44ਵਾਂ ਆਲ ਇੰਡੀਆ ਲਿਬਲਰਜ਼ ਟੂਰਨਾਮੈਂਟ
ਤਰੁਣ ਕੁਮਾਰ ਸ਼ਰਮਾ/ਨਾਭਾ। ਸਥਾਨਕ ਰਿਪੁਦਮਨ ਕਾਲਜ ਸਟੇਡੀਅਮ ਨਾਭਾ ਵਿਖੇ ਚੱਲ ਰਹੇ 44ਵੇਂ ਆਲ ਇੰਡੀਆ ਲਿਬਲਰਜ਼ ਹਾਕੀ ਟੂਰਨਾਮੈਂਟ ਫਾਈਨਲ ਮੁਕਾਬਲੇ ਵਿੱਚ ਕੋਰਪਸ ਆਫ ਸਿੰਗਨਲਜ਼ ਦੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਆਪਣੇ ਨਾਂਅ ਕਰ ਲਿਆ। ਟੂਰਨਾਮੈਂਟ ਦੇ ਆਖਰੀ ਦਿਨ ਅੱਜ ਕਾਰਪਸ ਆਫ ਸਿੰਗਨਲਜ਼ ਜਲੰਧਰ ਤੇ ਪੰਜਾਬ ਐਂਡ ਸਿੰਧ ਬੈਂਕ ਨਵੀਂ ਦਿੱਲੀ ਦੀ ਟੀਮ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਗਿਅ, ਜਿਸ ‘ਚ ਕਾਰਪਸ ਆਫ ਸਿੰਗਨਲਜ਼ ਜਲੰਧਰ ਦੀ ਟੀਮ ਨੇ ਵਿਰੋਧੀ ਟੀਮ ਨੂੰ 2-1 ਦੇ ਮੁਕਾਬਲੇ ਨਾਲ ਹਰਾ ਕੇ ਟਰਾਫੀ ‘ਤੇ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਪਿਛਲੇ ਦੋ ਦਿਨਾਂ ‘ਚ ਬਾਰਸ਼ ਦੇ ਬਾਵਜੂਦ ਖੇਡ ਮੈਦਾਨ ਨੂੰ ਤਰਪਾਲਾਂ ਨਾਲ ਢੱਕ ਕੇ ਰੱਖਣ ਤੇ ਸੰਭਾਲਣ ਦੀ ਟੂਰਨਾਮੈਂਟ ਦੇ ਪ੍ਰਬੰਧਕਾਂ ਦੀ ਕੀਤੀ ਸ਼ਲਾਘਾਯੋਗ ਮਿਹਨਤ ਸਦਕਾ ਫਾਈਨਲ ਮੁਕਾਬਲਾ ਮੋਹਾਲੀ ਦੇ ਖੇਡ ਮੈਦਾਨ ‘ਚ ਤਬਦੀਲ ਹੋਣੋਂ ਬਚ ਗਿਆ।
ਮੈਚ ਦੇ ਪਹਿਲੇ ਕੁਆਟਰ ਹਿੱਸੇ ‘ਚ ਕਾਰਪਸ ਆਫ ਸਿੰਗਨਲਜ ਟੀਮ ਵੱਲੋਂ ਕਈ ਵਾਰ ਵਿਰੋਧੀ ਟੀਮ ਦੇ ਖੇਤਰ ‘ਚ ਜਾ ਕੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਵਿਰੋਧੀ ਬੈਂਕ ਦੀ ਟੀਮ ਦੇ ਖਿਡਾਰੀ ਗੁਰਪ੍ਰੀਤ ਤੇ ਯਤਨਵੀਰ ਨੇ ਅਸਫਲ ਕਰ ਦਿੱਤਾ। ਇਸ ਤੋਂ ਬਾਅਦ ਤੇਜੀ ਨਾਲ ਸਰਗਰਮ ਹੋਈ ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਨੇ ਮੈਚ ਦੇ 37ਵੇਂ ਮਿੰਟ ‘ਚ ਉਸ ਸਮੇਂ ਪਹਿਲਾ ਵਾਧਾ ਹਾਸਲ ਕਰ ਲਿਆ ਜਦੋਂ ਬੈਂਕ ਦੀ ਟੀਮ ਦੇ ਅਰੀਜੀਤ ਸਿੰਘ ਨਾਮੀ ਖਿਡਾਰੀ ਵੱਲੋਂ ਦਿੱਤੇ ਪਾਸ ਨੂੰ ਆਸ਼ੀਸ਼ਪਾਲ ਸ਼ਰਮਾ ਨਾਮੀ ਖਿਡਾਰੀ ਨੇ ਆਰਮੀ ਟੀਮ ਦੇ ਸੁਰੱਖਿਆ ਖੇਤਰ ਨੂੰ ਪਾਰ ਕਰਕੇ ਗੋਲਕੀਪਰ ਸੰਦੀਪ ਕੁਮਾਰ ਦੀ ਅਣਗਹਿਲੀ ਦਾ ਫਾਇਦਾ ਉਠਾਉਂਦਿਆਂ ਗੋਲ ‘ਚ ਤਬਦੀਲ ਕਰ ਦਿੱਤਾ।
ਦੋਵੇਂ ਟੀਮਾਂ ਵਿੱਚ ਵਾਧੇ ਤੇ ਬਰਾਬਰੀ ਨੂੰ ਲੈ ਕੇ ਸਿੰਗ ਫਸਵੀਂ ਖੇਡ
ਇਸ ਤੋਂ ਬਾਦ ਦੋਵੇਂ ਟੀਮਾਂ ਵਿੱਚ ਵਾਧੇ ਤੇ ਬਰਾਬਰੀ ਨੂੰ ਲੈ ਕੇ ਸਿੰਗ ਫਸਵੀਂ ਖੇਡ ਦੇਖਣ ਨੂੰ ਮਿਲੀ ਪਰੰਤੂ ਦੋਵੇਂ ਟੀਮਾਂ ਗੋਲ ਦਾਗਣ ਲਈ ਮਿਲੇ ਕਈ ਮੌਕਿਆਂ ਨੂੰ ਗੋਲ ‘ਚ ਤਬਦੀਲ ਕਰਨ ‘ਚ ਅਸਫਲ ਰਹੀਆਂ। ਇਸ ਤੋਂ ਬਾਦ ਕੋਰਪਸ ਆਫ ਸਿੰਗਨਲਜ਼ ਦੀ ਟੀਮ ਦੇ ਖਿਡਾਰੀ ਦੀਪਕ ਪਾਲ ਨੇ ਖੇਡ ਦੇ 51ਵੇਂ ਮਿੰਟ ‘ਚ ਆਪਣੇ ਕਬਜ਼ੇ ‘ਚ ਲਈ ਗੇਂਦ ‘ਤੇ ਪੂਰੀ ਤਰ੍ਹਾਂ ਕਾਬੂ ਪਾ ਕੇ ਅਰੁਨ ਕੁਮਾਰ ਨਾਮੀ ਖਿਡਾਰੀ ਨੂੰ ਦਿੱਤੇ ਪਾਸ ਗੋਲ ਦਾਗਣ ‘ਚ ਕੋਈ ਗਲਤੀ ਨਹੀਂ ਕੀਤੀ ਤੇ ਮੁਕਾਬਲਾ 1-1 ਨਾਲ ਬਰਾਬਰ ਹੋ ਗਿਆ। ਪਹਿਲੇ ਗੋਲ ਤੋਂ ਮਿਲੇ ਉਤਸ਼ਾਹ ਸਦਕਾ ਟੀਮ ਦੇ ਹੀ ਰਾਹੁਲ ਸਿੰਘ ਨਾਮੀ ਇੱਕ ਹੋਰ ਖਿਡਾਰੀ ਨੇ 25 ਗਜ਼ ਦੇ ਘੇਰੇ ਤੋਂ ਸੰਭਾਲੀ ਗੇਂਦ ਨੂੰ ਗੋਲਕੀਪਰ ਅੰਕਿਤ ਮਲਿਕ ਦੀ ਸੁਰੱਖਿਆ ਬਾਵਜੂਦ ਨੈਟ ‘ਚ ਭੇਜ ਦਿੱਤਾ ਤੇ ਮੁਕਾਬਲੇ ਨੂੰ 2-1 ‘ਤੇ ਕਰ ਦਿੱਤਾ।
ਅੰਤ ‘ਚ ਬੈਂਕ ਦੀ ਟੀਮ ਵੱਲੋਂ ਵਿਰੋਧੀ ਟੀਮ ਦੇ ਸਰਕਲ ਅੰਦਰ ਦੋ ਵਾਰ ਮਿਲੇ ਮੌਕਿਆਂ ਨੂੰ ਗੋਲ ‘ਚ ਤਬਦੀਲ ਕਰਨ ਦੀ ਕੋਸ਼ਿਸ਼ ਤਾਂ ਕੀਤੀ ਪਰੰਤੂ ਕਿਸਮਤ ਦਾ ਸਾਥ ਨਾ ਮਿਲ ਸਕਿਆ ਤੇ ਅੰਤ ‘ਚ ਮੁਕਾਬਲਾ ਕੋਰਪਸ ਆਫ ਸਿੰਗਨਲਜ਼ ਜਲੰਧਰ ਦੀ ਟੀਮ ਨੇ ਆਪਣੇ ਨਾਂਅ ਕਰ ਲਿਆ। ਇਸ ਤੋਂ ਬਾਦ ਖੇਡ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਜਿੱਤੀ ਕੋਰਪਸ ਆਫ ਸਿੰਗਨਲਜ਼ ਜਲੰਧਰ ਦੀ ਟੀਮ ਨੂੰ ਇੱਕ ਲੱਖ ਰੁਪਏ ਤੇ ਉਪ ਜੇਤੂ ਰਹੀ ਪੰਜਾਬ ਐਂਡ ਸਿੰਧ ਬੈਂਕ ਨਵੀਂ ਦਿੱਲੀ ਦੀ ਟੀਮ ਨੂੰ ਪੰਜਾਹ ਹਜ਼ਾਰ ਰੁਪਏ ਦੇ ਇਨਾਮ ਵੰਡੇ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।