ਪਰਾਲੀ ਖੇਤਾਂ ਵਿੱਚ ਵਾਹੁਣ ਨਾਲ ਯੂਰੀਆ ਖਾਦ ਦੀ ਖੇਤਾਂ ਵਿੱਚ ਵਰਤੋਂ ਘਟੀ | Stubble
- ਵਾਤਾਵਰਨ ਨੂੰ ਦੂਸ਼ਿਤ ਨਾ ਕਰਕੇ ਸਕੂਨ ਮਹਿਸੂਸ ਕਰਦਾ ਹਾਂ: ਬੀਰ ਦਲਵਿੰਦਰ ਸਿੰਘ
- ਪਿਛਲੇ ਛੇ ਸਾਲਾਂ ਤੋਂ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਸਫ਼ਲਤਾ ਨਾਲ ਖੇਤੀ ਕਰ ਰਿਹਾ ਪਿੰਡ ਕੱਲਰ ਮਾਜ਼ਰੀ ਦਾ ਕਿਸਾਨ ਬੀਰ ਦਲਵਿੰਦਰ ਸਿੰਘ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ਦੇ ਪਿੰਡ ਕੱਲਰ ਮਾਜਰੀ ਦੇ ਕਿਸਾਨ ਬੀਰ ਦਲਵਿੰਦਰ ਸਿੰਘ ਨੂੰ ਪਿਛਲੇ ਛੇ ਸਾਲਾਂ ਤੋਂ ਕੁਦਰਤੀ ਸਰੋਤ ਸੰਭਾਲ ਤਕਨੀਕਾਂ ਅਤੇ ਆਧੁਨਿਕ ਖੇਤੀ ਮਸ਼ੀਨਰੀ ਨਾਲ ਖੇਤੀ ਕਰਨ ਅਤੇ ਪਰਾਲੀ ਨਾ ਸਾੜਨ ਲਈ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਕਿਸਾਨ ਨੂੰ ਇਹ ਪੁਰਸਕਾਰ 9 ਸਤੰਬਰ ਨੂੰ ਨਵੀਂ ਦਿੱਲੀ ਵਿਖੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ ਨਿਰਦੇਸ਼ਾਲਾ, ਖੇਤੀ ਅਤੇ ਕਿਸਾਨ ਭਲਾਈ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਵਰਤੋਂ ਦੇ ਵਿਸ਼ੇ ‘ਤੇ ਕਿਸਾਨਾਂ ਦੀ ਕੌਮੀ ਕਾਨਫਰੰਸ ਦੌਰਾਨ ਦਿੱਤਾ ਗਿਆ ਇਸ ਮੌਕੇ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਦਿੱਲੀ ਦੇ ਕਿਸਾਨਾਂ ਨੇ ਹਿੱਸਾ ਲਿਆ ਅਤੇ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਕਰਨ ਵਾਲੇ ਪੰਜਾਬ ਦੇ 10 ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚੋਂ ਹੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਕੱਲਰ ਮਾਜਰੀ ਦਾ ਨੌਜਵਾਨ ਅਗਾਂਹਵਧੂ ਕਿਸਾਨ ਬੀਰ ਦਲਵਿੰਦਰ ਸਿੰਘ ਵੀ ਸ਼ਾਮਲ ਹੈ।
ਐਮ.ਟੈਕ ਕੰਪਿਊਟਰ ਸਾਇੰਸ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਸਾਫ਼ਵੇਅਰ ਇੰਜੀਨੀਅਰ ਵਜੋਂ ਤਿੰਨ ਸਾਲ ਨੌਕਰੀ ਕਰਨ ਤੋਂ ਬਾਅਦ ਆਧੁਨਿਕ ਤਕਨੀਕਾਂ ਨਾਲ ਖੇਤੀ ਕਰਨ ਵਾਲੇ ਬੀਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਖੇਤਾਂ ਵਿੱਚ ਪਿਛਲੇ ਛੇ ਸਾਲਾਂ ਤੋਂ ਅੱਗ ਨਹੀਂ ਲਗਾਈ, ਜਿਸ ਨਾਲ ਫ਼ਸਲਾਂ ਲਈ ਲਾਭਦਾਇਕ ਮਿੱਤਰ ਕੀੜਿਆਂ ਨੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਕੀਤਾ ਹੈ ਅਤੇ ਪਹਿਲਾਂ ਨਾਲੋਂ ਖੇਤਾਂ ਵਿੱਚ ਯੂਰੀਆ ਖਾਦ ਦੀ ਵਰਤੋਂ ਵੀ ਘੱਟ ਹੋਣ ਲੱਗੀ ਹੈ।
ਇਹ ਵੀ ਪੜ੍ਹੋ : ਮਹਿੰਗੀ ਪੈ ਸਕਦੀ ਹੈ ਦੰਦਾਂ ਦੀ ਅਣਦੇਖੀ
ਉਨ੍ਹਾਂ ਦੱਸਿਆ ਕਿ ਜਿੱਥੇ ਪਰਾਲੀ ਵਿੱਚ ਵਾਹੁਣ ਨਾਲ ਯੂਰੀਆ ਖਾਦ ਦੀ ਵਰਤੋਂ ਵਿੱਚ ਕਮੀ ਆਈ ਹੈ ਉਥੇ ਹੀ ਜ਼ਮੀਨ ਦੀ ਪਾਣੀ ਜਜ਼ਬ ਕਰਨ ਦੀ ਸਮਰੱਥਾ ਵਿੱਚ ਵੀ ਵਾਧਾ ਹੋਇਆ ਹੈ ਜੋ ਕਿ ਜਮੀਨ ਦੀ ਉਪਜਾਊ ਸ਼ਕਤੀ ਲਈ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਹੋਰਨਾਂ ਲਾਭਾਂ ਤੋਂ ਇਲਾਵਾ ਸਭ ਤੋਂ ਵੱਡਾ ਫ਼ਾਇਦਾ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਉਹ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੀਆਂ ਤਕਨੀਕਾਂ ਤੋਂ ਬਿਨਾਂ ਸਫਲਤਾਪੂਰਵਕ ਖੇਤੀ ਕਰ ਰਹੇ ਹਨ ਅਤੇ ਉਹ ਇਸ ਗੱਲ ਕਰਕੇ ਬੜਾ ਸਕੂਨ ਮਹਿਸੂਸ ਕਰਦੇ ਹਨ।
40 ਸਾਲ ਦੇ ਕਿਸਾਨ ਬੀਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਨੁਕਸਾਨ ਬਾਰੇ ਸੁਚੇਤ ਵੀ ਕੀਤਾ ਜਾ ਰਿਹਾ ਹੈ ਉਥੇ ਹੀ ਹੈਪੀ ਸੀਡਰ ‘ਤੇ ਸਬਸਿਡੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਜੋ ਕਿਸਾਨ ਖੇਤੀ ਸੰਦ ਖਰੀਦਣਾ ਨਹੀਂ ਚਾਹੁੰਦੇ ਉਹ ਕਸਟਮ ਹਾਈਰਿੰਗ ਸੈਂਟਰਾਂ ਰਾਹੀਂ ਮਸ਼ੀਨਰੀ ਨੂੰ ਕਿਰਾਏ ‘ਤੇ ਵੀ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅਪਣਾਏ ਖੇਤੀ ਢੰਗਾਂ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੀ ਉਨ੍ਹਾਂ ਨੂੰ ਨਵੀਆਂ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਖੇਤੀ ਮਾਹਰ ਵੀ ਸਮੇਂ-ਸਮੇਂ ਉਪਰ ਉਨ੍ਹਾਂ ਦੇ ਖੇਤਾਂ ਦਾ ਦੌਰਾ ਕਰਦੇ ਰਹਿੰਦੇ ਹਨ।
ਬੀਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਹੈਪੀ ਸੀਡਰ ਦੀ ਮਦਦ ਨਾਲ ਝੋਨੇ ਤੋਂ ਬਾਅਦ ਕਣਕ ਦੀ ਬਿਜਾਈ ਵਿੱਚ ਵੀ ਅਸਾਨੀ ਹੁੰਦੀ ਹੈ ਉਨ੍ਹਾਂ ਦੱਸਿਆ ਕਿ ਹੈਪੀ ਸੀਡਰ ਨਾਲ ਬਿਜਾਈ ਕਰਕੇ ਜਿੱਥੇ ਵਾਤਾਵਰਨ ਸਾਫ਼-ਸੁਥਰਾ ਰਹਿੰਦਾ ਹੈ ਉਥੇ ਹੀ ਖੇਤ ਵਿੱਚ ਪਰਾਲੀ ਮਿਲਾਉਣ ਨਾਲ ਜ਼ਮੀਨ ਦੀ ਜੈਵਿਕ ਸਥਿਤੀ ਵਿੱਚ ਵੀ ਸੁਧਾਰ ਆਉਂਦਾ ਹੈ ਅਤੇ ਲੇਬਰ ਅਤੇ ਊਰਜਾ ਵਰਗੇ ਸਾਧਨਾਂ ਦੀ ਬੱਚਤ ਹੁੰਦੀ ਹੈ ਅਤੇ ਨਦੀਨ ਨਾਸ਼ਕਾਂ ਦੀ ਵਰਤੋਂ ਘਟਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਣਕ ਦੀ ਬਿਜਾਈ ਦਾ ਖਰਚਾ ਵੀ ਘਟਦਾ ਹੈ ਅਤੇ ਝਾੜ ‘ਤੇ ਵੀ ਕੋਈ ਅਸਰ ਨਹੀਂ ਪੈਦਾ। (Stubble)