ਤਿੰਨੇ ਮੁਅੱਤਲ, ਇੱਕ ਗ੍ਰਿਫ਼ਤਾਰ, ਬਾਕੀ ਵੀ ਛੇਤੀ ਹੋਣਗੇ ਗ੍ਰਿਫ਼ਤਾਰ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਨਸ਼ੀਲੀਆਂ ਗੋਲੀਆਂ ਦੇ ਪਾਰਸਲ ਦੇ ਮਾਮਲੇ ਨੂੰ ਰਫਾ-ਦਫਾ ਕਰਕੇ ਮੁਲਜ਼ਮਾਂ ਵਿਰੁੱਧ ਕਾਰਵਾਈ ਨਾ ਕਰਨ ਦੇ ਮਾਮਲੇ ਵਿਚ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਪੇਸ਼ ਕੀਤੀ ਪੜਤਾਲੀਆ ਰਿਪੋਰਟ ਦੇ ਅਧਾਰ ‘ਤੇ ਸੀ.ਆਈ.ਏ. ਸਟਾਫ਼ ਰਾਜਪੁਰਾ ਦੇ ਇੰਸਪੈਕਟਰ ਗੁਰਜੀਤ ਸਿੰਘ, ਸਹਾਇਕ ਥਾਣੇਦਾਰ ਸਾਹਿਬ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਤਿੰਨਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ ਅਤੇ ਸਹਾਇਕ ਥਾਣੇਦਾਰ ਨੰਬਰ 1679 ਪਟਿਆਲਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਦੱਸਣਯੋਗ ਹੈ ਕਿ ਨਸ਼ੀਲੀਆਂ ਗੋਲੀਆਂ ਦਾ ਇਹ ਮਾਮਲਾ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਵੱਲੋਂ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਉਠਾਇਆ ਗਿਆ ਸੀ। Rajpura
ਇਸ ਸਬੰਧੀ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਿਤੀ 16.11.2019 ਨੂੰ 66 ਬਕਸੇ ਕਲੋਵੀਡੋਲ ਦਵਾਈਆਂ ਦਾ ਇੱਕ ਪਾਰਸਲ ਅਹੂਜਾ ਮੈਡੀਕਲ ਸਟੋਰ ਸਾਹਮਣੇ ਏ.ਪੀ.ਜੈਨ ਹਸਪਤਾਲ ਰਾਜਪੁਰਾ ਦੀ ਦੁਕਾਨ ‘ਤੇ ਚੰਦਨ ਟਰਾਂਸਪੋਰਟ ਰਾਹੀਂ ਆਇਆ। ਸੁਸ਼ੀਲ ਕੁਮਾਰ ਅਹੂਜਾ (ਮਾਲਕ ਅਹੂਜਾ ਮੈਡੀਕੋਜ਼) ਨੇ ਡਰਾਈਵਰ ਨੂੰ ਕਿਹਾ ਕਿ ਉਸ ਨੇ ਇਹ ਪਾਰਸਲ ਨਹੀਂ ਮੰਗਵਾਇਆ ਹੈ ਤਾਂ ਡਰਾਇਵਰ ਨੇ ਉਸ ਨੂੰ ਬਿੱਲ ਦੇ ਦਿੱਤਾ, ਬਿੱਲ ‘ਤੇ ਐਡਰੈਸ ਤਾਂ ਅਹੂਜਾ ਮੈਡੀਕਲ ਸਟੋਰ ਦਾ ਹੀ ਸੀ ਪਰ ਟੈਲੀਫੋਨ ਨੰਬਰ ਕਿਸੇ ਹੋਰ ਦਾ ਸੀ। ਅਹੂਜਾ ਮੈਡੀਕਲ ਵੱਲੋਂ ਜਦੋਂ ਚੰਦਨ ਟਰਾਂਸਪੋਰਟ ਦੇ ਮਾਲਕ ਨਾਲ ਫੋਨ ‘ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਪਾਰਸਲ ਦੇਵਯਾਨੀ ਫਾਰਮਾ, ਚੰਡੀਗੜ੍ਹ ਤੋਂ ਖੁਸ਼ਦਿਲ ਟਰਾਂਸਪੋਰਟ (ਚੰਡੀਗੜ) ਰਾਹੀਂ ਉਨ੍ਹਾਂ ਪਾਸ ਆਇਆ ਸੀ। ਉਸ ਪਾਰਸਲ ਵਿੱਚ 3300 ਗੋਲੀਆਂ ਕਲੋਵੀਡੋਲ ਦੀਆਂ ਸਨ, ਜਿਨ੍ਹਾਂ ਵਿੱਚ ਟਰਾਮਾਡੋਲ ਸਾਲਟ ਹੁੰਦਾ ਹੈ।
ਸ. ਸਿੱਧੂ ਨੇ ਦੱਸਿਆ ਕਿ ਉਕਤ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਪਤਾਨ ਪੁਲਿਸ, ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਅਤੇ ਉਪ ਕਪਤਾਨ ਪੁਲਿਸ ਸਰਕਲ ਰਾਜਪੁਰਾ ਆਕਾਸ਼ਦੀਪ ਸਿੰਘ ਔਲਖ ਪਾਸੋਂ ਕਰਵਾਈ ਗਈ। ਜਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਪਾਰਸਲ ਹਰੀ ਓਮ ਸ਼ੁਕਲਾ ਵਾਸੀ ਨਵਾਂ ਗਾਂਓ, ਚੰਡੀਗੜ੍ਹ ਵੱਲੋਂ ਭੇਜਿਆ ਗਿਆ ਸੀ, ਜੋ ਇਹ ਪਾਰਸਲ ਮੁਕੇਸ਼ ਕੁਮਾਰ (ਗੁਰੂ ਨਾਨਕ ਮੈਡੀਕਲ ਹਾਲ) ਵੱਲੋਂ ਆਪਣਾ ਮੋਬਾਇਲ ਨੰਬਰ ਦੇ ਕੇ ਮੰਗਵਾਇਆ ਗਿਆ ਸੀ, ਜਿਸ ਕਰਕੇ ਇਨ੍ਹਾਂ ਦੋਵਾਂ ਨੂੰ ਉਕਤ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਪੜਤਾਲ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਉਸੇ ਦਿਨ ਸ਼ਾਮ ਨੂੰ ਹੀ, ਇਸ ਭੇਜੇ ਗਏ ਪਾਰਸਲ ਦੀ ਸੂਚਨਾ ਇੰਚਾਰਜ ਸੀ.ਆਈ.ਏ ਸਟਾਫ ਰਾਜਪੁਰਾ ਇੰਸਪੈਕਟਰ ਗੁਰਜੀਤ ਸਿੰਘ ਨੂੰ ਪ੍ਰਾਪਤ ਹੋਈ ਸੀ। ਗੁਪਤ ਸੂਚਨਾ ਮਿਲਣ ‘ਤੇ ਇੰਚਾਰਜ ਸੀ.ਆਈ.ਏ ਰਾਜਪੁਰਾ ਵੱਲੋਂ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਅਤੇ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੂੰ ਭੇਜਿਆ ਗਿਆ। ਜਿਹਨਾਂ ਵੱਲੋਂ ਹਰੀ ਓਮ ਸ਼ੁਕਲਾ ਨੂੰ ਸੀ.ਆਈ.ਏ ਰਾਜਪੁਰਾ ਵਿਖੇ ਬੁਲਾਇਆ ਗਿਆ। ਪਰ ਇਸ ਪਾਰਸਲ ਸਬੰਧੀ ਅਤੇ ਹਰੀ ਓਮ ਸੁਕਲਾ ਨੂੰ ਸੀ.ਆਈ.ਏ ਰਾਜਪੁਰਾ ਬੁਲਾਉਣ ਸਬੰਧੀ ਇੰਚਾਰਜ ਸੀ.ਆਈ.ਏ ਰਾਜਪੁਰਾ ਵੱਲੋਂ ਇਸ ਦੀ ਸੂਚਨਾ ਕਿਸੇ ਵੀ ਸੀਨੀਅਰ ਅਫਸਰ ਨੂੰ ਨਹੀਂ ਦਿੱਤੀ ਗਈ ਅਤੇ ਬਿਨਾਂ ਕਿਸੇ ਅਫਸਰ ਨੂੰ ਦੱਸਿਆ ਅਤੇ ਇਸ ਮਾਮਲੇ ਨੂੰ ਬਿਨਾਂ ਇੰਨਵੈਸਟੀਗੇਟ ਕੀਤਿਆਂ ਆਪਣੇ ਪੱਧਰ ‘ਤੇ ਹੀ ਦਬਾ ਦਿੱਤਾ ਗਿਆ। ਜਿਸ ਕਰਕੇ ਇੰਚਾਰਜ ਸੀ.ਆਈ.ਏ ਸਟਾਫ ਰਾਜਪੁਰਾ ਇੰਸਪੈਕਟਰ ਗੁਰਜੀਤ ਸਿੰਘ, ਸਹਾਇਕ ਥਾਣੇਦਾਰ ਗੁਰਦੀਪ ਸਿੰਘ ਅਤੇ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੂੰ ਉਕਤ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਉਕਤ ਮੁਕੱਦਮਾ ਵਿੱਚ 13 (2) 88 ਪੀ.ਸੀ ਐਕਟ ਦਾ ਵਾਧਾ ਕੀਤਾ ਗਿਆ। ਮੁਕੱਦਮਾ ਵਿੱਚ ਮੁਲਜ਼ਮ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਉਨ੍ਹਾਂ ਵਿਰੁੱਧ ਵਿਭਾਗੀ ਪੜਤਾਲ ਆਰੰਭ ਕੀਤੀ ਜਾ ਚੁੱਕੀ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਤਫਤੀਸ਼ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਦੀ ਨਿਗਰਾਨੀ ਹੇਠ ਉਪ ਕਪਤਾਨ ਪੁਲਿਸ ਸਰਕਲ ਰਾਜਪੁਰਾ ਵੱਲੋਂ ਕੀਤੀ ਜਾ ਰਹੀ ਹੈ। ਤਫਤੀਸ਼ ਦੌਰਾਨ ਗੁਰੂ ਨਾਨਕ ਮੈਡੀਕਲ ਹਾਲ ਦੇ ਪ੍ਰੋਪਰਾਈਟਰ/ਪਾਰਟਰਨਰ/ਕੋਈ ਹੋਰ ਸਬੰਧਿਤ ਧਿਰ ਅਤੇ ਸਬੰਧਿਤ ਟਰਾਂਸਪੋਰਟਰਾਂ ਦੇ ਰੋਲ ਨੂੰ ਵਾਚਦੇ ਹੋਏ, ਕਾਰਵਾਈ ਕੀਤੀ ਜਾਵੇਗੀ। ਉਕਤ ਮੁਕੱਦਮੇ ਵਿੱਚ ਇੱਕ ਮੁਲਜ਼ਮ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਮਾਮਲੇ ਦੇ ਸਾਰੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।