ਵਿਰਾਟ ਦਾ 43ਵਾਂ ਸੈਂਕੜਾ, ਭਾਰਤ ਦਾ ਲੜੀ ‘ਤੇ ਕਬਜ਼ਾ

India Win The Match

ਵਿਰਾਟ ਦਾ 43ਵਾਂ ਸੈਂਕੜਾ, ਭਾਰਤ ਦਾ ਲੜੀ ‘ਤੇ ਕਬਜ਼ਾ

ਪੋਰਟ ਆਫ ਸਪੇਨ (ਏਜੰਸੀ)। ਕਪਤਾਨ ਵਿਰਾਟ ਕੋਹਲੀ ਦੇ ਨਾਬਾਦ 114 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਅਤੇ ਸ੍ਰੇਰਸ ਅਈਅਰ ਦੇ 65 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਭਾਰਤ ਨੇ ਬੁੱਧਵਾਰ ਨੂੰ ਬਾਰਸ਼ ਨਾਲ ਪ੍ਰਭਾਵਿਤ ਤੀਜੇ ਅਤੇ ਆਖਰੀ ਇੱਕ ਰੋਜ਼ਾ ਮੁਕਾਬਲੇ ‘ਚ ਮੇਜਬਾਨ ਵੈਸਟਇੰਡੀਜ਼ ਨੂੰ ਡਕਵਰਥ ਲੁਈਸ ਨਿਯਮ ਤਹਿਤ 6 ਵਿਕਟਾਂ ਨਾਲ ਹਰਾ ਕੇ 2-0 ਨਾਲ ਸੀਰੀਜ਼ ‘ਤੇ ਕਬਜ਼ਾ ਕਰ ਲਿਆ। ਵਿਰਾਟ ਨੇ 99 ਗੇਂਦਾਂ ‘ਚ 14 ਚੌਂਕਿਆਂ ਦੀ ਮਦਦ ਨਾਲ 114 ਦੌੜਾਂ ਬਣਾਈਆਂ ਅਤੇ ਇੱਕ ਰੋਜ਼ਾ ਅੰਤਰਰਾਸ਼ਟਰੀ ਕਰੀਅਰ ਦਾ 43ਵਾਂ ਸੈਂਕੜਾ ਲਾਇਆ। ਵਿਰਾਟ ਦਾ ਇਸ ਸੀਰੀਜ਼ ‘ਚ ਇਹ ਲਗਾਤਾਰ ਦੂਜਾ ਸੈਂਕੜਾ ਹੈ। ਅਈਅਰ ਨੇ 41 ਗੇਂਦਾਂ ‘ਚ 65 ਦੌੜਾਂ ਦੀ ਪਾਰੀ ‘ਚ ਤਿੰਨ ਚੌਕੇ ਅਤੇ ਪੰਜ ਛੱਕੇ ਲਗਾਏ।

ਇਸ ਤੋਂ ਪਹਿਲਾਂ ਟਾਸ ਜਿੱਤਕੇ ਪਹਿਲਾਂ ਬੱਲੇਬਾਜੀ ਕਰਨ ਉਤਰੀ ਵਿੰਡੀਜ਼ ਦੀ ਪਾਰੀ ‘ਚ ਬਾਰਸ਼ ਆ ਗਈ ਜਿਸ ਤੋਂ ਬਾਅਦ ਅੰਪਾਇਰਾਂ ਨੇ ਮੈਚ ਨੂੰ 35-35 ਓਵਰ ਦਾ ਕਰਨ ਦਾ ਫੈਸਲਾ ਲਿਆ। ਵੈਸਟਇੰਡੀਜ਼ ਨੇ ਸਲਾਮੀ ਬੱਲੇਬਾਜ ਕ੍ਰਿਸ ਗੇਲ ਦੀ 41 ਗੇਂਦਾਂ ‘ਚ ਅੱਜ ਚੌਂਕਿਆਂ ਅਤੇ ਪੰਜ ਛੱਕਿਆਂ ਦੀ ਧਮਾਕੇਦਾਰ ਪਾਰੀ ਅਤੇ ਉਹਨਾਂ ਦੀ ਏਵਿਨ ਲੁਈਸ ਨਾਲ ਪਹਿਲੀ ਵਿਕਟ ਲਈ 115 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ 35 ਓਵਰਾਂ ‘ਚ 7 ਵਿਕਟਾਂ ‘ਤੇ 240 ਦੌੜਾਂ ਬਣਾਈਆਂ।

ਭਾਰਤ ਵੱਲੋਂ ਮੱਧਮ ਤੇਜ ਗੇਂਦਬਾਜ ਖਲੀਲ ਅਹਿਮਦ ਨੇ 68 ਦੌੜਾਂ ‘ਤੇ ਤਿੰਨ ਵਿਕਟਾਂ ਲਈਆਂ ਜਦੋਂ ਕਿ ਤੇਜ ਗੇਂਦਬਾਜ ਮੁਹੰਮਦ ਸਮੀ ਨੇ 50 ਦੌੜਾਂ ‘ਤੇ ਦੋ ਵਿਕਟਾਂ ਲਈਆਂ। ਸਪਿਨਰ ਯੁਜਵੇਂਦਰ ਚਹਿਲ ਅਤੇ ਰਵਿੰਦਰ ਜਡੇਜਾ ਨੂੰ ਇੱਕ ਇੱਕ ਵਿਕਟ ਮਿਲੀ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਕਪਤਾਨ ਵਿਰਾਟ ਦੇ ਨਾਬਾਦ ਸੈਂਕੜੇ ਅਤੇ ਅਈਅਰ ਦੀਆਂ 65 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ 32.5 ਓਵਰਾਂ ‘ਚ ਚਾਰ ਵਿਕਟਾਂ ਗੁਆ ਕੇ 256 ਦੌੜਾਂ ਬਣਾ ਲਈਆਂ ਅਤੇ ਮੈਚ ਅਤੇ ਸੀਰੀਜ਼ ਜਿੱਤ ਲਈ।