੀ ਵਿਦੇਸ਼ ਟੂਰ ਸਬੰਧੀ ਹਵਾਈ ਟਿਕਟ ਸਬੰਧਿਤ ਵਿਭਾਗ ਕੋਲ ਪੇਸ਼ ਕਰਦੇ ਹੋਏ ਖ਼ੁਦ ਵਲੋਂ ਤਿਆਰ ਕੀਤਾ ਗਿਆ ਇੱਕ ਸਰਟੀਫਿਕੇਟ ਦੇਣਾ ਹੋਏਗਾ, ਜਿਸ ‘ਤੇ ਇਹ ਖ਼ਰਚੇ ਲਿਖੇ ਹੋਣਗੇ। ਖ਼ਰਚੇ ਦੇ ਬਿੱਲ ਨੂੰ ਪਾਸ ਕਰਨ ਤੋਂ ਹਫ਼ਤੇ ਦੇ ਅੰਦਰ ਅੰਦਰ ਸਾਰਾ ਪੈਸਾ ਵਿਧਾਇਕ ਜਾਂ ਫਿਰ ਕੈਬਨਿਟ ਮੰਤਰੀ ਦੇ ਸਿੱਧੇ ਬੈਂਕ ਖਾਤੇ ਵਿੱਚ ਹੀ ਜਮ੍ਹਾ ਕਰਵਾ ਦਿੱਤਾ ਜਾਏਗਾ।
ਐਡਵਾਂਸ ਵੀ ਲੈ ਸਕਦੇ ਹਨ ਵਿਧਾਇਕ ਅਤੇ ਮੰਤਰੀ
ਖਜਾਨੇ ਵਿੱਚ ਭਾਵੇਂ ਮਾੜੀ ਹਾਲਤ ਹੋਈ ਪਈ ਹੈ ਪਰ ਕੈਬਨਿਟ ਮੰਤਰੀ ਜਾਂ ਫਿਰ ਵਿਧਾਇਕ ਆਪਣੇ ਵਿਦੇਸ਼ ਸਫ਼ਰ ਲਈ ਜਾਣ ਤੋਂ ਪਹਿਲਾਂ ਐਡਵਾਂਸ ਵੀ ਸਰਕਾਰ ਤੋਂ ਪੈਸਾ ਲੈ ਸਕਦੇ ਹਨ। ਇਸ ਲਈ ਇਨਾਂ ਕੈਬਨਿਟ ਮੰਤਰੀਆਂ ਜਾਂ ਫਿਰ ਵਿਧਾਇਕ ਵਲੋਂ ਸਬੰਧਿਤ ਵਿਭਾਗ ਨੂੰ ਲਿਖਤੀ ਤੌਰ ‘ਤੇ ਭੇਜਣਾ ਪਏਗਾ ਕਿ ਉਹ ਕਿਹੜੇ ਦੇਸ਼ ਵਿੱਚ ਜਾ ਰਹੇ ਹਨ ਅਤੇ ਇਸ ਸਫ਼ਰ ਦੌਰਾਨ ਉਨਾਂ ਸਣੇ ਪਰਿਵਾਰਕ ਮੈਂਬਰਾਂ ‘ਤੇ ਕਿੰਨਾ ਖ਼ਰਚ ਹੋ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।