ਕਿਸਾਨਾਂ ਨੇ ਕੀਤਾ ਵਿਰੋਧ, ਵਿਚਾਲੇ ਫਸੀ ਸਰਕਾਰ
- ਕਿਸਾਨ ਆਗੂਆਂ ਨੇ ਆਈਜੀ ਤੇ ਡੀਸੀ ਕੋਲ ਐੱਸਡੀਐੱਮ ਖਿਲਾਫ਼ ਕਾਰਵਾਈ ਦੀ ਰੱਖੀ ਮੰਗ
ਫਿਰੋਜ਼ਪੁਰ (ਸਤਪਾਲ ਥਿੰਦ)। ਸਤਲੁਜ ਦਰਿਆ ਦੇ ਤੇਜ਼ ਵਹਾਅ ਕਾਰਨ ਪਿੰੰਡ ਗੱਟਾ ਬਾਦਸ਼ਾਹ ਕੋਲ ਧੁੱਸੀ ਬੰਨ੍ਹ ਨੂੰ ਲੱਗ ਰਹੀ ਢਾਹ ਨੂੰ ਬੋਰੀਆਂ ਲਾ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਕੋਲ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਐੱਸਡੀਐੱਮ ਜ਼ੀਰਾ ਨਰਿੰਦਰ ਸਿੰਘ ਧਾਲੀਵਾਲ ਨਾਲ ਕੁਝ ਲੋਕਾਂ ਵੱਲੋਂ ਕਥਿਤ ਤੌਰ ‘ਤੇ ਬਦਸਲੂਕੀ ਕਰਨ ਦਾ ਮਾਮਲਾ ਭੱਖਣ ਮਗਰੋਂ ਥਾਣਾ ਮਖੂ ਪੁਲਿਸ ਵੱਲੋਂ ਉੱਪ ਮੰਡਲ ਮੈਜਿਸਟਰੇਟ ਜ਼ੀਰਾ ਦੀ ਸ਼ਿਕਾਇਤ ‘ਤੇ 4 ਨਾਮਵਰ ਤੇ 40-50 ਅਣਪਛਾਤੇ ਵਿਅਕਤੀਆਂ ਖਿਲਾਫ਼ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਦੂਜੇ ਪਾਸੇ ਐੱਸਡੀਐਮ ਵੱਲੋਂ ਹੀ ਇਸ ਦੌਰਾਨ ਲੋਕਾਂ ਨਾਲ ਬਦਸਲੂਕੀ ਦਾ ਦੋਸ਼ ਲਗਾਉਂਦੇ ਲੋਕਾਂ ਨੇ ਇਸ ਪਰਚੇ ਦਾ ਵਿਰੋਧ ਕਰਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਆਈਜੀ ਫਿਰੋਜ਼ਪੁਰ ਰੇਜ਼ ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮਿਲਕੇ ਐੱਸਡੀਐੱਮ ਖਿਲਾਫ਼ ਕਿਸਾਨਾਂ ਨਾਲ ਬਦਸਲੂਕੀ ਕਰਨ ਦੀ ਕਾਰਵਾਈ ਕਰਨ ਤੇ ਦਰਜ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ , ਰਛਪਾਲ ਸਿੰਘ ਗੱਟਾ ਬਾਦਸ਼ਾਹ ਨੇ ਕਿਹਾ ਕਿ ਦਰਿਆ ਦੇ ਬੰਨ੍ਹ ਦਾ 5 ਸਤੰਬਰ ਨੂੰ ਜਾਇਜ਼ਾ ਲੈਣ ਆਏ ਐੱਸਡੀਐੱਮ ਨੂੰ ਜਦ ਲੋਕਾਂ ਨੇ ਦਰਿਆ ‘ਚੋਂ ਮਿੱਟੀ ਚਕਵਾਉਣ ਦੀ ਸਲਾਹ ਦਿੱਤੀ।
ਐੱਸਡੀਐੱਮ ਲੋਕਾਂ ਨਾਲ ਬਦਸਲੂਕੀ ਕਰਨ ਮਗਰੋਂ ਉੱਥੋਂ ਗਿਆ ਚਲਾ। ਹੁਣ ਇਸ ਮਾਮਲੇ ‘ਚ ਦੋਵਾਂ ਧਿਰਾਂ ਇੱਕ ਦੂਜੇ ‘ਤੇ ਦੋਸ਼ ਲਾ ਰਹੀਆਂ ਹਨ ਪਰ ਤਾੜੀ ਇੱਕ ਪਾਸੋਂ ਵੱਜੀ ਜਾਂ ਦੋਵਂੇ ਪਾਸੋਂ ਪਰ ਇਸ ਦੀ ਅਵਾਜ਼ ਪੂਰੇ ਪੰਜਾਬ ‘ਚ ਪਹੁੰਚ ਗਈ ਹੈ ਤੇ ਇਸ ਨੂੰ ਲੈ ਕੇ ਅੱਜ ਪੰਜਾਬ ‘ਚ ਡੀਸੀ ਦਫਤਰਾਂ ਦੇ ਕਾਮਿਆਂ ਨੇ ਕਮਲ ਛੋੜ ਹੜਤਾਲ ਰੱਖ ਕੇ ਕਿਸਾਨਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਤੇ ਦੂਜੇ ਪਾਸੇ ਕਿਸਾਨਾਂ ਨੇ ਐੱਸਡੀਐੱਮ ਖਿਲਾਫ਼ ਕਾਰਵਾਈ ਲਈ ਸੰਘਰਸ਼ ਦੀ ਚਿਤਾਵਨੀ ਦੇ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ‘ਚ ਇਸ ਮਾਮਲੇ ‘ਚ ਨਵਾਂ ਮੋੜ ਕੀ ਆਉਂਦਾ ਹੈ।
ਕਲਮ ਛੋੜ ਹੜਤਾਲ ਦਾ ਵਧਾਇਆ ਗਿਆ ਸਮਾਂ
ਐੱਸਡੀਐੱਮ ਜ਼ੀਰਾ ਤੇ ਗੁਰਦਾਸਪੁਰ ਡੀਸੀ ਮਾਮਲੇ ਨੂੰ ਲੈ ਕੇ ਪੀਸੀਐੱਸ ਐਗਜ਼ੈਕਟਿਵ ਅਫਸਰ ਐਸੋਸੀਏਸ਼ਨ, ਡੀਸੀ ਦਫ਼ਤਰ ਕਰਮਚਾਰੀ ਯੂਨੀਅਨ, ਤਹਿਸੀਲਦਾਰ ਐਸੋਸੀਏਸ਼ਨ, ਕਾਨੂੰਗੋ ਐਸੋਸੀਏਸ਼ਨ ਤੇ ਤਹਿਸੀਲ ਪਟਵਾਰ ਯੂਨੀਅਨ ਦੇ ਸੂਬਾਈ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ ਜ਼ੀਰਾ ਵਿਖੇ ਹੋਈ ਇਸ ਵਿਚ ਜ਼ੀਰਾ ਸਬ ਡਵੀਜ਼ਨ ਦੇ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਅਤੇ ਟੀਮ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਦੁਰਵਿਹਾਰ ਤੇ ਵਿਧਾਇਕ ਬੈਂਸ ਵੱਲੋਂ ਗੁਰਦਾਸਪੁਰ ਵਿਖੇ ਡੀਸੀ ਨਾਲ ਕੀਤੇ ਗਏ ਦੁਰਵਿਹਾਰ ਕਰਨ ਵਾਲਿਆਂ ਨੂੰ ਠੋਸ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਦੀ ਰੂਪ ਰੇਖਾ ਉਲੀਕੀ ਗਈ।
ਇਸ ਮੌਕੇ ਸਮੂਹ ਜਥੇਬੰਦੀਆਂ ਦੇ ਆਹੁਦੇਦਾਰਾਂ ਨੇ ਸਾਂਝੇ ਤੌਰ ‘ਤੇ ਫੈਸਲਾ ਕੀਤਾ ਕਿ 9 ਸਤੰਬਰ ਤੋਂ ਸ਼ੁਰੂ ਹੋਈ ਕਲਮ ਛੋੜ ਹੜਤਾਲ 11 ਸਤੰਬਰ ਤੱਕ ਲਗਾਤਾਰ ਜਾਰੀ ਰਹੇਗੀ। ਇਸ ਦੇ ਨਾਲ ਫਰੀਦਕੋਟ ਤੇ ਫਿਰੋਜ਼ਪੁਰ ਮੰਡਲ ‘ਚ ਪੈਂਦੇ ਜ਼ਿਲ੍ਹਿਆਂ ਦੇ ਪੀ. ਸੀ. ਐੈੱਸ. ਅਫਸਰ ਵੀ ਕਲਮ ਛੋੜ ਹੜਤਾਲ ‘ਤੇ ਰਹਿਣਗੇ ਇਸ ਦੌਰਾਨ ਅਹੁਦੇਦਾਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਤੱਕ ਗੁਰਦਾਸਪੁਰ ਤੇ ਜ਼ੀਰਾ ਸਮੇਤ ਪਹਿਲਾਂ ਹੋਈਆਂ ਅਜਿਹੀਆਂ ਘਟਨਾਵਾਂ ‘ਚ ਦੋਸ਼ੀਆਂ ‘ਤੇ ਕਾਰਵਾਈ ਨਾ ਕੀਤੀ ਤਾਂ ਅਗਲੇ ਐਕਸ਼ਨ ਦਾ ਐਲਾਨ ਸਾਂਝੇ ਤੌਰ ‘ਤੇ 11 ਸਤੰਬਰ ਨੂੰ ਕੀਤਾ ਜਾਵੇਗਾ, ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।