ਸੰਗਤ ਮੰਡੀ (ਮਨਜੀਤ ਨਰੂਆਣਾ)। ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ‘ਤੇ ਪੈਂਦੇ ਪਿੰਡ ਗੁਰੂਸਰ ਸੈਣੇਵਾਲਾ ਵਿਖੇ ਇੱਕ ਕਾਰ ਸਵਾਰ ਵਿਅਕਤੀ ਵੱਲੋਂ ਦੋ ਮੋਟਰਸਾਈਕਲਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ ਜਿਸ ‘ਚ ਇੱਕ ਔਰਤ ਸਮੇਤ ਦੋ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਗੇਲੋ ਦੇਵੀ ਪਤਨੀ ਸੁਭਾਸ਼ ਕੁਮਾਰ ਤੇ ਸੁਭਾਸ਼ ਕੁਮਾਰ ਪੁੱਤਰ ਜੀਵਨ ਲਾਲ ਵਾਸੀ ਬੀੜ ਤਲਾਬ ਬਸਤੀ ਨੰ. 6 ਮਾਰਕਫੈੱਡ ਦੇ ਕਣਕ ਦੇ ਗੁਦਾਮ ‘ਚ ਕੰਮ ਕਰਦੇ ਸਨ। ਉਕਤ ਦੋਵੇਂ ਪਤੀ ਪਤਨੀ ਸਵੇਰ ਸਮੇਂ ਗੁਦਾਮ ਦੇ ਨਜ਼ਦੀਕ ਸੜਕ ਕਿਨਾਰੇ ਮੋਟਰਸਾਈਕਲ ਲੈ ਕੇ ਖੜ੍ਹੇ ਸਨ। ਜਦਕਿ ਬਠਿੰਡਾ ਵਾਲੇ ਪਾਸਿਓਂ ਸੰਜੇ ਕੁਮਾਰ ਪੁੱਤਰ ਵਿਜੇ ਸ਼ਾਹ ਤੇ ਸੁਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀਆਨ ਵਰਧਮਾਨ ਕਲੋਨੀ (ਬਠਿੰਡਾ) ਮੋਟਰਸਾਈਕਲ ‘ਤੇ ਆ ਰਹੇ ਸਨ।
ਡੱਬਵਾਲੀ ਵਾਲੇ ਪਾਸਿਓਂ ਇੱਕ ਚਿੱਟੇ ਰੰਗ ਦੀ ਕਾਰ ਆ ਰਹੀ ਸੀ ਜਦ ਸੰਜੇ ਕੁਮਾਰ ਮੋਟਰਸਾਈਕਲ ਸਮੇਤ ਸੜਕ ਪਾਰ ਕਰਨ ਲੱਗਾ ਤਾਂ ਕਾਰ ਸਵਾਰ ਨੇ ਉਕਤ ਮੋਟਰਸਾਈਕਲ ਨੂੰ ਬਚਾਉਣ ਲਈ ਕਾਰ ਦੂਜੇ ਪਾਸੇ ਕਰ ਦਿੱਤੀ ਤੇ ਕਾਰ ਬੇਕਾਬੂ ਹੋ ਕੇ ਦੋਵੇਂ ਮੋਟਰਸਾਈਕਲਾਂ ਨਾਲ ਟਕਰਾ ਗਈ ਜਿਸ ‘ਚ ਗੇਲੋ ਦੇਵੀ ਤੇ ਸੰਜੇ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਸੁਭਾਸ਼ ਕੁਮਾਰ ਤੇ ਸੁਰਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਬਠਿੰਡਾ ਜਨ ਸਹਾਰਾ ਦੇ ਵਰਕਰ ਮੌਕੇ ‘ਤੇ ਐਂਬੂਲੈਂਸ ਲੈ ਕੇ ਪਹੁੰਚੇ ਜਿਨ੍ਹਾਂ ਨੇ ਜ਼ਖ਼ਮੀ ਵਿਅਕਤੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।
ਜਿੱਥੇ ਡਾਕਟਰਾਂ ਵੱਲੋਂ ਸੁਭਾਸ਼ ਕੁਮਾਰ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਭੁੱਚੋ ਸਥਿਤ ਆਦੇਸ਼ ਹਸਪਤਾਲ ਦਾਖਲ ਕਰਵਾਇਆ ਗਿਆ। ਕਾਰ ਸਵਾਰ ਵੱਲੋਂ ਮੋਟਰਸਾਈਕਲਾਂ ਨੂੰ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਬੇਸ਼ੱਕ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਪ੍ਰੰਤੂ ਕਾਰ ਸਵਾਰ ਡਰਾਈਵਰ ਦੀ ਬਚਤ ਕਾਰ ਦੇ ਏਅਰ ਬੈਗ ਖੁੱਲ੍ਹਣ ਕਾਰਨ ਹੋ ਗਈ। ਜਦ ਇਸ ਸਬੰਧੀ ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਬਲਤੇਜ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਨਾਮੂਲਮ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਕਾਰ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ‘ਚ ਮਰੇ ਵਿਅਕਤੀਆਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।