ਕਾਂਗਰਸ ਵੱਲੋਂ ਬੰਦ ਦੀ ਹਮਾਇਤ
- ਐਮਪੀ ਚੌਧਰੀ ਸੰਤੋਖ ਸਿੰਘ, ਅਰੁਣਾ ਚੌਧਰੀ ਤੇ ਚਰਨਜੀਤ ਸਿੰਘ ਚੰਨੀ ਧਰਨਾਕਾਰੀਆਂ ਨੂੰ ਮਿਲੇ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਦਿੱਲੀ ‘ਚ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਤੋੜਨ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਪੰਜਾਬ ਬੰਦ ਰਿਹਾ। ਕੁਝ ਥਾਵਾਂ ‘ਤੇ ਦੁਕਾਨਦਾਰਾਂ ਨੇ ਇਸ ਬੰਦ ਦਾ ਵਿਰੋਧ ਕਰਦੇ ਹੋਏ ਆਪਣੀਆਂ ਦੁਕਾਨਾਂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਰਵਿਦਾਸ ਸਮਾਜ ਦੇ ਲੋਕਾਂ ਨਾਲ ਕਾਫ਼ੀ ਜ਼ਿਆਦਾ ਬਹਿਸ ਹੋਣ ਦੇ ਨਾਲ ਹੀ ਕਈ ਥਾਵਾਂ ‘ਤੇ ਮਾਹੌਲ ਵੀ ਕਾਫ਼ੀ ਜਿਆਦਾ ਵਿਗੜ ਗਿਆ ਸੀ। ਮੁਕੇਰੀਆਂ ਵਿਖੇ ਤਾਂ ਦੁਕਾਨਾਂ ਨੂੰ ਬੰਦ ਕਰਵਾਉਣ ਕਾਰਨ ਕਾਫ਼ੀ ਜ਼ਿਆਦਾ ਟਕਰਾਅ ਹੋ ਗਿਆ, ਜਿਸ ਕਾਰਨ ਸਥਿਤੀ ਨੂੰ ਕੰਟਰੋਲ ਕਰਨ ਲਈ ਪੁਲਿਸ ਨੂੰ ਗੋਲੀ ਚਲਾਉਣੀ ਪਈ।
ਇਸ ਦੌਰਾਨ 3 ਜ਼ਖ਼ਮੀ ਹੋਣ ਦਾ ਸਮਾਚਾਰ ਵੀ ਮਿਲ ਰਿਹਾ ਹੈ ਤਾਂ ਨਵਾਂ ਸ਼ਹਿਰ ਵਿਖੇ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣ ਕਾਰਨ ਮਾਹੌਲ ਗਰਮ ਰਿਹਾ ਅਤੇ ਪੁਲਿਸ ਦੇ ਦਖਲ ਤੋਂ ਬਾਅਦ ਸ਼ਾਂਤੀ ਬਹਾਲ ਹੋਈ। ਇਸੇ ਤਰ੍ਹਾਂ ਕਈ ਨੈਸ਼ਨਲ ਹਾਈਵੇ, ਜਿਨ੍ਹਾਂ ਵਿੱਚ ਲੁਧਿਆਣਾ-ਜਲੰਧਰ-ਅੰਮ੍ਰਿਤਸਰ ਅਤੇ ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇ ਰਵਿਦਾਸ ਸਮਾਜ ਦੇ ਨਰਾਜ਼ ਲੋਕਾਂ ਨੇ ਜਾਮ ਕਰਦੇ ਹੋਏ ਕਿਸੇ ਵੀ ਵਾਹਨ ਨੂੰ ਗੁਜ਼ਰਨ ਦੀ ਇਜਾਜ਼ਤ ਨਹੀਂ ਦਿੱਤੀ। ਦਿੱਲੀ ਵਿਖੇ ਤੋੜੇ ਗਏ ਮੰਦਿਰ ਨੂੰ ਲੈ ਕੇ ਰਵੀਦਾਸ ਸਮਾਜ ਦੇ ਲੋਕ ਜਿਆਦਾ ਗ਼ੁੱਸੇ ਵਿੱਚ ਸਨ ।
ਅਤੇ ਬੰਦ ਦੌਰਾਨ ਰਵੀਦਾਸ ਸਮਾਜ ਵਲੋਂ ਕਈ ਥਾਂ ‘ਤੇ ਚੱਕਾ ਜਾਮ ਕਰਨ ਦੇ ਨਾਲ ਹੀ ਕਈ ਥਾਂ ‘ਤੇ ਰੇਲਾਂ ਵੀ ਰੋਕੀਆਂ ਗਈਆਂ। ਪ੍ਰਦਰਸ਼ਨਕਾਰੀਆਂ ਵੱਲੋਂ ਬਟਾਲਾ ਰੇਲਵੇ ਟ੍ਰੈਕ ਪੂਰੀ ਤਰਾਂ ਜਾਮ ਕਰਕੇ ਰੱਖਿਆ ਗਿਆ, ਜਿਸ ਕਾਰਨ ਕਈ ਟ੍ਰੇਨ ਘੰਟੇ ਭਰ ਲੇਟ ਵੀ ਹੋਈਆ। ਬਾਕੀ ਪੰਜਾਬ ਦੇ ਕਾਫ਼ੀ ਜਿਆਦਾ ਹਿੱਸੇ ਵਿੱਚ ਸ਼ਾਤੀ ਮਈ ਢੰਗ ਨਾਲ ਬੰਦ ਨੂੰ ਸਮਰਥਨ ਦਿੰਦੇ ਹੋਏ ਆਮ ਲੋਕਾਂ ਨੇ ਖ਼ੁਦ ਬ ਖ਼ੁਦ ਹੀ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਬਾਅਦ ਦੁਪਹਿਰ ਹੀ ਬਾਜ਼ਾਰ ਖੁੱਲ੍ਹੇ। ਪੰਜਾਬ ਭਰ ਵਿੱਚ ਕਾਫ਼ੀ ਜਿਆਦਾ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਕੁਝ ਘੰਟੇ ਦੇ ਬੰਦ ਤੋਂ ਬਾਅਦ ਕੁਝ ਥਾਂਵਾਂ ‘ਤੇ ਬਾਅਦ ਦੁਪਹਿਰ ਬਾਜ਼ਾਰ ਖੁਲੇ ਤਾਂ ਕੁਝ ਥਾਂਵਾਂ ‘ਤੇ ਸ਼ਾਮ ਨੂੰ ਬਾਜ਼ਾਰ ਖੁੱਲੇ ਸਨ।