10 ਪਿੰਡਾਂ ‘ਤੇ ਮੰਡਰਾ ਰਿਹੈ ਹੜ੍ਹ ਦਾ ਖਤਰਾ, ਪਿੰਡ ਖਾਲੀ ਕਰਨ ਦਾ ਐਲਾਨ
ਫਿਰੋਜ਼ਪੁਰ (ਸੱਤਪਾਲ ਥਿੰਦ)। ਸਤਲੁਜ ਦਰਿਆ ਵਿੱਚ ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧਾ ਹੋਣ ਕਾਰਨ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ‘ਚ ਬੀਤੇ ਦਿਨ ਤੋਂ ਪਿੰਡ ਟੇਂਡੀ ਵਾਲਾ ਕੋਲੋਂ ਸਤਲੁਜ ਦਰਿਆ ਦੇ ਤੇਜ਼ ਵਹਾਅ ਕਾਰਨ ਧੁੱਸੀ ਬੰਨ੍ਹ ਨੂੰ ਖਾਰ ਪੈਣ ਕਾਰਨ ਬੰਨ੍ਹ ਟੁੱਟਣ ਕਿਨਾਰੇ ਪਹੁੰਚ ਗਿਆ ਹੈ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਇਸ ਬੰਨ੍ਹ ਨੂੰ ਟੁੱਟਣ ਤੋਂ ਪਹਿਲਾ ਬੰਨਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਜਿਸ ਲਈ ਬੀਐੱਸਐਫ ਦੇ ਨਾਲ ਸਥਾਨਕ ਪਿੰਡਾਂ ਦੇ ਲੋਕ ਬੰਨ੍ਹ ਬੰਨਣ ਲਈ ਜੁੱੁਟ ਗਏ ਹਨ ਬੰਨ੍ਹ ਬੰਨਣ ਲਈ ਰੇਤੇ ਦੀਆਂ ਬੋਰੀਆਂ ਭਰ-ਭਰ ਕੇ ਬੰਨ੍ਹ ਨਾਲ ਲਗਾ ਰਹੇ ਹਨ। (Sutlej River)
ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਤੋਂ ਬਾਅਦ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਸੈਨਾ ਦੇ ਜਵਾਨਾਂ, ਨਹਿਰੀ ਵਿਭਾਗ ਦੀ ਟੀਮ ਅਤੇ ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਨੁਕਸਾਨੇ ਗਏ ਬੰਨ੍ਹ ਦੇ ਹਿੱਸੇ ਨੂੰ ਮਜ਼ਬੂਤ ਕਰਨ ਲਈ ਕਾਰਜ ਸ਼ਨੀਵਾਰ ਤੋਂ ਜੰਗੀ ਪੱਧਰ ‘ਤੇ ਜਾਰੀ ਹੈ। ਖ਼ਬਰ ਲਿਖੇ ਜਾਣ ਤੱਕ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲਗਾਈਆਂ ਬੋਰੀਆਂ ‘ਚ ਪਾਣੀ ਰਿਸਣਾ ਸ਼ੁਰੂ ਹੋ ਗਿਆ ਸੀ ਜੇਕਰ ਬੰਨ੍ਹ ਟੁੱਟਦਾ ਹੈ ਤਾਂ ਇਸ ਨਾਲ ਕਰੀਬ 8-10 ਪਿੰਡ ਪਾਣੀ ਦੀ ਮਾਰ ਹੇਠ ਆ ਸਕਦੇ ਹਨ। ਫਿਲਹਾਲ ਸਾਵਧਾਨੀ ਦੇ ਤੌਰ ‘ਤੇ ਟੇਂਡੀਵਾਲਾ ਅਤੇ ਆਸ ਪਾਸ ਦੇ ਕੁੱਝ ਪਿੰਡਾਂ ਨੂੰ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਆਫ਼ਤ ਨਾਲ ਨਜਿੱਠਿਆ ਜਾ ਸਕੇ ਚੌਕਸੀ ਵਜੋਂ ਬੀਐੱਸਐਫ ਤੋਂ ਇਲਾਵਾ ਐਨਡੀਆਰਐਫ ਅਤੇ ਸਿਹਤ ਵਿਭਾਗ ਦੀਆਂ ਮੈਡੀਕਲ ਟੀਮਾਂ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ।
ਪਾਕਿਸਤਾਨ ਵੱਲੋਂ ਛੱਡਿਆ ਗਿਆ ਹੈ ਪਾਣੀ : ਡਿਪਟੀ ਕਮਿਸ਼ਨਰ | Sutlej River
ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਦੱਸਿਆ ਕਿ ਟੇਂਡੀਵਾਲਾ ਸਰਹੱਦ ਦਾ ਆਖਰੀ ਪਿੰਡ ਹੈ, ਜਿੱਥੇ ਪਾਕਿਸਤਾਨ ਤੋਂ ਭਾਰੀ ਮਾਤਰਾ ਵਿੱਚ ਪਾਣੀ ਛੱਡਿਆ ਗਿਆ ਹੈ ਉਨ੍ਹਾਂ ਆਖਿਆ ਕਿ ਪਾਕਿਸਤਾਨ ਵਿੱਚ ਸਤਲੁਜ ‘ਤੇ ਇੱਕ ਅਜਿਹੀ ਰੋਕ ਬਣਾਈ ਗਈ ਹੈ, ਜਿੱਥੋਂ ਭਾਰਤ ਵਾਲੇ ਪਾਸੇ ਨੂੰ ਵੱਡੀ ਮਾਤਰਾ ਵਿਚ ਪਾਣੀ ਛੱਡਿਆ ਗਿਆ ਹੈ ਉਨ੍ਹਾਂ ਆਖਿਆ ਕਿ ਪਿੰਡ ਟੇਂਡੀਵਾਲਾ ਕੋਲੋਂ ਲੰਘਦੇ ਸਤਲੁਜ ‘ਚ ਅਚਾਨਕ ਜ਼ਿਆਦਾ ਪਾਣੀ ਆਉਣ ਕਾਰਨ ਬੰਨ੍ਹ ਨੁਕਸਾਨਿਆ ਗਿਆ ਹੈ।
ਪਾਣੀ ‘ਚ ਡੁੱਬੇ ਪਿੰਡਾਂ ਦੇ ਲੋਕਾਂ ਨੂੰ ਲੱਗਣ ਲੱਗੇ ਚਮੜੀ ਰੋਗ | Sutlej River
ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ 16 ਮੋਬਾਈਲ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਉਨ੍ਹਾਂ ਦੱਸਿਆ ਕਿ ਕੈਂਪਾਂ ਵਿੱਚ ਜ਼ਿਆਦਾਤਰ ਮਰੀਜ਼ ਗੰਦੇ ਪਾਣੀ ਨਾਲ ਚਮੜੀ ਦੀ ਲਾਗ ਦੀ ਸਮੱਸਿਆ ਵਾਲੇ ਆ ਰਹੇ ਹਨ, ਜਿਨ੍ਹਾਂ ਨੂੰ ਮੌਕੇ ‘ਤੇ ਦਵਾਈਆਂ ਦਿੱਤੀਆਂ ਗਈਆਂ ਹਨ ਇਸ ਤੋਂ ਇਲਾਵਾ ਪੂਰੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੜ੍ਹ ਪ੍ਰਬੰਧਨ ਲਈ 20 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ। (Sutlej River)
ਕੈਬਨਿਟ ਮੰਤਰੀ ਵੱਲੋਂ ਨੁਕਸਾਨ ਦੀ ਰਿਪੋਰਟ 15 ਦਿਨਾਂ ‘ਚ ਸੌਂਪਣ ਦੇ ਨਿਰਦੇਸ਼
ਸਤਲੁਜ ਦੇ ਟੁੱਟ ਰਹੇ ਬੰਨ੍ਹ ਨੂੰ ਬਚਾਉਣ ਲਈ ਪਿੰਡ ਟੇਂਡੀ ਵਾਲਾ ‘ਚ ਚੱਲ ਰਹੇ ਕੰਮ ਦਾ ਜ਼ਾਇਜਾ ਲੈਣ ਲਈ ਪਹੁੰਚੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਰਿਪੋਰਟ 15 ਦਿਨਾਂ ‘ਚ ਤਿਆਰ ਕਰਕੇ ਸਰਕਾਰ ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ ਕੈਬਨਿਟ ਮੰਤਰੀ ਨੇ ਪਿੰਡ ਟੇਂਡੀਵਾਲਾ ਦੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ ਅਤੇ ਹੜ੍ਹ ਰਾਹਤ ਕਾਰਜਾਂ ‘ਚ ਲੱਗੇ ਪਿੰਡ ਵਾਸੀਆਂ ਦੇ ਪੈਟਰੋਲ-ਡੀਜ਼ਲ ‘ਤੇ ਹੋਇਆ ਖ਼ਰਚਾ 15 ਹਜ਼ਾਰ ਰੁਪਏ ਆਪਣੀ ਜੇਬ ਵਿੱਚੋਂ ਮੌਕੇ ‘ਤੇ ਦਿੱਤਾ।