ਲੋਕ ਰਾਜ ਦਾ ਚੌਥਾ ਥੰਮ-ਮੀਡੀਆ ਹਮੇਸ਼ਾ ਰਾਇ ਬਣਾਉਣ ਵਾਲਾ ਬਣਿਆ ਰਹੇਗਾ : ਸੰਨੀ ਦਿਓਲ
ਸੱਚ ਕਹੂੰ ਨਿਊਜ਼/ਚੰਡੀਗੜ੍ਹ। ਪੰਜਾਬ ਵਿੱਚ ਪੱਤਰਕਾਰੀ ਖੇਤਰ ਵਿੱਚ ਚੰਗਾ ਕੰਮ ਕਰਨ ਅਤੇ ਬ੍ਰੇਕਿੰਗ ਖ਼ਬਰਾਂ ਦੇਣ ਵਾਲੇ ਪੱਤਰਕਾਰਾਂ ਦਾ ਚੰਡੀਗੜ੍ਹ ਮੰਗਲਵਾਰ ਨੂੰ ਸਨਮਾਨ ਕੀਤਾ ਗਿਆ ਅਤੇ ਇਨ੍ਹਾਂ ਸਾਰੇ ਪੱਤਰਕਾਰਾਂ ਨੂੰ ਜੋਸ਼ੀ ਫਾਊਂਡੇਸ਼ਨ ਮੀਡੀਆ ਪੁਰਸਕਾਰ ਪੰਜਾਬ 2018 ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ ਵਿਚ ਵੱਖ ਵੱਖ ਖੇਤਰਾਂ ਦੇ ਮੀਡੀਆ ਕਰਮਚਾਰੀਆਂ ਨੂੰ ਪੁਰਸਕਾਰ ਭੇਂਟ ਕੀਤੇ ਗਏ, ਜਿਨ੍ਹਾਂ ਵਿੱਚ 21 ਹਜ਼ਾਰ, 31 ਹਜ਼ਾਰ ਅਤੇ 51 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਵੀ ਸ਼ਾਮਲ ਸੀ।
ਪੱਤਰਕਾਰਾਂ ਨੂੰ ਇਹ ਪੁਰਸਕਾਰ ਉਘੇ ਫਿਲਮ ਸਟਾਰ ਅਤੇ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ, ਚੰਡੀਗੜ੍ਹ ਤੋਂ ਪਾਰਲੀਮੈਂਟ ਮੈਂਬਰ ਕਿਰਨ ਖੇਰ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਾਂਝੇ ਤੌਰ ‘ਤੇ ਤਕਸੀਮ ਕੀਤੇ। ਤਾਅ-ਉਮਰ ਪ੍ਰਾਪਤੀ ਪੁਰਸਕਾਰ ਦਿ ਟ੍ਰਿਬਊਨ ਦੇ ਬਜ਼ੁਰਗ ਪੱਤਰਕਾਰ ਵੀ.ਪੀ. ਪ੍ਰਭਾਕਰ ਨੂੰ ਦਿੱਤਾ ਗਿਆ, ਜਿਸ ਵਿਚ 51000 ਰੁਪਏ ਦੀ ਨਕਦ ਰਾਸ਼ੀ ਵੀ ਸ਼ਾਮਲ ਹੈ। ਪੱਤਰਕਾਰੀ ਸਿੱਖਿਆ ਦੇ ਖੇਤਰ ਦਾ ਪੁਰਸਕਾਰ ਪ੍ਰੋ. ਪੀ.ਪੀ. ਸਿੰਘ ਨੂੰ ਦੇਹਾਂਤ ਉਪਰੰਤ ਦਿੱਤਾ ਗਿਆ।
ਇਸ ਦੇ ਨਾਲ ਹੀ ਸੱਚ ਕਹੂੰ ਦੇ ਚੰਡੀਗੜ੍ਹ ਤੋਂ ਬਿਊਰੋ ਚੀਫ਼ ਅਸ਼ਵਨੀ ਚਾਵਲਾ ਨੂੰ ਸਿਹਤ ਖੇਤਰ ਵਿੱਚ ਬ੍ਰੇਕਿੰਗ ਖ਼ਬਰਾਂ ਦੇ ਮਾਮਲੇ ਵਿੱਚ ਬੈਸਟ ਪੱਤਰਕਾਰ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਅਸ਼ਵਨੀ ਚਾਵਲਾ ਨੂੰ ਇੱਕ ਟ੍ਰਾਫੀ, ਮੀਡੀਆ ਪੁਰਸਕਾਰ ਸਰਟੀਫਿਕੇਟ ਅਤੇ 21 ਹਜ਼ਾਰ ਰੁਪਏ ਦਾ ਚੈਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰਿਪੋਰਟਿੰਗ ਦੇ ਵੱਖ-ਵੱਖ ਵਰਗਾਂ ਵਿਚ ਕਮਲਜੀਤ ਸਿੰਘ ਚਿੱਲਾ, ਰਜਿੰਦਰ ਤੱਗੜ, ਨੀਰਜ਼ ਬਾਲੀ, ਸੰਜੀਵ ਬਰਿਆਨਾ, ਵਾਰਿਸ ਮਲਿਕ, ਕੁਲਵਿੰਦਰ ਸੰਧੂ, ਜਯੋਤੀ ਮਗਨ ਮਹਾਜਨ, ਮੋਹਿਤ ਮਲਹੋਤਰਾ, ਸੰਦੀਪ ਕੁਮਾਰ, ਮੋਹਿਤ ਸਿੰਗਲਾ ਅਤੇ ਰਾਖੀ ਜੱਗਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੰਨੀ ਦਿਓਲ ਨੇ ਕਿਹਾ ਕਿ ਮੀਡੀਆ ਜੋ ਕਿ ਲੋਕ ਰਾਜ ਦਾ ਚੌਥਾ ਥੰਮ ਹੈ, ਹਮੇਸ਼ਾ ਹੀ ਰਾਇ ਬਣਾਉਣ ਵਾਲਾ ਬਣਿਆ ਰਹੇਗਾ। ਉਨ ੍ਹਾਂ ਕਿਹਾ ਕਿ ਹੁਣ ਅਖਬਾਰਾਂ ਅਤੇ ਟੈਲੀਵਿਜਨ ਦੇ ਨਾਲ-ਨਾਲ ਸੋਸ਼ਲ ਮੀਡੀਆ ਵੀ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਚੰਡੀਗੜ੍ਹ ਤੋਂ ਪਾਰਲੀਮੈਂਟ ਮੈਂਬਰ ਸ਼੍ਰੀਮਤੀ ਕਿਰਨ ਖੇਰ ਨੇ ਇਸ ਤਰ੍ਹਾਂ ਦੀ ਰਵਾਇਤ ਸ਼ੁਰੂ ਕਰਨ ਤੇ ਜੋਸ਼ੀ ਫਾਊਂਡੇਸ਼ਨ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪਹਿਲੀ ਸੰਸਥਾ ਹੈ, ਜਿਸ ਨੇ ਰਾਜ ਪੱਧਰ ‘ਤੇ ਮੀਡੀਆ ਪੁਰਸਕਾਰ ਸ਼ੁਰੂ ਕੀਤੇ ਹਨ। ਇਸ ਸਮਾਗਮ ਵਿਚ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਜੀਬੀਪੀ ਗਰੁੱਪ ਦੇ ਡਾਇਰੈਕਟਰ ਅਨੁਪਮ ਗੁਪਤਾ ਅਤੇ ਜੋਸ਼ੀ ਫਾਊਂਡੇਸ਼ਨ ਦੇ ਚੇਅਰਮੈਨ ਵਿਨੀਤ ਜੋਸ਼ੀ ਅਤੇ ਪ੍ਰਧਾਨ ਸੌਰਭ ਜੋਸ਼ੀ ਵੀ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।