ਹਰਪ੍ਰੀਤ ਸਿੰਘ ਬਰਾੜ
ਮਨੁੱਖ ਨੂੰ ਜਿੰਦਗੀ ਬਸਰ ਕਰਨ ਲਈ ਕਈ ਤਰ੍ਹਾਂ ਦੇ ਵਸੀਲਿਆਂ ਦੀ ਲੋੜ ਪੈਂਦੀ ਹੈ। ਇਹਨਾਂ ਵਸੀਲਿਆਂ ਦੀ ਕਮੀ ਜਾਂ ਨਾ ਹੋਣਾ ਗਰੀਬੀ ਨੂੰ ਦਰਸਾਉਂਦਾ ਹੈ। ਕੁਝ ਸਮਾਜ ਸ਼ਾਸਤਰੀ ਸਿਰਫ ਭੌਤਿਕ ਵਸੀਲਿਆਂ ਦੀ ਕਮੀ ਨੂੰ ਗਰੀਬੀ ਦਾ ਅਧਾਰ ਮੰਨਦੇ ਹਨ, ਜਦਕਿ ਕੁਝ ਸਿੱਖਿਆ/ਪੜ੍ਹਾਈ-ਲਿਖਾਈ ਦੀ ਕਮੀ, ਰੁਜ਼ਗਾਰ ਦੇ ਮੌਕਿਆਂ ਦੀ ਥੋੜ, ਕੰਮ ਕਰਨ ਦੇ ਤਜ਼ੁਰਬੇ ਦੀ ਕਮੀ ਅਤੇ ਸਮਾਜਿਕ ਬਾਈਕਾਟ ਨੂੰ ਵੀ ਗਰੀਬੀ ਦੇ ਨਾਲ ਜੋੜ ਕੇ ਦੇਖਦੇ ਹਨ। ਇਹ ਉਹ ਪੱਖ ਹਨ ਜੋ ਸਮਾਜ ਦੀਆਂ ਇਕਾਈਆਂ ਨੂੰ ਅਨੇਕਾਂ ਗਤੀਵਿਧੀਆਂ ‘ਚ ਸ਼ਮੂਲੀਅਤ ਕਰਨ ਲਈ ਰੁਕਾਵਟ ਬਣਦੇ ਹਨ। ਵਿਸ਼ਵੀਕਰਨ ਤੋਂ ਬਾਅਦ ਗਰੀਬੀ ਦਰ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ।
ਅੰਗਰੇਜੀ ਹਕੂਮਤ ਦੇ ਵਿਗਿਆਨੀ ਗਲਫਸ਼ ਮਿਲੀਬੇਂਡ ਤਰਕ ਦਿੰਦੇ ਹੋਏ ਦੱਸਦੇ ਹਨ ਕਿ ਜਿਵੇਂ-ਜਿਵੇਂ ਗਰੀਬੀ ਦਾ ਵਿਸਥਾਰ ਹੁੰਦਾ ਹੈ, ਸਮਾਜ ਵਿਚ ਨਾਬਰਾਬਰੀ ਅਤੇ ਸਮੱਸਿਆਵਾਂ ਹੋਰ ਵਧਦੀਆਂ ਹਨ। ਪਿੱਛੇ ਜਿਹੇ ਭੁੱਖਮਰੀ ਦਾ ਸਾਹਮਣਾ ਕਰ ਰਹੇ 117 ਦੇਸ਼ਾਂ ਬਾਰੇ ਵਿਸ਼ਵ ਭੁੱਖਮਰੀ ਸੂਚਕਾਂਕ ਦੀ ਰਿਪੋਰਟ ਆਈ ਹੈ। ਇਸ ਸੂਚੀ ਵਿਚ ਭਾਰਤ 102ਵੇਂ ਸਥਾਨ ‘ਤੇ ਹੈ, ਜਦ ਕਿ ਪਾਕਿਸਤਾਨ 94ਵੇਂ, ਬੰਗਲਾਦੇਸ਼ 88ਵੇਂ, ਨੇਪਾਲ 73ਵੇਂ ਅਤੇ ਸ੍ਰੀਲੰਕਾ 66ਵੇਂ ਸਥਾਨ ‘ਤੇ ਹੈ। ਸਾਲ 2017 ਵਿਚ ਭਾਰਤ 119 ਦੇਸਾਂ ਦੀ ਸੂਚੀ ਵਿੱਚੋਂ 100ਵੇਂ ਸਥਾਨ ‘ਤੇ ਸੀ ਅਤੇ 2018 ‘ਚ 103ਵੇਂ ਸਥਾਨ ‘ਤੇ ਸੀ। ਜੇਕਰ 2014 ਦੇ ਅੰਕੜਿਆਂ ਦੇ ਨਾਲ ਮਿਲਾ ਕੇ ਦੇਖੀਏ ਤਾਂ ਭਾਰਤ 55ਵੇਂ ਸਥਾਨ ‘ਤੇ ਸੀ। ਇਹਨਾਂ ਅੰਕੜਿਆਂ ਦੇ ਅਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਦੇਸ਼ ਵਿੱਚ ਭੁੱਖਮਰੀ ਦੀ ਹਾਲਤ ‘ਚ ਕੋਈ ਸੁਧਾਰ ਨਹੀਂ ਹੋਇਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਪਹਿਲੇ ਰਾਸ਼ਟਰੀ ਪੋਸ਼ਣ ਸਰਵੇਖਣ ਮੁਤਾਬਕ ਦੇਸ਼ ‘ਚ 10 ਤੋਂ 19 ਸਾਲ ਦੀ ਉਮਰ ਵਰਗ ਦੇ 4 ਬੱਚਿਆਂ ਵਿਚੋਂ ਇੱਕ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ।
ਮਹਾਤਮਾ ਗਾਂਧੀ ਨੇ ਦੇਸ਼ ਦੀ ਤਰੱਕੀ ‘ਚ ਹਰ ਇੱਕ ਗਰੀਬ ਇਕਾਈ ਦੀ ਭਾਗੀਦਾਰੀ ਨੂੰ ਬਹੁਤ ਮਹੱਤਵ ਦਿੱਤਾ ਹੈ, ਤਾਂ ਕਿ ਉਹ ਗਰੀਬੀ, ਬੇਰੁਜ਼ਗਾਰੀ ਅਤੇ ਭੁੱਖਮਰੀ ਨਾਲ ਮੁਕਾਬਲਾ ਕਰਨ ਦੇ ਤਰੀਕੇ ਖੁਦ ਲੱਭ ਸਕਣ। ਪਰ ਮੌਜੂਦਾ ਉਪਭੋਗਤਾਵਾਦੀ ਅਤੇ ਉਦਾਰਵਾਦੀ ਸਮਾਜ ‘ਚ ਅਮੀਰ ਅਤੇ ਗਰੀਬ ਵਰਗ ‘ਚ ਵਧਦੇ ਫਾਸਲੇ ਨੇ ਅਨੇਕਾਂ ਪ੍ਰੇਸ਼ਾਨੀਆਂ ਪੈਦਾ ਕਰਨ ਵਾਲੇ ਹਲਾਤਾਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਮੱਧ ਵਰਗ ਅਤੇ ਗਰੀਬ ਵਰਗ ਦੇ ਸਾਹਮਣੇ ਉਹਨਾਂ ਦੀ ਹੋਂਦ ਨੂੰ ਹੀ ਲਗਾਤਾਰ ਇੱਕ ਚੁਣੌਤੀ ਦੇ ਰੂਪ ਵਿਚ ਪੇਸ਼ ਕੀਤਾ ਹੈ।
ਇਹ ਇੱਕ ਤ੍ਰਾਸਦੀ ਹੀ ਹੈ ਕਿ ਭਾਰਤ ਇੱਕ ਕਲਿਆਣਕਾਰੀ ਦੇਸ਼ ਦੀ ਛਵੀ ਦੇ ਬਾਵਜ਼ਦ ਗਰੀਬ ਜਨਸੰਖਿਆ ਨੂੰ ਮੁੱਢਲੀਆਂ ਅਤੇ ਘੱਟੋ-ਘੱਟ ਲੋੜਾਂ ਦੀ ਪੂਰਤੀ ਲਈ ਵਸੀਲੇ ਉਪਲੱਬਧ ਨਹੀਂ ਕਰਵਾ ਪਾ ਰਿਹਾ ਹੈ। ਇਸੇ ਕਾਰਨ ਜੇਕਰ ਅਨੇਕ ਪਰਿਵਾਰ ਰੋਜੀ-ਰੋਟੀ ਕਮਾਉੁਣ, ਸਿਹਤ, ਭੁੱਖਮਰੀ ਅਤੇ ਕੁਪੋਸ਼ਣ ਨਾਲ ਸੰਘਰਸ਼ ਕਰਨ ‘ਚ ਅਸਫਲ ਹੋ ਰਹੇ ਹਨ ਤਾਂ ਉਨ੍ਹਾਂ ਦੇ ਸਾਹਮਣੇ ਸਮੂਹਿਕ ਆਤਮ-ਹੱਤਿਆ ਅਤੇ ਹੋਰ ਅਪਰਾਧਾਂ ਵਰਗੇ ਬਦਲ ਉੱਭਰ ਕੇ ਆ ਸਕਦੇ ਹਨ। ਰੰਗਰਾਜਨ ਕਮੇਟੀ ਨੇ ਆਪਣੀ ਰਿਪੋਰਟ ‘ਚ ਪੇਂਡੂ ਅਤੇ ਸ਼ਹਿਰੀ ਗਰੀਬੀ ਲਈ ਲੜੀਵਾਰ 32 ਅਤੇ 47 ਰੁਪਏ ਪ੍ਰਤੀਦਿਨ ਖਰਚ ਦਾ ਪੈਮਾਨਾ ਤੈਅ ਕੀਤਾ ਸੀ। ਜਦਕਿ ਅਰਜੁਨ ਸੇਨ ਗੁਪਤਾ ਕਮੇਟੀ ਨੇ ਇਹ ਰਕਮ 20 ਰੁਪਏ ਪ੍ਰਤੀਦਿਨ ਤੈਅ ਕੀਤੀ ਸੀ। ਇਹ ਰਿਪੋਰਟਾਂ ਭਾਵੇਂ ਕਿੰਨੀਆਂ ਹੀ ਵਿਵਾਦਪੂਰਨ ਹੋਣ, ਪਰ ਇਸ ਤੱਥ ਨੂੰ ਤਸਦੀਕ ਕਰਦੀਆਂ ਹਨ ਕਿ ਦੇਸ਼ ਦੀ ਅਬਾਦੀ ਦਾ ਲਗਭਗ 35 ਫੀਸਦੀ ਹਿੱਸਾ ਗਰੀਬੀ ਰੇਖਾ ਤੋਂ ਹੇਠਾਂ ਜਿੰਦਗੀ ਗੁਜ਼ਾਰਨ ਨੂੰ ਮਜ਼ਬੂਰ ਹੈ।
ਵਿਸ਼ਵ ਆਰਥਿਕ ਮੰਚ ਵੱਲੋਂ ਹਾਲ ਹੀ ‘ਚ ਜਾਰੀ ਗਲੋਬਲ ਮੁਕਾਬਲਾ ਸੂਚਕਾਂਕ ‘ਚ ਭਾਰਤ ਨੂੰ ਇਸ ਸਾਲ 141 ਦੇਸ਼ਾਂ ਦੀ ਸੂਚੀ ਵਿੱਚ 68ਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਰਿਪੋਰਟ ਮੁਤਾਬਕ ਦੇਸ਼ ਸੂਚਨਾ ਅਤੇ ਤਕਨੀਕ ਨੂੰ ਅਪਣਾਉਣ ‘ਚ ਸੁਸਤ ਰਹਿਣ, ਸਿਹਤ ਖੇਤਰ ‘ਚ ਖਰਾਬ ਹਾਲਤ ਹੋਣ ਅਤੇ ਸਿਹਤਮੰਦ ਜਿੰਦਗੀ ਦੀਆਂ ਖਰਾਬ ਸੰਭਾਵਨਾਵਾਂ ਦੇ ਕਾਰਨ ਪਿੱਛੜ ਗਿਆ। ਇੱਥੋਂ ਤੱਕ ਕਿ ਸਿਹਤਮੰਦ ਜਿੰਦਗੀ ਦੀ ਸੰਭਾਵਨਾ ‘ਚ ਤਾਂ ਭਾਰਤ ਦਾ ਸਥਾਨ 109ਵਾਂ ਰਿਹਾ, ਜਿਨਸੀ ਨਾਬਰਾਬਰੀ ‘ਚ ਭਾਰਤ 128ਵੇਂ ਸਥਾਨ ‘ਤੇ ਰਿਹਾ ਅਤੇ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਵਿਸ਼ਵ ਕ੍ਰਾਂਤੀ ਸੂਚਕਾਂਕ ‘ਚ ਪਿਛਲੇ ਸਾਲ ਦੀ ਬਰਾਬਰੀ ਤੋਂ ਭਾਰਤ 5 ਪੌੜੀਆਂ ਹੋਰ ਥੱਲੇ ਡਿੱਗ ਗਿਆ। ਅੱਜ ਇਹਨਾਂ ਸਾਰਿਆਂ ਅੰਕੜਿਆਂ ਨੂੰ ਧਿਆਨ ‘ਚ ਰੱਖ ਕੇ ਚਿੰਤਨ ਕਰਨ ਦੀ ਲੋੜ ਹੈ, ਤਾਂ ਕਿ ਸਮਾਂ ਰਹਿੰਦੇ ਤਰੱਕੀ ਦੇ ਮਾਡਲ ਨੂੰ ਅਸਲ ਰੂਪ ਦਿੱਤਾ ਜਾ ਸਕੇ। ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤ ਵਿਚ ਸਿਹਤ ਸਹੂਲਤਾਂ ਵੀ ਕਾਰਪੋਰੇਟ ਬਜਾਰ ਦਾ ਹਿੱਸਾ ਬਣਦੀਆਂ ਜਾ ਰਹੀਆਂ ਹਨ। ਸਿਹਤ ਸੇਵਾਵਾਂ ਦੇ ਵਪਾਰੀਕਰਨ ਨੇ ਡਾਕਟਰ ਮਰੀਜ਼ ਵਿਚਕਾਰਲੇ ਸਬੰਧ ‘ਤੇ ਨਕਾਰਾਤਕਮਕ ਅਸਰ ਪਾਇਆ ਹੈ। ਜ਼ਿਆਦਾਤਰ ਅਜਿਹਾ ਦੇਖਿਆ ਜਾਂਦਾ ਹੈ ਕਿ ਸਰਕਾਰੀ ਹਸਪਤਾਲਾਂ ‘ਚ ਮੈਡੀਕਲ ਉਪਕਰਨ ਖਰਾਬ ਪਏ ਹੋਣ ਜਾਂ ਆਧੁਨਿਕ ਤਕਨੀਕ ਨਾ ਹੋਣ ਨਾਲ ਰੋਗੀ ਨੂੰ ਸਬੰਧਤ ਜਾਂਚ ਲਈ ਨਿੱਜੀ ਹਸਪਤਾਲ ਵੱਲ ਜਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਅਤੇ ਗਰੀਬੀ ਕਾਰਨ ਉਹ ਸਿਹਤ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਨ।
ਇਸ ਨੂੰ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਇੱਕ ਪਾਸੇ ਅਬਾਦੀ ਦਾ ਇੱਕ ਹਿੱਸਾ ਆਪਣੀ ਝੂਠੀ ਸਾਨੋ-ਸ਼ੌਕਤ ਲਈ ਵਿਆਹ ਅਤੇ ਹੋਰ ਸਮਾਗਮਾਂ ‘ਚ ਖਾਣੇ ਦੀ ਬਰਬਾਦੀ ਕਰਦਾ ਹੈ, ਤਾਂ ਦੂਜੇ ਪਾਸੇ ਭਾਰਤ ਕੁਪੋਸ਼ਣ, ਖੂਨ ਦੀ ਕਮੀ, ਭੁੱਖਮਰੀ ਕਾਰਨ ਦੁਨੀਆਂ ਦੇ ਪੈਮਾਨੇ ‘ਤੇ ਸ਼ਰਮਨਾਕ ਹਾਲਤ ਵਿੱਚ ਹੈ। ਇਹ ਤਰੱਕੀ ਦੀ ਕਿਹੋ-ਜਿਹੀ ਤਸਵੀਰ ਹੈ ਜੋ ਇੱਕ ਪਾਸੇ ਇਹ ਤਸਦੀਕ ਕਰਦੀ ਹੈ ਕਿ ਹਿੰਦੁਸਤਾਨ ਤੇਜੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ ‘ਚ Àੁੱੱਚੀ ਥਾਂ ‘ਤੇ ਹੈ ਅਤੇ ਦੂਜੇ ਪਾਸੇ ਗਰੀਬੀ, ਭੁੱਖਮਰੀ, ਕੁਪੋਸ਼ਣ, ਖੁਸ਼ਹਾਲੀ, ਬੇਰੁਜ਼ਗਾਰੀ ਅਤੇ ਮਾਨਸਿਕ ਸਿਹਤ ਪੱਖੋਂ ਨੀਵੀਂ ਥਾਂ ‘ਤੇ ਖੜ੍ਹਾ ਨਜ਼ਰ ਆਉਂਦਾ ਹੈ। ਕਹਿੰਦੇ ਹਨ ਕਿ ਸਿਹਤਮੰਦ ਸਰੀਰ ‘ਚ ਸਿਹਤਮੰਦ ਦਿਮਾਗ ਵੱਸਦਾ ਹੈ, ਤਾਂ ਫਿਰ ਜੇਕਰ ਕਿਸੇ ਦੇਸ਼ ਦੇ ਬਹੁਤਾਤ ਲੋਕਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਹੀ ਸੰਕਟ ਦਾ ਸਾਹਮਣਾ ਜਾਂ ਚੁਣੌਤੀ ਦਾ ਸਾਹਮਣਾ ਕਰ ਰਹੀ ਹੋਵੇ ਤਾਂ ਉਸ ਦੇਸ਼ ਦੀ ਤਰੱੱਕੀ ਕਿਸ ਦੇ ਦਾਇਰੇ ‘ਚ ਆ ਜਾਂਦੀ ਹੈ!
ਮੇਨ ਏਅਰ ਫੋਰਸ ਰੋਡ, ਬਠਿੰਡਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।