ਮਹਿਲਾ ਏਐੱਸਆਈ 50 ਗ੍ਰਾਮ ਹੈਰੋਇਨ ਸਮੇਤ ਕਾਬੂ

Police Women , Charged ,SI 50 grams , Heroin

ਸਾਥੀ ਨਿਸ਼ਾਨ ਸਿੰਘ ਵੀ ਪੁਲਿਸ ਅੜਿੱਕੇ, ਥਾਣਾ ਅਰਬਨ ਅਸਟੇਟ ਤੇ ਮੁਖੀ ਖਿਲਾਫ਼ ਖੁੱਲ੍ਹੀ ਵਿਭਾਗੀ ਜਾਂਚ

ਖੁਸ਼ਵੀਰ ਸਿੰਘ ਤੂਰ/ਪਟਿਆਲਾ।  ਨਸ਼ਿਆਂ ਨੂੰ ਨੱਥ ਪਾਉਣ ਵਾਲੀ ਕੈਪਟਨ ਸਰਕਾਰ ਦੀ ਪੁਲਿਸ ਹੀ ਨਸ਼ਿਆਂ ‘ਚ ਘਿਰ ਗਈ ਹੈ। ਮੁੱਖ ਮੰਤਰੀ ਦੇ ਸ਼ਹਿਰ ਦੇ ਥਾਣਾ ਅਰਬਨ ਅਸਟੇਟ ਦੀ ਮਹਿਲਾ ਪੁਲਿਸ ਅਧਿਕਾਰੀ ਨੂੰ ਤਰਨਤਾਰਨ ਜ਼ਿਲ੍ਹੇ ਦੀ ਨਾਰਕੋਟਿਕ ਸੈੱਲ ਦੀ ਟੀਮ ਵੱਲੋਂ 50 ਗ੍ਰਾਮ ਹੈਰੋਇਨ ਤੇ ਤੱਕੜੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਰੇਣੂ ਬਾਲਾ ਨਾਂਅ ਦੀ ਇਹ ਏਐੱਸਆਈ ਥਾਣਾ ਅਰਬਨ ਅਸਟੇਟ ਵਿੱਚ ਤਾਇਨਾਤ ਸੀ, ਜੋ ਕਿ ਛੁੱਟੀ ‘ਤੇ ਚੱਲ ਰਹੀ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਥਾਣਾ ਅਰਬਨ ਅਸਟੇਟ ਦੇ ਐੱਸਐੱਚਓ ਵਿਰੁੱਧ ਵੀ ਮਾੜੀ ਸੁਪਰਵਿਜ਼ਨ ਦੇ ਚੱਲਦਿਆਂ ਵਿਭਾਗੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਰੇਣੂ ਬਾਲਾ ਦੇ ਨਾਲ ਹੀ ਉਸਦੇ ਸਾਥੀ ਨਿਸ਼ਾਨ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। Police Women

ਸੂਤਰਾਂ ਅਨੁਸਾਰ ਨਿਸ਼ਾਨ ਸਿੰਘ ਨਾਲ ਉਸਦੇ ਪਿਛਲੇ ਦੋਂ ਸਾਲਾ ਤੋਂ ਸਬੰਧ ਦੱਸੇ ਜਾ ਰਹੇ ਹਨ ਤੇ ਇਹ ਦੋਵੇਂ ਜਣੇ ਨਸ਼ਿਆਂ ਦੀ ਸਪਲਾਈ ਕਰਦੇ ਸਨ। ਰੇਣੂ ਬਾਲਾ ਨੂੰ ਪੱਟੀ ਦੇ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਉਹ ਬੱਸ ‘ਚੋਂ ਉਤਰ ਰਹੀ ਸੀ ਤੇ ਉਸ ਨੇ ਇਹ ਹੈਰੋਇਨ ਨਿਸ਼ਾਨ ਸਿੰਘ ਦੇ ਹਵਾਲੇ ਕਰਨੀ ਸੀ। ਤਰਨਤਾਰਨ ਪੱਟੀ ਦੀ ਪੁਲਿਸ ਵੱਲੋਂ ਰੇਣੂ ਬਾਲਾ ਤੇ ਨਿਸ਼ਾਨ ਸਿੰਘ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਤਰਨਤਾਰਨ ਦੇ ਐੱਸਐੱਸਪੀ ਧਰੁਵ ਦਹੀਆ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਏਐੱਸਆਈ ਰੇਣੂ ਬਾਲਾ ਦੇ ਸੰਪਰਕ ‘ਚ ਆਉਣ ਵਾਲੇ ਹੋਰ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਵੀ ਪਤਾ ਲਾਇਆ ਜਾ ਰਿਹਾ ਹੈ, ਕਿ ਇਹ ਕਿੰਨੇ ਸਮੇਂ ਤੋਂ ਨਸ਼ਿਆਂ ਦੇ ਮਾਮਲੇ ਵਿੱਚ ਸਰਗਰਮ ਸੀ।

ਰੇਣੂ ਬਾਲਾ ਦੇ ਪਰਿਵਾਰ ‘ਚੋਂ ਕਈ ਜਣੇ ਪੰਜਾਬ ਪੁਲਿਸ ਵਿੱਚ ਸੇਵਾ ਨਿਭਾਅ ਰਹੇ ਹਨ। ਇਹ ਪਟਿਆਲਾ ਵਿਖੇ ਵੱਖ-ਵੱਖ ਥਾਣਿਆਂ ਵਿੱਚ ਤਾਇਨਾਤ ਰਹਿ ਚੁੱਕੀ ਹੈ ਤੇ ਮੌਜੂਦਾ ਸਮੇਂ ਕਈ ਮਹੀਨਿਆਂ ਤੋਂ ਥਾਣਾ ਅਰਬਨ ਅਸਟੇਟ ਵਿਖੇ ਤਾਇਨਾਤ ਸੀ। ਇੱਧਰ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਵੱਲੋਂ ਥਾਣਾ ਅਰਬਨ ਅਸਟੇਟ ਦੇ ਮੁਖੀ ਹੈਰੀ ਬੋਪਰਾਏ ਵਿਰੁੱਧ ਵੀ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਐੱਸਐੱਸਪੀ ਦਾ ਕਹਿਣਾ ਹੈ ਕਿ ਉਕਤ ਥਾਣਾ ਮੁਖੀ ਨੇ ਆਪਣੇ ਪੁਲਿਸ ਮੁਲਾਜ਼ਮਾਂ ਦੀ ਚੰਗੀ ਤਰ੍ਹਾਂ ਦੇਖ ਰੇਖ ਨਹੀਂ ਕੀਤੀ।

ਪਟਿਆਲਾ ਪੁਲਿਸ ਵੱਲੋਂ ਅੱਜ ਰੇਣੂ ਬਾਲਾ ਦੇ ਸਰਕਾਰੀ ਘਰ ਦੀ ਤਲਾਸੀ ਵੀ ਲਈ ਗਈ। ਮਹਿਲਾ ਏਐੱਸਆਈ ਦੇ ਨਸ਼ਿਆਂ ਦੇ ਧੰਦੇ ‘ਚ ਲਿਪਤ ਹੋਣ ਤੋਂ ਬਾਅਦ ਪੰਜਾਬ ਪੁਲਿਸ ‘ਤੇ ਵੱਡੇ ਸੁਆਲ ਖੜ੍ਹੇ ਹੋ ਗਏ ਹਨ ਜਦਕਿ ਵਿਰੋਧੀ ਧਿਰਾਂ ਵੱਲੋਂ ਪਹਿਲਾਂ ਹੀ ਪੰਜਾਬ ਪੁਲਿਸ ‘ਤੇ ਉਂਗਲ ਚੁੱਕੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।