ਪਹਿਲਾਂ ਵੀ ਵਾਪਰ ਚੁੱਕੀਆਂ ਹਨ ਕਈ ਘਟਨਾਵਾਂ
ਫ਼ਤਹਿਗੜ੍ਹ ਸਾਹਿਬ (ਅਨਿਲ ਲੁਟਾਵਾ) ਸਰਹਿੰਦ-ਪਟਿਆਲਾ ਮਾਰਗ ‘ਤੇ ਪੈਂਦੇ ਪਿੰਡ ਰੁੜਕੀ ਵਿਖੇ ਬੀਤੀ ਰਾਤ ਸਟੇਟ ਬੈਂਕ ਆਫ਼ ਇੰਡੀਆ ਦੀ ਬਰਾਂਚ ਦੇ ਏਟੀਐੱਮ ‘ਚੋਂ ਅਣਪਛਾਤੇ ਚੋਰ ਵੱਲੋਂ ਮਸ਼ੀਨ ਤੋੜ ਕੇ ਕਰੀਬ 40 ਲੱਖ ਦੀ ਨਕਦੀ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਸੂਚਨਾ ਅਨੁਸਾਰ ਸਰਹਿੰਦ ਪਟਿਆਲਾ ਮਾਰਗ ‘ਤੇ ਪੈਂਦੇ ਪਿੰਡ ਰੁੜਕੀ ਦੀ ਐੱਸਬੀਆਈ ਬੈਂਕ ਨੇ ਇੱਕ ਨਿੱਜੀ ਕੰਪਨੀ ਨੂੰ ਏਟੀਐੱਮ ਮਸ਼ੀਨਾਂ ਵਿੱਚ ਨਕਦੀ ਪਾਉਣ ਦਾ ਠੇਕਾ ਦਿੱਤਾ ਹੋਇਆ। ਇਸ ਸਬੰਧੀ ਜਦੋਂ ਕੰਪਨੀ ਦੇ ਕੈਸ਼ ਅਫ਼ਸਰ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਸ਼ੀਨ ਵਿੱਚ 2 ਅਗਸਤ ਨੂੰ 30 ਲੱਖ ਰੁਪਏ, 5 ਅਗਸਤ ਨੂੰ 15 ਲੱਖ ਤੇ 6 ਅਗਸਤ ਨੂੰ 20 ਲੱਖ ਰੁਪਏ ਦੀ ਨਗਦੀ ਪਾਈ ਗਈ ਸੀ ਜੋ ਕਿ ਕੁੱਲ ਰਕਮ 65 ਲੱਖ ਰੁਪਏ ਬਣਦੀ ਹੈ ਤੇ ਚੋਰੀ ਕਰੀਬ 40 ਲੱਖ ਰੁਪਏ ਦੀ ਹੋਈ ਹੈ।
ਬੀਤੀ ਰਾਤ ਕਰੀਬ 2:22 ਵਜੇ ਉਕਤ ਮਸ਼ੀਨ ਨੂੰ ਚੋਰ ਤੋੜ ਕੇ ਨਗਦੀ ਲੈ ਕੇ ਫ਼ਰਾਰ ਹੋ ਗਏ। ਵਰਨਣਯੋਗ ਹੈ ਕਿ ਪਿਛਲੇ ਕੁੱਝ ਮਹੀਨੇ ਪਹਿਲਾਂ ਵੀ ਚੋਰਾਂ ਵੱਲੋਂ ਇਸ ਏਟੀਐੱਮ ਮਸ਼ੀਨ ਦੀ ਭੰਨ-ਤੋੜ ਕੀਤੀ ਗਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੈੱਪੀ ਜਸਵਿੰਦਰ ਸਿੰਘ ਟਿਵਾਣਾ, ਡੀਐੱਸਪੀ ਰਮਿੰਦਰ ਸਿੰਘ ਕਾਹਲੋਂ, ਥਾਣਾ ਮੂਲੇਪੁਰ ਮੁਖੀ ਇੰਸ. ਮਨਪ੍ਰੀਤ ਸਿੰਘ ਦਿਓਲ ਪਹੁੰਚ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਵੱਖ-ਵੱਖ ਪਹਿਲੂਆਂ ‘ਤੇ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ‘ਚੋਂ ਵੀ ਫੁਟੇਜ਼ ਲੈ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਹੀ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ।