ਪੰਜਾਬੀ ‘ਵਰਸਿਟੀ ‘ਚ ਸੱਤਵੀਂ ਦੱਖਣੀ ਏਸ਼ੀਆਈ ਇਤਿਹਾਸ ਕਾਨਫਰੰਸ ਸ਼ੁਰੂ

Seventh, South Asian, History, Conference ,Varsity

ਸ੍ਰੀਲੰਕਾ ਤੋਂ ਡਾ. ਅਨੂਥਥਰਦੇਵੀ ਵਿਦਿਆਲੰਕਾਰਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ

ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਤਿਹਾਸ ਵਿਭਾਗ ਵੱਲੋਂ ਕਰਵਾਈ ਜਾ ਰਹੀ ਸੱਤਵੀਂ ਦੱਖਣੀ ਏਸ਼ੀਆਈ ਇਤਿਹਾਸ ਕਾਨਫਰੰਸ ਸੈਨੇਟ ਹਾਲ ਵਿਖੇ ਹੋਏ ਉਦਘਾਟਨੀ ਸਮਾਰੋਹ ਨਾਲ ਆਰੰਭ ਹੋ ਗਈ। ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਵਿਸ਼ੇਸ਼ ਪ੍ਰਸੰਗ ਵਿੱਚ ਦੱਖਣੀ ਏਸ਼ੀਆ ਦੇ ਮੁਲਕਾਂ ਵਿੱਚ ਵਪਾਰ, ਵਪਾਰਕ ਮਾਰਗਾਂ ਅਤੇ ਯਾਤਰਾਵਾਂ ਦੇ ਵਿਸ਼ੇ ‘ਤੇ ਕਰਵਾਈ ਜਾ ਰਹੀ ਇਸ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕੀਤੀ। ਉਦਘਾਟਨੀ ਭਾਸ਼ਣ ਕੈਨੇਡਾ ਤੋਂ ਆਏ ਵਿਦਵਾਨ ਪਾਲ ਸਿੰਘ ਪੁਰੇਵਾਲ ਨੇ ਅਤੇ ਕੁੰਜੀਵਤ ਭਾਸ਼ਣ ਕਨੂਰ ਯੂਨੀਵਰਸਿਟੀ ਕੇਰਲਾ ਦੇ ਵਾਈਸ ਚਾਂਸਲਰ ਪ੍ਰੋ. ਗੋਪੀਨਾਥ ਰਵਿੰਦਰਨ ਨੇ ਦਿੱਤਾ। ਇਸ ਮੌਕੇ ਐਮ. ਐੱਲ. ਏ. ਘਨੌਰ ਮਦਨ ਲਾਲ ਅਤੇ ਯੂਨੀਵਰਸਿਟੀ ਆਫ਼ ਕੋਲੰਬੋ, ਸ੍ਰੀਲੰਕਾ ਤੋਂ ਡਾ. ਅਨੂਥਥਰਦੇਵੀ ਵਿਦਿਆਲੰਕਾਰਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।

ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਾਈਸ-ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਕਿਹਾ ਕਿ ਦੱਖਣ ਏਸ਼ੀਆਈ ਮੁਲਕਾਂ ਵਿੱਚ ਆਪਸੀ ਰਿਸ਼ਤਿਆਂ ਅਤੇ ਵਪਾਰ ਦੇ ਪ੍ਰਫੁੱਲਿਤ ਹੋਣ ਵਿੱਚ ਗੁਰੂ ਨਾਨਕ ਸਾਹਿਬ ਦਾ ਫਲਸਫਾ ਇੱਕ ਅਹਿਮ ਭੂਮਿਕਾ ਅਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਕਾਂ ਦੇ ਆਪਸੀ ਵਖਰੇਵੇਂ ਅਤੇ ਮੱਤਭੇਦਾਂ ਨੂੰ ਗੁਰੂ ਸਾਹਿਬ ਦੇ ‘ਮਿੱਠਤ ਨੀਵੀਂ ਨਾਨਕਾ’ ਵਾਲੇ ਦ੍ਰਿਸ਼ਟੀਕੋਣ ਨਾਲ ਨਜਿੱਠਣਾ ਹੀ ਬਿਹਤਰ ਹੈ।

ਉਦਘਾਟਨੀ ਭਾਸ਼ਣ ਦੌਰਾਨ ਪਾਲ ਸਿੰਘ ਪੁਰੇਵਾਲ ਨੇ ਕਿਹਾ ਕਿ ਇਤਿਹਾਸ ਦੇ ਵਿਸ਼ੇ ਵਿੱਚ ਮਿਤੀਆਂ ਦੀ ਪ੍ਰਮਾਣਿਕਤਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਆਪਣੇ ਅਨੁਭਵ ਦੇ ਅਧਾਰ ‘ਤੇ ਸਿੱਖ ਇਤਿਹਾਸ ਵਿਚਲੀਆਂ ਬਹੁਤ ਸਾਰੀਆਂ ਅਹਿਮ ਘਟਨਾਵਾਂ ਦੀਆਂ ਮਿਤੀਆਂ ਬਾਰੇ ਸਵਾਲ ਉਠਾਉਂਦਿਆਂ ਤਰਕਪੂਰਨ ਢੰਗ ਨਾਲ ਉਨ੍ਹਾਂ ਬਾਰੇ ਵਿਸਥਾਰ ਵਿਚ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕੈਲੰਡਰ ਸਬੰਧੀ ਸਿਧਾਂਤਕ ਗਿਆਨ ਨੂੰ ਵੀ ਪਾਠਕ੍ਰਮਾਂ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।

ਵਿਸ਼ੇਸ ਮਹਿਮਾਨ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਹਮੇਸ਼ਾ ਹੀ ਆਪਸੀ ਭਾਈਚਾਰਕ ਸਾਂਝ ਦੀ ਗੱਲ ਕੀਤੀ ਹੈ। ਇਸ ਲਈ ਬਾਬੇ ਨਾਨਕ ਦਾ ਸੁਨੇਹਾ ਵੱਧ ਤੋਂ ਵੱਧ ਫੈਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਿਧਾਂਤਾਂ ‘ਤੇ ਅਮਲ ਕਰਨਾ ਚਾਹੀਦਾ ਹੈ। ਕੁੰਜੀਵਤ ਭਾਸ਼ਣ ਦੌਰਾਨ ਪ੍ਰੋ. ਗੋਪੀਨਾਥ ਰਵਿੰਦਰਨ ਨੇ ਬਹੁਤ ਹੀ ਬਰੀਕੀ ਨਾਲ ਇਤਿਹਾਸ ਅਤੇ ਭੂਗੋਲ ਦੇ ਵਿਸ਼ੇ ਨੂੰ ਆਪਸ ਵਿਚ ਜੋੜਦਿਆਂ ਦੱਖਣ ਏਸ਼ੀਆਈ ਭੂਗੋਲਿਕ ਖਿੱਤੇ ਵਿਚਲੇ ਆਪਸੀ ਸਬੰਧਾਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ।  ਇਸ ਮੌਕੇ 6ਵੀਂ ਦੱਖਣੀ ਏਸ਼ੀਆਈ ਕਾਨਫਰੰਸ ਦੀਆਂ ਪ੍ਰੋਸੀਡਿੰਗਜ਼ ਅਤੇ ਆਸਟਰੇਲੀਆ ਤੋਂ ਪਹੁੰਚੇ ਲੇਖਕ ਅਮਨਦੀਪ ਸਿੰਘ ਸਿੱਧੂ ਦੀ ਕਿਤਾਬ ਵੀ ਰਿਲੀਜ਼ ਕੀਤੀ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here