ਪ੍ਰਧਾਨ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਸੰਘਰਸ਼ ਦੇ ਖਾਤਮੇ ਦਾ ਐਲਾਨ | Navdeep Ji’s Case
ਬਠਿੰਡਾ (ਅਸ਼ੋਕ ਵਰਮਾ)। ਬਠਿੰਡਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨਵਦੀਪ ਸਿੰਘ ਜੀਦਾ ਅਤੇ ਟਰੈਫ਼ਿਕ ਪੁਲਿਸ ਦੇ ਹੌਲਦਾਰ ਰਣਜੀਤ ਸਿੰਘ ਵਿਚਕਾਰ ਹੋਈਆਂ ਤਿੱਖੀ ਝੜਪਾਂ ਕਾਰਨ ਜਿਲ੍ਹਾ ਪੁਲਿਸ ਵੱਲੋਂ ਨਿਆਂ ਦੇ ਬੂਹੇ ਬੰਦ ਕਰ ਲੈਣ ਕਰਕੇ ਬਾਰ ਐਸੋਸੀਏਸ਼ਨ ਵੱਲੋਂ ਵਿੱਢਿਆ ਸੰਘਰਸ਼ ਅੱਜ ਆਈਜੀ ਦੇ ਭਰੋਸੇ ਪਿੱਛੋਂ ਖਤਮ ਕਰ ਦਿੱਤਾ ਗਿਆ ਹੈ ਇਸ ਸਬੰਧੀ ਐਲਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕੰਵਲਜੀਤ ਸਿੰਘ ਕੁਟੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੀਤਾ ਗਿਆ ਹੈ। (Navdeep Ji’s Case)
ਉਨ੍ਹਾਂ ਆਖਿਆ ਕਿ ਥਾਣਾ ਸਿਵਲ ਲਾਈਨ ਪੁਲਿਸ ਨੇ ਐਡਵੋਕੇਟ ਕੁੱਟਮਾਰ ’ਚ ਸ਼ਾਮਲ ਤਿੰਨੇ ਮੁਲਜ਼ਮ ਵਿੱਕੀ ਗੋਇਲ ਉਰਫ ਵਿਨੋਦ, ਅਸ਼ੋਕ ਗੋਇਲ ਅਤੇ ਕਮਲ ਕਟਾਰੀਆ ਨਾਮਜ਼ਦ ਕਰ ਲਏ ਹਨ ਉਨ੍ਹਾਂ ਆਖਿਆ ਕਿ ਵਕੀਲ ਕਿਸੇ ਟਕਰਾਅ ’ਚ ਨਹੀਂ ਪੈਣਾ ਚਾਹੁੰਦੇ ਸਨ ਪਰ ਹਲਾਤਾਂ ਨੇ ਉਨ੍ਹਾਂ ਨੂੰ ਮਜ਼ਬੂਰ ਕਰ ਦਿੱਤਾ ਗੌਰਤਲਬ ਹੈ ਕਿ ਜਦੋਂ ਝਗੜੇ ਵਾਲੇ ਦਿਨ ਐਡਵੋਕੇਟ ਨਵਦੀਪ ਜੀਦਾ ਡਾਕਟਰ ਕੋਲ ਜਾ ਰਹੇ ਸਨ ਤਾਂ ਘੋੜੇ ਵਾਲੇ ਚੌਕ ਨੇੜੇ ਟਰੈਫ਼ਿਕ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ’ਤੇ ਸ੍ਰੀ ਜੀਦਾ ਨੇ ਕਿਸੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਫੋਨ ਮਿਲਾਉਣਾ ਸ਼ੁਰੂ ਕਰ ਦਿੱਤਾ, ਜਿਸ ਦੀ ਟਰੈਫ਼ਿਕ ਹੌਲਦਾਰ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : Holiday : ਪੰਜਾਬ ਦੇ ਇਸ ਇਲਾਕੇ ’ਚ 22 ਨੂੰ ਰਹੇਗੀ ਛੁੱਟੀ
ਜਦੋਂ ਹੌਲਦਾਰ ਨੇ ਤਿੱਖੇ ਅਲਫਾਜ਼ ਵਰਤੇ ਤਾਂ ਮੌਕੇ ’ਤੇ ਕਾਫ਼ੀ ਹੱਥੋਪਾਈ ਹੋਈ ਅਤੇ ਸੀਸੀਟੀਵੀ ਕੈਮਰਿਆਂ ਵਿਚ ਵੀ ਪੂਰੀ ਘਟਨਾ ਕੈਦ ਹੋ ਗਈ। ਇਸ ਦੌਰਾਨ ਹੱਥੋਪਾਈ ’ਚ ਐਡਵੋਕੇਟ ਦੇ ਨੱਕ ਵਿਚੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਤਲਖ਼ੀ ਵਿਚ ਆਈ ਪੁਲਿਸ ਨੇ ਮਗਰੋਂ ਐਡਵੋਕੇਟ ਦੀ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ ਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ।ਵਕੀਲ ਅਤੇ ਹੌਲਦਾਰ ਵਿਚਕਾਰ ਹੋਈ ਲੜਾਈ ਤੋਂ ਮਗਰੋਂ ਜ਼ਿਲ੍ਹਾ ਪੁਲਿਸ ਨੇ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਜੀਦਾ ਖ਼ਿਲਾਫ਼ ਧਾਰਾ 186,332,353, 506 ਤਹਿਤ ਕੇਸ ਦਰਜ ਕਰ ਲਿਆ ਸੀ। ਬਾਰ ਐਸੋਸੀਏਸ਼ਨ ਬਠਿੰਡਾ ਦੀ ਅਗਵਾਈ ਹੇਠ ਸੈਂਕੜੇ ਵਕੀਲਾਂ ਨੇ ਐੱਸਐੱਸਪੀ ਦਫ਼ਤਰ ਅੱਗੇ ਪੁਲੀਸ ਖ਼ਿਲਾਫ਼ ਸੰਘਰਸ਼ ਸ਼ੁਰੂ ਕਰ ਦਿੱਤਾ।
ਬਾਅਦ ’ਚ ਸੋਸ਼ਲ ਮੀਡੀਆ ’ਤੇ ਇੱਕ ਹੋਰ ਵੀਡੀਓ ਵਾਇਰਲ ਹੋ ਗਈ , ਜਿਸ ’ਚ ਤਿੰਨ ਪ੍ਰਾਈਵੇਟ ਬੰਦਿਆਂ ਵੱਲੋਂ ਜੀਦਾ ਨੂੰ ਕੁੱਟਮਾਰ ਦੇ ਤੱਥ ਸਾਹਮਣੇ ਆਏ ਸਨ ਭਾਵੇਂ ਸੰਘਰਸ਼ ਦੇ ਦਬਾਅ ਹੇਠ ਜਿਲ੍ਹਾ ਪੁਲਿਸ ਨੇ ਹੌਲਦਾਰ ਖਿਲਾਫ ਕੇਸ ਦਰਜ ਕਰਨ ਦੀ ਗੱਲ ਤਾਂ ਆਖੀ ਪਰ ਪ੍ਰਾਈਵੇਟ ਬੰਦਿਆਂ ਖਿਲਾਫ ਕੋੋਈ ਕਾਰਵਾਈ ਨਹੀਂ ਕੀਤੀ ਪੁਲਿਸ ਦੇ ਇਸ ਵਤੀਰੇ ਤੋਂ ਵਕੀਲ ਭਾਈਚਾਰਾ ਭੜਕ ਗਿਆ ਅਤੇ ਤਿੰਨਾਂ ਨੂੰ ਐਫਆਈਆਰ ’ਚ ਨਾਮਜ਼ਦ ਕਰਨ ਦੀ ਮੰਗ ਰੱਖ ਦਿੱਤੀ ਹੁਣ ਜਦੋਂ ਪੁਲਿਸ ਨੇ ਵਕੀਲਾਂ ਦੀ ਮੰਗ ਮੰਨ ਲਈ ਤਾਂ ਬਾਰ ਐਸੋਸੀਏਸ਼ਨ ਨੇ ਸੰਘਰਸ਼ ਖਤਮ ਕਰਨ ਦਾ ਫੈਸਲਾ ਕੀਤਾ ਹੈ ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਕੱਤਰ ਐਡਵੋਕੇਟ ਜਗਮੀਤ ਸਿੰਘ ਸਿੱਧੂ, ਖਜਾਨਚੀ, ਸੀਮਾ ਸ਼ਰਮਾ, ਉਪ ਪ੍ਰਧਾਨ ਸੁਸ਼ਾਂਤ ਸ਼ਰਮਾ ,ਜੁਆਇੰਟ ਸਕੱਤਰ ਕੁਲਦੀਪ ਸਿੰਘ ਜੀਦਾ ਅਤੇ ਸੀਨੀਅਰ ਐਡਵੋਕੇਟ ਸੁਰਜੀਤ ਸਿੰਘ ਸੋਹੀ ਵੀ ਹਾਜ਼ਰ ਸਨ।
ਆਈਜੀ ਦੇ ਭਰੋਸੇ ’ਤੇ ਧਰਨਾ ਚੁੱਕਿਆ : ਪ੍ਰਧਾਨ
ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕੰਵਲਜੀਤ ਸਿੰਘ ਕੁਟੀ ਨੇ ਦੱਸਿਆ ਕਿ ਜੀਦਾ ਖਿਲਾਫ਼ ਦਰਜ ਐਫਆਈਆਰ ਸਬੰਧੀ ਆਈਜੀ ਬਠਿੰਡਾ ਰੇਂਜ ਨੇ ਆਪਣੀ ਦੇਖ-ਰੇਖ ’ਚ ਨਿਰਪੱਖ ਪੜਤਾਲ ਦਾ ਭਰੋਸਾ ਦਿਵਾਇਆ ਹੈ ਉਨ੍ਹਾਂ ਦੱਸਿਆ ਕਿ ਆਈਜੀ ਨੇ ਸਾਰੀਆਂ ਵੀਡੀਓਜ਼ ਆਦਿ ਨੂੰ ਵੀ ਜਾਂਚ ਦਾ ਵਿਸ਼ਾ ਬਣਾਉਣ ਦੀ ਗੱਲ ਆਖੀ ਹੈ ਉਨ੍ਹਾਂ ਕਿਹਾ ਕਿ ਅੱਜ ਬਾਰ ਆਗੂਆਂ ਨੇ ਆਈਜੀ ਨਾਲ ਮੀਟਿੰਗ ਵੀ ਕੀਤੀ ਸੀ, ਜਿਸ ’ਚ ਬਣੀ ਸਹਿਮਤੀ ਪਿੱਛੋਂ ਪੁਲਿਸ ਨਾਲ ਚੱਲ ਰਿਹਾ ਵਿਵਾਦ ਹੱਲ ਹੋ ਗਿਆ ਹੈ ਉਨ੍ਹਾਂ ਇਸ ਮੌਕੇ ਬਾਰ ਕੌਂਸਲ ਪੰਜਾਬ ਅਤੇ ਵੱਖ-ਵੱਖ ਬਾਰ ਐਸੋਸੀਏਸ਼ਨਾਂ ਤੋਂ ਇਲਾਵਾ ਜ਼ਮਹੂਰੀ ਅਧਿਕਾਰ ਸਭਾ ਵੱਲੋਂ ਦਿੱਤੇ ਸਹਿਯੋਗ ਪ੍ਰਤੀ ਵਿਸ਼ੇਸ਼ ਧੰਨਵਾਦ ਵੀ ਕੀਤਾ ਹੈ।