ਭਾਕਿਯੂ (ਉਗਰਾਹਾਂ) ਨੇ ਜਾਰੀ ਕੀਤੀ 2 ਮਹੀਨਿਆਂ ਦੀ ਸੂਚੀ
ਸੰਗਰੂਰ (ਗੁਰਪ੍ਰੀਤ ਸਿੰਘ)। ਜੂਨ 2019 ਤੋਂ ਜੁਲਾਈ 2019 ਤੱਕ ਪੰਜਾਬ ‘ਚ ਖੁਦਕੁਸ਼ੀਆਂ ਦਾ ਅੰਕੜਾ ਬਹੁਤ ਉੱਪਰ ਚਲਾ ਗਿਆ ਹੈ ਹਾਲੇ ਵੀ ਪੰਜਾਬ ‘ਚ ਖੁਦਕਸ਼ੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਇਨ੍ਹਾਂ ਦੋ ਮਹੀਨਿਆਂ ਵਿੱਚ ਪੰਜਾਬ ਵਿੱਚ 74 ਕਿਸਾਨਾਂ ਤੇ 17 ਮਜ਼ਦੂਰਾਂ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੁਦਕੁਸ਼ੀਆਂ ਦੇ ਅੰਕੜਿਆਂ ਦੀ ਸੂਚੀ ਅੱਜ ਸਥਾਨਕ ਰੈਸਟ ਹਾਊਸ ਵਿਖੇ ਜਾਰੀ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਇਹ ਖੁਦਕੁਸ਼ੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਹੋ ਰਹੀਆਂ ਹਨ।
ਕਿਉਂਕਿ ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਸੱਤਾ ਵਿੱਚ ਆਈ ਤਾਂ ਅਸੀਂ ਸਮੁੱਚੇ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਾਂਗੇ ਪਰ ਹੋਇਆ ਕੁਝ ਨਹੀਂ ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਲਈ ਕੇਂਦਰ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ ਕਿਉਂਕਿ ਮੋਦੀ ਸਰਕਾਰ ਨੇ ਅਜੇ ਤੱਕ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਤੇ ਨਾ ਹੀ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਕੋਈ ਐਲਾਨ ਕੀਤਾ ਹੈ ਜੋ ਕੇਂਦਰ ਸਰਕਾਰ ਨੇ ਕਿਸਾਨਾਂ ਲਈ 6 ਹਜ਼ਾਰ ਦੀ ਰਾਸ਼ੀ ਐਲਾਨੀ ਹੈ, ਇਹ ਰਾਸ਼ੀ ਵੀ ਪੂਰੇ ਕਿਸਾਨਾਂ ਨੂੰ ਨਹੀਂ ਮਿਲੀ, ਜਿਸ ਕਾਰਨ ਕਿਸਾਨ ਨਿਰਾਸ਼ ਹਨ।
ਉਨ੍ਹਾਂ ਦੱਸਿਆ ਕਿ ਸੰਗਰੂਰ ਜ਼ਿਲ੍ਹਾ ਦੀ ਹਾਲਤ ਸਭ ਤੋਂ ਜ਼ਿਆਦਾ ਨਾਜ਼ੁਕ ਹੈ, ਸੰਗਰੂਰ ਜ਼ਿਲ੍ਹਾ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲਾ ਜ਼ਿਲ੍ਹਾ ਹੈ ਪਰ ਇਸ ਜ਼ਿਲ੍ਹੇ ਵਿੱਚੋਂ ਕਾਂਗਰਸ ਦੀ ਅੱਜ ਤੱਕ ਦੀ ਸੱਤਾ ਅਨੁਸਾਰ 216 ਕਿਸਾਨਾਂ ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ, ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਮਜ਼ਦੂਰ ਤੇ ਕਿਸਾਨਾਂ ਦਾ ਖੁਦਕੁਸ਼ੀਆਂ ‘ਚ ਦੂਜਾ ਨੰਬਰ ਹੈ, ਮਾਨਸਾ ਜ਼ਿਲ੍ਹਾ ਤੀਜੇ ਨੰਬਰ ‘ਤੇ ਹਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਹਾਲੇ ਵੀ ਕਿਸਾਨਾਂ ਬਾਰੇ ਕੁਝ ਨਹੀਂ ਸੋਚਿਆ ਤਾਂ ਇਹ ਮਾਮਲਾ ਵਿਸਫੋਟਕ ਰੂਪ ਧਾਰ ਸਕਦਾ ਹੈ, ਜਿਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ ਇਸ ਸੂਚੀ ਜਾਰੀ ਕਰਨ ਸਮੇਂ ਕਿਰਪਾਲ ਸਿੰਘ ਖਜ਼ਾਨਚੀ, ਜਗਤਾਰ ਸਿੰਘ ਕਾਲਾਝਾੜ, ਅਜਾਇਬ ਸਿੰਘ ਲੱਖੇਵਾਲ, ਗੋਬਿੰਦਰ ਸਿੰਘ ਮੰਗਵਾਲ, ਗੋਬਿੰਦਰ ਸਿੰਘ ਬਡਰੁੱਖਾਂ, ਸੁਖਪਾਲ ਸਿੰਘ ਮਾਣਕ ਕਣਕਵਾਲ ਭੰਗੂਆਂ ਵੀ ਹਾਜ਼ਰ ਰਹੇ।