ਦਹਾਕਿਆਂ ਦੇ ਵਿੱਛੜੇ ਰਿਸ਼ਤੇਦਾਰ ਮਿਲ ਰਹੇ ਹਨ ਕਰਤਾਰਪੁਰ ‘ਚ, ਆਪਣੇ ਬਜ਼ੁਰਗਾਂ ਅਤੇ ਹਵੇਲੀਆਂ ਨੂੰ ਲੈ ਕੇ ਹੋ ਰਹੀ ਐ ਚਰਚਾ
ਕਰਤਾਰਪੁਰ ਸਾਹਿਬ। ਭਰਾਂ ਜੀ, ਅਸਾਂ ਜਲੰਧਰ ਰਹਿੰਦੇ ਸਾਂ, ਕਾਫ਼ੀ ਛੋਟੇ ਹੋਣ ਕਰਕੇ ਸਾਨੂੰ ਤਾਂ ਹੁਣ ਯਾਦ ਵੀ ਨਹੀਂ ਪਰ ਇੰਨਾ ਜ਼ਰੂਰ ਐ ਸਾਨੂੰ ਜਲੰਧਰ ਦੀ ਯਾਦ ਆਉਂਦੀ ਹੈ। ਜੇਕਰ ਮੌਕਾ ਮਿਲਿਆ ਤਾਂ ਜਲੰਧਰ ਜ਼ਰੂਰ ਆਉਣਾ ਐ ਅਤੇ ਆਪਣੇ ਅੱਬਾ ਹਜ਼ੂਰ ਦੀ ਹਵੇਲੀ ਵੇਖਣੀ ਐ। ਤੁਸਾਂ ਬਹਾਵਲਪੁਰ ਰਹਿੰਦੇ ਸਓ, ਉਹ ਤਾਂ ਕਾਫ਼ੀ ਸੋਹਣਾ ਬਣ ਗਿਆ ਹੈ। ਤੁਸਾਂ ਆਪਣੇ ਬਹਾਵਲਪੁਰ ਜ਼ਰੂਰ ਗੇੜਾ ਮਾਰਨਾ, ਕਿਉਂਕਿ ਸਾਡੇ ਵਾਂਗ ਤੁਹਾਡਾ ਵੀ ਦਿਲ ਕਰਦਾ ਹੋਵੇਗਾ ਆਪਣੇ ਅੱਬਾ ਜਾਂ ਫਿਰ ਦਾਦਾ ਹਜ਼ੂਰ ਦੀ ਹਵੇਲੀ ਦੇਖਣ ਨੂੰ। ਆਹ ਸਿਆਸੀ ਲੀਡਰਾਂ ਨੇ ਦੋਵਾਂ ਮੁਲਕਾਂ ਦੀਆਂ ਲਕੀਰਾਂ ਵਧਾਉਂਦੇ ਹੋਏ ਦਿਲਾਂ ਵਿੱਚ ਹੀ ਵੈਰ ਪਾ ਦਿੱਤਾ ਐ, ਪਰ ਭਰਾ ਜੀ, ਤੁਹਾਨੂੰ ਮਿਲ ਕੇ ਮਜ਼ਾ ਆ ਗਿਐ, ਮੈ ਇਥੇ ਇਸੇ ਕਰਕੇ ਆਇਆ ਹਾਂ ਕਿ ਆਪਣੇ ਪੁਰਾਣੇ ਮੁਲਕ ਤੋਂ ਆਏ ਕੁਝ ਲੋਕਾਂ ਨੂੰ ਮਿਲ ਸਕਾਂ।
ਕੁਝ ਇਸ ਤਰ੍ਹਾਂ ਦੀਆਂ ਆਪਣੇ ਦਿਲ ਦੀਆਂ ਗੱਲਾਂ ਦਾ ਇਜ਼ਹਾਰ ਅੱਜ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਲਹਿੰਦੇ ਪੰਜਾਬ ਦੇ ਲੋਕ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੂੰ ਮਿਲ ਕੇ ਕਰ ਰਹੇ ਸਨ। ਲਾਂਘਾ ਖੁੱਲ੍ਹਣ ਨਾਲ ਨਾ ਸਿਰਫ਼ ਵਿੱਛੜੇ ਗੁਰਧਾਮਾਂ ਦੇ ਦਰਸ਼ਨ-ਦੀਦਾਰ ਹੋ ਰਹੇ ਹਨ, ਸਗੋਂ 1947 ਮੌਕੇ ਵਿੱਛੜੇ ਰਿਸ਼ਤੇਦਾਰ ਇੱਕ ਵਾਰ ਫਿਰ ਤੋਂ ਮਿਲ ਰਹੇ ਹਨ। ਪਾਕਿਸਤਾਨ ਤੋਂ ਵੀ ਆ ਰਹੀਂ ਸੰਗਤ ਵਿੱਚ ਜ਼ਿਆਦਾਤਰ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਦੇ ਬਜ਼ੁਰਗ ਜਾਂ ਫਿਰ ਉਹ ਖ਼ੁਦ ਚੜ੍ਹਦੇ ਪੰਜਾਬ ਵਿੱਚ ਰਹਿੰਦੇ ਸਨ ਪਰ 1947 ‘ਚ ਵੰਡ ਮੌਕੇ ਉਨ੍ਹਾਂ ਨੂੰ ਆਪਣਾ ਸ਼ਹਿਰ ਅਤੇ ਘਰ ਛੱਡ ਕੇ ਪਾਕਿਸਤਾਨ ਜਾਣਾ ਪੈ ਗਿਆ।
ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਾ ਸਿਰਫ਼ ਪਾਕਿਸਤਾਨੀ ਸ਼ਰਧਾਲੂ, ਸਗੋਂ ਮੌਕੇ ‘ਤੇ ਤੈਨਾਤ ਪਾਕਿਸਤਾਨੀ ਫੌਜੀ, ਅਧਿਕਾਰੀ ਤੇ ਕਰਮਚਾਰੀ ਅਮਲਾ ਵੀ ਭਾਰਤੀ ਪੰਜਾਬ ਅਤੇ ਭਾਰਤ ਬਾਰੇ ਕਾਫ਼ੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦਾ ਹੈ। ਕੋਈ ਆਪਣੇ ਪਿੰਡ ਅਤੇ ਸ਼ਹਿਰ ਬਾਰੇ ਪੁੱਛਦਾ ਹੈ ਤਾਂ ਕੋਈ ਪਾਕਿਸਤਾਨ ‘ਚ ਰਹਿ ਗਏ ਭਾਰਤੀਆਂ ਦੇ ਸ਼ਹਿਰ ਅਤੇ ਘਰਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਸ਼ ਕਰਦਾ ਹੈ। ਪਾਕਿਸਤਾਨ ਦੇ ਨਾਰੋਵਾਲ ਤੋਂ ਆਏ ਇੱਕ ਪਰਿਵਾਰ ਨੇ ਭਾਰਤੀ ਲੋਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ 1947 ਤੋਂ ਪਹਿਲਾਂ ਜਲੰਧਰ ਵਿਖੇ ਰਹਿੰਦੇ ਸਨ ਅਤੇ ਵੰਡ ਮੌਕੇ ਭਾਰਤ ਛੱਡਣਾ ਪਿਆ। ਇਸ ਪਰਿਵਾਰ ਨੇ ਜਲੰਧਰ ਬਾਰੇ ਕਾਫ਼ੀ ਜਾਣਕਾਰੀ ਲੈਣ ਤੋਂ ਬਾਅਦ ਜਲੰਧਰ ਦੇ ਸਿੱਖ ਪਰਿਵਾਰ ਨਾਲ ਫੋਟਆਂ ਵੀ ਕਰਵਾਈਆਂ।
ਇਸ ਤਰ੍ਹਾਂ ਹੀ ਕਈ ਹੋਰ ਪਾਕਿਸਤਾਨੀ ਪਰਿਵਾਰ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰ: ਤੋਂ ਆਏ ਪੰਜਾਬੀਆਂ ਨੂੰ ਮਿਲ ਕੇ ਦੱਸਿਆ ਕਿ ਜਿਥੋਂ ਉਹ ਆਏ ਹਨ, ਉਸੇ ਸ਼ਹਿਰ ਵਿੱਚ ਉਨ੍ਹਾਂ ਦੇ ਬਜ਼ੁਰਗ ਰਹਿੰਦੇ ਸਨ ਅਤੇ ਪਾਕਿਸਤਾਨ ਆਉਣ ਤੋਂ ਬਾਅਦ ਉਹ ਹਮੇਸ਼ਾ ਹੀ ਚੜ੍ਹਦੇ ਪੰਜਾਬ ਦੇ ਉਨ੍ਹਾਂ ਸ਼ਹਿਰਾਂ ਅਤੇ ਪਿੰਡਾਂ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵਿੱਛੜੇ ਗੁਰਧਾਮਾਂ ਦੇ ਨਾਲ ਹੀ ਵਿੱਛੜੇ ਪਰਿਵਾਰ ਵੀ ਆਪਸ ਵਿੱਚ ਮਿਲ ਕੇ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ, ਇਹ ਸਾਰਾ ਨਜ਼ਾਰਾ ਦੇਖਣ ਵਾਲਾ ਹੀ ਸੀ।
ਸ੍ਰੀ ਕਰਤਾਰਪੁਰ ਸਾਹਿਬ ਤੋਂ ਅਸ਼ਵਨੀ ਚਾਵਲਾ ਦੀ ਵਿਸ਼ੇਸ਼ ਰਿਪੋਰਟ
ਸਾਡਾ ਵੀ ਕਰਦਾ ਐ ਦਿਲ, ਭਾਰਤ ਘੁੰਮਣ ਦਾ ਪਰ ਸਿਆਸੀ ਲੋਕਾਂ ਨੇ ਲਕੀਰਾਂ ਵਧਾ ਦਿੱਤੀਆਂ ਨੈ ਪਾਕਿਸਤਾਨ ਦੇ ਨਾਰੋਵਾਲ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਵੀ ਦਿਲ ਬਹੁਤ ਕਰਦਾ ਹੈ ਕਿ ਉਹ ਚੜ੍ਹਦੇ ਪੰਜਾਬ ਵਿਖੇ ਘੁੰਮਣ ਲਈ ਆਉਣ ਪਰ ਸਾਡੇ ਦੋਵਾਂ ਮੁਲਕਾਂ ਦੇ ਸਿਆਸੀ ਲੋਕਾਂ ਵੱਲੋਂ ਗਲਤ ਪ੍ਰਚਾਰ ਕਰਦੇ ਹੋਏ ਦੋਵਾਂ ਵਿਚਕਾਰ ਲਕੀਰਾਂ ਇੰਨੀਆਂ ਜ਼ਿਆਦਾ ਵਧਾ ਦਿੱਤੀਆਂ ਹਨ ਕਿ ਹੁਣ ਇਨ੍ਹਾਂ ਲਕੀਰਾਂ ਨੂੰ ਤੋੜਨਾ ਕਾਫ਼ੀ ਔਖਾ ਹੋਇਆ ਪਿਆ ਹੈ।
ਫੋਟੋਆਂ ਤੇ ਸੈਲਫੀਆਂ ਨੇ ਵਧਾਈ ਸਾਂਝ
ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਪੰਜਾਬੀ ਪਾਕਿਸਤਾਨ ਵਾਲੇ ਪਾਸੇ ਪੁੱਜਣ ਸਾਰ ਹੀ ਸਭ ਤੋਂ ਪਹਿਲਾਂ ਫੋਟੋ ਸੈਸ਼ਨ ਸ਼ੁਰੂ ਕਰ ਲੈਂਦੇ ਹਨ। ਪਾਕਿਸਤਾਨ ਵਾਲੇ ਪਾਸੇ ਸੁਰੱਖਿਆ ਅਤੇ ਇਮੀਗ੍ਰੇਸ਼ਨ ਲਈ ਤੈਨਾਤ ਅਧਿਕਾਰੀਆਂ ਨਾਲ ਪੰਜਾਬੀ ਜ਼ਿਆਦਾ ਫੋਟੋ ਲੈਣ ਦੀ ਕੋਸ਼ਸ਼ ਕਰ ਰਹੇ ਹਨ। ਪਾਕਿਸਤਾਨੀ ਅਧਿਕਾਰੀ ਵੀ ਖ਼ੁਦ ਅੱਗੇ ਆ ਕੇ ਫੋਟੋ ਸੈਸ਼ਨ ਕਰਵਾ ਰਹੇ ਹਨ ਅਤੇ ਕੋਈ ਵੀ ਕਿਸੇ ਤਰ੍ਹਾਂ ਦੀ ਮਨਾਹੀ ਨਹੀਂ ਕਰ ਰਿਹਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਵਸਨੀਕ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਉਣ ਤੋਂ ਬਾਅਦ ਪੰਜਾਬ ਤੋਂ ਆਏ ਲੋਕਾਂ ਨਾਲ ਸੈਲਫ਼ੀਆ ਲੈ ਰਹੇ ਹਨ।
ਆਪਣਿਆਂ ਨੂੰ ਸੱਦਿਆ ਜਾ ਰਿਹੈ ਕਰਤਾਰਪੁਰ, ਦੋਹਾਂ ਮੁਲਕਾਂ ਦੇ ਰਿਸ਼ਤੇਦਾਰਾਂ ਦਾ ਹੋਵੇਗਾ ਮੇਲ
ਪਾਕਿ ਅਤੇ ਭਾਰਤ ਦੋਵਾਂ ਮੁਲਕਾਂ ‘ਚ ਰਹਿੰਦੇ ਰਿਸ਼ਤੇਦਾਰਾਂ ਵੱਲੋਂ ਇੱਕ ਦੂਜੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਜਿਹੜਾ ਵਿਛੋੜਾ ਕਈ ਦਹਾਕੇ ਪਹਿਲਾਂ ਹੋ ਚੁੱਕਾ ਸੀ, ਉਹਨਾਂ ਖਤਮ ਕਰਦੇ ਹੋਏ ਆਪਣੇ ਪਰਿਵਾਰਕ ਮੈਂਬਰਾਂ ਨੂੰ ਇੱਕ ਵਾਰ ਫਿਰ ਮਿਲਿਆ ਜਾ ਸਕੇ ਦੋਵਾਂ ਮੁਲਕਾਂ ‘ਚ ਰਹਿੰਦੇ ਰਿਸ਼ਤੇਦਾਰ ਕਿਸੀ ਤਰੀਕੇ ਇੱਕ ਤਰੀਕ ਤੈਅ ਕਰਦੇ ਹੋਏ ਉਸੇ ਦਿਨ ਦੀ ਬੁਕਿੰਗ ਕਰਵਾ ਰਹੇ ਹੈ ਤਾਂਕਿ ਦਰਸ਼ਨ ਦੀਦਾਰ ਦੇ ਨਾਲ ਹੀ ਆਪਣੇ ਪਕਿਸਤਾਨ ਰਹਿੰਦੇ ਰਿਸ਼ਤੇਦਾਰਾਂ ਨੂੰ ਵੀ ਕਰਤਾਰਪੁਰ ਵਿਖੇ ਮਿਲਿਆ ਜਾ ਸਕੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।