5 ਮਹੀਨਿਆਂ ਦੀ ਤਨਖਾਹ ਸੀ ਪੈਂਡਿੰਗ
31 ਦਸੰਬਰ ਤੱਕ ਵਿਧਾਨ ਸਭਾ ਨੇ ਖਾਤਾ ਕੀਤਾ ਕਲੀਅਰ, ਡੀ.ਡੀ.ਓ. ਪਾਵਰ ਖ਼ੁਦ ਸਿੱਧੂ ਕੋਲ
ਅਸ਼ਵਨੀ ਚਾਵਲਾ/ਚੰਡੀਗੜ੍ਹ। ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਅਹਿਮ ਹਿੱਸਾ ਰਹੇ ਨਵਜੋਤ ਸਿੱਧੂ ਨੂੰ ਆਖ਼ਰਕਾਰ 5 ਮਹੀਨਿਆਂ ਦੀ ਉਡੀਕ ਤੋਂ ਬਾਅਦ ਤਨਖ਼ਾਹ ਮਿਲ ਹੀ ਗਈ ਹੈ। ਨਵਜੋਤ ਸਿੱਧੂ ਦਾ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਨੇ ਬਤੌਰ ਵਿਧਾਇਕ ਤਨਖ਼ਾਹ ਜਾਰੀ ਕਰਨੀ ਸੀ ਪਰ ਅਸਤੀਫ਼ਾ ਪ੍ਰਵਾਨ ਹੋਣ ਵਾਲਾ ਨੋਟੀਫਿਕੇਸ਼ਨ ਹੀ ਵਿਧਾਨ ਸਭਾ ਕੋਲ ਨਾ ਪੁੱਜਣ ਕਾਰਨ ਵਿਧਾਨ ਸਭਾ ਵੱਲੋਂ ਨਵਜੋਤ ਸਿੱਧੂ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਸੀ।
ਇਸ ਸਬੰਧੀ ਸੱਚ ਕਹੂੰ ਵੱਲੋਂ ਹੀ ਖੁਲਾਸਾ ਕੀਤਾ ਗਿਆ ਸੀ ਕਿ ਨਵਜੋਤ ਸਿੱਧੂ ਪਿਛਲੇ 5 ਮਹੀਨੇ ਤੋਂ ਤਨਖ਼ਾਹ ਲਈ ਹੀ ਤਰਸ ਰਹੇ ਹਨ। ਇਸ ਖੁਲਾਸੇ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਅਧਿਕਾਰੀਆਂ ਨੇ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਦੇ ਹੋਏ ਨਵਜੋਤ ਸਿੱਧੂ ਨੂੰ 31 ਦਸੰਬਰ ਤੱਕ ਸਾਰੀ ਤਨਖ਼ਾਹ ਜਾਰੀ ਕਰ ਦਿੱਤੀ ਹੈ। ਨਵਜੋਤ ਸਿੱਧੂ ਨੂੰ 5 ਮਹੀਨੇ 11 ਦਿਨ ਦੀ ਤਨਖਾਹ ਦੇ ਤੌਰ ‘ਤੇ 4 ਲੱਖ 49 ਹਜ਼ਾਰ 800 ਰੁਪਏ ਦੇ ਲਗਭਗ ਜਾਰੀ ਕੀਤੇ ਗਏ ਹਨ।ਵਿਧਾਨ ਸਭਾ ਵੱਲੋਂ ਤਨਖ਼ਾਹ ਅਤੇ ਹੋਰ ਭੱਤੇ ਲੈਣ ਲਈ ਵਿਧਾਇਕ ਨੂੰ ਹੀ ਡੀ.ਡੀ.ਓ. ਦੀ ਪਾਵਰ ਦਿੱਤੀ ਜਾਂਦੀ ਹੈ, ਇਸ ਲਈ ਹੁਣ ਇਹ ਸਾਰੇ ਪੈਸੇ ਖ਼ਜਾਨੇ ਤੋਂ ਆਪਣੇ ਬੈਂਕ ਖ਼ਾਤੇ ਵਿੱਚ ਟਰਾਂਸਫਰ ਕਰਨ ਦੇ ਸਾਰੇ ਅਧਿਕਾਰ ਖ਼ੁਦ ਨਵਜੋਤ ਸਿੱਧੂ ਕੋਲ ਹੀ ਹਨ। ਇਸ ਸਬੰਧੀ ਲਿਖਤੀ ਰੂਪ ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਨਵਜੋਤ ਸਿੱਧੂ ਨੂੰ ਭੇਜਕੇ ਜਾਣਕਾਰੀ ਦੇ ਦਿੱਤੀ ਗਈ ਹੈ।
ਪੰਜਾਬ ਵਿਧਾਨ ਸਭਾ ਨੇ 5 ਮਹੀਨੇ 11 ਦਿਨ ਦੀ ਜਾਰੀ ਕੀਤੀ ਤਨਖ਼ਾਹ, 4 ਲੱਖ 49 ਹਜ਼ਾਰ 800 ਰੁਪਏ ਜਾਰੀ
ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਦਾ ਆਪਣੀ ਹੀ ਕਾਂਗਰਸ ਸਰਕਾਰ ਨਾਲ ਮਨਮੁਟਾਵ ਹੋਣ ਦੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਵਿਵਾਦ ਹੋ ਗਿਆ ਸੀ। ਅਸਿੱਧੇ ਢੰਗ ਨਾਲ ਨਵਜੋਤ ਸਿੱਧੂ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਹਮਲੇ ਕੀਤੇ ਜਾ ਰਹੇ ਸਨ, ਜਿਸ ਦਾ ਵਿਰੋਧ ਸਾਰੇ ਕੈਬਨਿਟ ਮੰਤਰੀਆਂ ਵੱਲੋਂ ਵੀ ਕੀਤਾ ਜਾ ਰਿਹਾ ਸੀ। ਨਵਜੋਤ ਸਿੱਧੂ ਵੱਲੋਂ ਕੈਬਨਿਟ ਮੀਟਿੰਗ ਵਿੱਚ ਗੈਰ ਹਾਜ਼ਰ ਰਹਿਣ ਦੇ ਨਾਲ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਬਿਆਨਾਂ ਖ਼ਿਲਾਫ਼ ਕੀਤੀ ਗਈ ਪ੍ਰੈਸ ਕਾਨਫਰੰਸ ਤੋਂ ਬਾਅਦ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਹ ਲਿਆ ਗਿਆ ਸੀ। ਜਿਸ ਤੋਂ ਬਾਅਦ ਨਵਜੋਤ ਸਿੱਧੂ ਨੇ ਕਾਂਗਰਸ ਹਾਈ ਕਮਾਨ ਕੋਲ ਪਹੁੰਚ ਤਾਂ ਕੀਤੀ ਪਰ ਕੁਝ ਵੀ ਨਾ ਹੋਣ ਦੇ ਚਲਦੇ ਨਵਜੋਤ ਸਿੱਧੂ ਵੱਲੋਂ 10 ਜੁਲਾਈ 2018 ਨੂੰ ਆਪਣਾ ਅਸਤੀਫ਼ਾ ਕਾਂਗਰਸ ਹਾਈ ਕਮਾਨ ਅਤੇ 14 ਜੁਲਾਈ ਨੂੰ ਅਸਤੀਫ਼ਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਭੇਜਿਆ ਗਿਆ ਸੀ, ਜਿਸ ਨੂੰ ਕਿ ਅਮਰਿੰਦਰ ਸਿੰਘ ਵਲੋਂ 20 ਜੁਲਾਈ 2018 ਨੂੰ ਪ੍ਰਵਾਨ ਕਰ ਲਿਆ ਗਿਆ ਸੀ।
ਨਵਜੋਤ ਸਿੱਧੂ ਨੂੰ 20 ਜੁਲਾਈ ਤੱਕ ਦੀ ਹੀ ਤਨਖ਼ਾਹ ਜਾਰੀ ਕੀਤੀ
ਇਸ ਅਸਤੀਫ਼ੇ ਦੇ ਪ੍ਰਵਾਨ ਹੋਣ ਤੋਂ ਤੁਰੰਤ ਬਾਅਦ ਮੰਤਰੀ ਮੰਡਲ ਮਾਮਲੇ ਵੱਲੋਂ ਨਵਜੋਤ ਸਿੱਧੂ ਨੂੰ 20 ਜੁਲਾਈ ਤੱਕ ਦੀ ਹੀ ਤਨਖ਼ਾਹ ਜਾਰੀ ਕੀਤੀ ਗਈ ਸੀ, ਕਿਉਂਕਿ 21 ਜੁਲਾਈ ਤੋਂ ਨਵਜੋਤ ਸਿੱਧੂ ਸਿਰਫ਼ ਇੱਕ ਵਿਧਾਇਕ ਹੀ ਰਹਿ ਗਏ ਸਨ, ਜਿਸ ਕਾਰਨ 21 ਜੁਲਾਈ ਤੋਂ ਬਾਅਦ ਦੀ ਸਾਰੀ ਤਨਖ਼ਾਹ ਪੰਜਾਬ ਵਿਧਾਨ ਸਭਾ ਨੇ ਜਾਰੀ ਕਰਨੀ ਸੀ। ਨਵਜੋਤ ਸਿੱਧੂ ਦੇ ਅਸਤੀਫ਼ੇ ਦਾ ਨੋਟੀਫਿਕੇਸ਼ਨ ਪੰਜਾਬ ਵਿਧਾਨ ਸਭਾ ਕੋਲ 5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨਹੀਂ ਪੁੱਜਿਆ, ਜਿਸ ਕਾਰਨ ਵਿਧਾਨ ਸਭਾ ਵਲੋਂ ਨਵਜੋਤ ਸਿੱਧੂ ਨੂੰ ਮੰਤਰੀ ਵਾਲੇ ਕਾਲਮ ਵਿੱਚ ਰਖਦੇ ਹੋਏ ਤਨਖਾਹ ਜਾਰੀ ਨਹੀਂ ਕੀਤੀ ਗਈ। ਇਸ ਮਾਮਲੇ ਵਿੱਚ ਮੰਤਰੀ ਮੰਡਲ ਮਾਮਲੇ ਅਤੇ ਪੰਜਾਬ ਵਿਧਾਨ ਸਭਾ ਦੇ ਅਧਿਕਾਰੀਆਂ ਦੇ ਤਾਲਮੇਲ ਦੀ ਕਮੀ ਵੀ ਨਜ਼ਰ ਆਈ ਸੀ।
ਇਸ ਸਾਰੇ ਮਾਮਲੇ ਦਾ ਖ਼ੁਲਾਸਾ ਸੱਚ ਕਹੂੰ ਵਲੋਂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਨਾ ਸਿਰਫ਼ ਆਪਣੇ ਕਾਗਜ਼ਾ ਵਿੱਚ ਨਵਜੋਤ ਸਿੱਧੂ ਨੂੰ ਮੰਤਰੀ ਤੋਂ ਵਿਧਾਇਕ ਬਣਾਇਆ, ਸਗੋਂ ਤਨਖਾਹ ਜਾਰੀ ਕਰਨ ਸਬੰਧੀ ਸਾਰੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਆਖਰਕਾਰ ਨਵਜੋਤ ਸਿੱਧੂ ਨੂੰ 5 ਮਹੀਨੇ 11 ਦਿਨ ਦੀ ਤਨਖਾਹ ਜਾਰੀ ਕਰ ਦਿੱਤੀ ਗਈ ਹੈ। ਨਵਜੋਤ ਸਿੱਧੂ ਨੂੰ ਲਗਭਗ ਹਰ ਮਹੀਨੇ 84 ਹਜ਼ਾਰ ਰੁਪਏ ਤਨਖ਼ਾਹ ਮਿਲੇਗੀ, ਜਿਸ ਹਿਸਾਬ ਨਾਲ ਨਵਜੋਤ ਸਿੱਧੂ ਨੂੰ ਇਨ੍ਹਾਂ 5 ਮਹੀਨੇ 11 ਦਿਨ ਦੀ ਤਨਖ਼ਾਹ ਦੇ ਤੌਰ ‘ਤੇ 4 ਲੱਖ 49 ਹਜ਼ਾਰ 800 ਰੁਪਏ ਜਾਰੀ ਕੀਤੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।