ਨਜਾਇਜ਼ ਹਿਰਾਸਤ ‘ਚ ਰੱਖਣ ਤੇ ਤਸ਼ੱਦਦ ਦੇ ਦੋਸ਼
ਅਸ਼ੋਕ ਵਰਮਾ, ਬਠਿੰਡਾ
ਬਠਿੰਡਾ ਪੁਲਿਸ ਦਾ ਸੀਆਈਏ ਸਟਾਫ (ਟੂ) ਇੱਕ ਵਾਰ ਫਿਰ ਤੋਂ ਵਿਵਾਦਾਂ ‘ਚ ਘਿਰਦਾ ਨਜ਼ਰ ਆ ਰਿਹਾ ਹੈ ਬਠਿੰਡਾ ਦੀਆਂ ਜਨਤਕ ਜੱਥੇਬੰਦੀਆਂ ਨੇ ਇੱਕ ਸਾਲ ਪੁਰਾਣੇ ਕੇਸ ‘ਚ ਰਾਮਪੁਰਾ ਦੇ ਤਿੰਨ ਮਜ਼ਦੂਰਾਂ ਨੂੰ ਕਥਿਤ ਤੌਰ ‘ਤੇ ਨਜਾਇਜ਼ ਫਸਾਉਣ ਲਈ ਤਸ਼ੱਦਦ ਕਰਨ ਦੇ ਦੋਸ਼ ਲਾਏ ਹਨ ਇਸ ਮਾਮਲੇ ਸਬੰਧੀ ਅੱਜ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ‘ਚ ਜਨਤਕ ਜਮਹੂਰੀ ਜਥੇਬੰਦੀਆਂ ਦੇ ਵਫ਼ਦ ਨੇ ਬਠਿੰਡਾ ਰੇਂਜ ਦੇ ਆਈਜੀ ਐਮਐਫ ਫਾਰੂਕੀ ਦੇ ਬੂਹੇ ‘ਤੇ ਦਸਤਕ ਦਿੱਤੀ ਹੈ ਇਨ੍ਹਾਂ ਜੱਥੇਬੰਦੀਆਂ ਨੇ ਸੀ ਆਈ ਸਟਾਫ਼-2 ਬਠਿੰਡਾ ਵੱਲੋਂ ਕੀਤੀ ਜਾਂਦੀ ਛਾਪੇਮਾਰੀ ਬੰਦ ਕਰਾਉਣ ਲਈ ਮੰਗ ਪੱਤਰ ਵੀ ਦਿੱਤਾ ਹੈ ਜ਼ਮਹੂਰੀ ਅਧਿਕਾਰ ਸਭਾ ਦੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਦੱਸਿਆ ਕਿ 23 ਜੁਲਾਈ 2018 ਨੂੰ ਟਰੱਕ ਯੂਨੀਅਨ ਰਾਮਪੁਰਾ ਦੀ ਅਗਵਾਈ ‘ਚ ਲੋਕਾਂ ਨੇ ਤੇਲ ਕੀਮਤਾਂ ਘੱਟ ਕਰਨ ਅਤੇ ਟੋਲ ਪਲਾਜ਼ੇ ਚੁੱਕੇ ਜਾਣ ਦੀ ਮੰਗ ਸਬੰਘੀ ਧਰਨਾ ਲਾਇਆ ਹੋਇਆ ਸੀ।
ਇਸ ਮੌਕੇ ਚੱਕ ਫਤਹਿ ਸਿੰਘ ਵਾਲਾ ਦੇ ਭੁਪਿੰਦਰ ਸਿੰਘ ਦਾ ਧਰਨਾਕਾਰੀਆਂ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ ਅਤੇ ਹੱਥੋਪਾਈ ਵੀ ਹੋਈ ਉਨ੍ਹਾਂ ਦੱਸਿਆ ਕਿ ਇਸ ਝਗੜੇ ਸਬੰਧੀ ਕਰੀਬ 6 ਜਣਿਆਂ ਵਿਰੁੱਧ ਥਾਣਾ ਸਿਟੀ ਰਾਮਪੁਰਾ ‘ਚ ਪੁਲਿਸ ਕੇਸ ਦਰਜ ਕੀਤਾ ਗਿਆ ਸੀ ਐਫਆਈਆਰ ‘ਚ ਦਰਜ ਨਾਮਜ਼ਦ ਵਿਅਕਤੀਆਂ ‘ਤੇ ਇਕ ਸਾਲ ਲੰਘਣ ਪਿੱਛੋਂ ਵੀ ਕੋਈ ਕਾਰਵਾਈ ਕਰਨ ਦੀ ਥਾਂ ਸੀਆਈਏ ਸਟਾਫ ਬਠਿੰਡਾ-2 ਵੱਲੋਂ ਰਾਮਪੁਰਾ ਪਿੰਡ ਦੇ ਦੋ ਮਜ਼ਦੂਰਾਂ ਜਸਵਿੰਦਰ ਸਿੰਘ ਤੇ ਜੱਗਾ ਸਿੰਘ ਅਤੇ ਰਾਮਪੁਰਾ ਮੰਡੀ ਦੇ ਮਜ਼ਦੂਰ ਦੀਪਕ ਸਿੰਘ ਨੂੰ 24 ਮਾਰਚ 2019 ਨੂੰ ਕਥਿਤ ਰੂਪ ‘ਚ ਘਰੋਂ ਚੁੱਕ ਲਿਆ ਅਤੇ 30 ਮਾਰਚ ਤੱਕ ਨਜਾਇਜ਼ ਹਿਰਾਸਤ ‘ਚ ਰੱਖ ਕੇ ਇਨ੍ਹਾਂ ਮਜ਼ਦੂਰਾਂ ਤੋਂ ਜ਼ੁਰਮ ਕਬੂਲ ਕਰਵਾਉਣ ਲਈ ਤਸ਼ੱਦਦ ਕੀਤਾ ਗਿਆ ।
ਹੈਰਾਨ ਕਰਨ ਵਾਲੀ ਗੱਲ ਹੈ ਕਿ ਇਨ੍ਹਾਂ ਤਿੰਨਾਂ ਮਜ਼ਦੂਰਾਂ ਦਾ ਧਰਨੇ ਵਾਲੀ ਥਾਂ ‘ਤੇ ਹੋਈ ਹੱਥੋਪਾਈ ਤੇ ਕੁੱਟਮਾਰ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ ਉਨ੍ਹਾਂ ਕਿਹਾ ਕਿ ਮੁਦਈ ਨੇ ਵੀ ਐਫਆਈਆਰ ‘ਚ ਇਨ੍ਹਾਂ ਮਜ਼ਦੂਰਾਂ ਦੇ ਕਿਧਰੇ ਕੋਈ ਜ਼ਿਕਰ ਜਾਂ ਨਾਂਅ ਵੀ ਨਹੀਂ ਹੈ ਉਨ੍ਹਾਂ ਦੱਸਿਆ ਕਿ ਆਗੂਆਂ ਨੇ ਆਈਜੀ ਪੁਲਿਸ ਨੂੰ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਐਫਆਈਆਰ ‘ਚ ਨਾਮਜ਼ਦ ਵਿਅਕਤੀ ਅਸਰ ਰਸੂਖ ਵਾਲੇ ਹਨ, ਜੋ ਆਪਣਾ ਨਾਂਅ ਕਢਵਾਉਣ ਲਈ ਕੇਸ ਮਜਦੂਰਾਂ ਸਿਰ ਮੜ੍ਹਨ ਦੇ ਚੱਕਰ ‘ਚ ਹਨ ਉਨ੍ਹਾਂ ਦੱਸਿਆ ਕਿ ਇਨ੍ਹਾਂ ਮਜਦੂਰ ਨੇ ਜੱਥੇਬੰਦੀਆਂ ਕੋਲ ਪੁਲਿਸ ਵੱਲੋਂ ਕਥਿਤ ਰਿਸ਼ਵਤ ਮੰਗਣ ਦੀ ਗੱਲ ਵੀ ਆਖੀ ਹੈ ਇਸ ਸਬੰਧੀ ਸਬੂਤ ਵਜੋਂ ਇੱਕ ਵੀਡੀਓ ਵੀ ਪੇਸ਼ ਕੀਤੀ ਗਈ, ਜਿਸ ਨੂੰ ਦੇਖਣ ਅਤੇ ਵਫਦ ਦੀ ਗੱਲ ਸੁਣਨ ਉਪਰੰਤ ਆਈ ਜੀ ਨੇ ਐਸਐਸਪੀ ਬਠਿੰਡਾ ਨੂੰ ਮੌਕੇ ‘ਤੇ ਸੱਦਿਆ ਅਤੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ ।
ਵਫਦ ‘ਚ ਭਾਰਤੀ ਕਿਸਾਨ ਯੂਨੀਅਨ (ਕਾਂਤੀਕਾਰੀ) ਦੇ ਜਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕੁਲਵੰਤ ਸੇਲਬਰਾਹ,ਗੁਰੂ ਰਵਿਦਾਸ ਸਭਾ ਰਾਮਪੁਰਾ ਦੇ ਹਰਦੇਵ ਸਿੰਘ, ਲੋਕ ਸੰਗਰਾਮ ਮੰਚ ਦੇ ਕੌਰ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਜਨਰਲ ਸਕੱਤਰ ਪ੍ਰਿਤਪਾਲ ਸਿੰਘ ਤੋਂ ਇਲਾਵਾ ਸਭਾ ਦੀ ਰਾਮਪੁਰਾਫੂਲ ਇਕਾਈ ਦੇ ਕਨਵੀਨਰ ਅਵਤਾਰ ਸਿੰਘ, ਨਗਰ ਪੰਚਾਇਤ ਰਾਮਪੁਰਾ ਦੇ ਹਰਨੇਕ ਸਿੰਘ (ਸਾਬਕਾ ਸਰਪੰਚ) ਅਤੇ ਪੀੜਤ ਪਰਿਵਾਰ ਵੀ ਵਫਦ ‘ਚ ਸ਼ਾਮਲ ਸਨ।
ਜਾਂਚ ਉਪਰੰਤ ਬਣਦੀ ਕਾਰਵਾਈ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ: ਨਾਨਕ ਸਿੰਘ ਦਾ ਕਹਿਣਾ ਸੀ ਕਿ ਸਮੁੱਚੇ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਤੇ ਜੋ ਕੋਈ ਕਸੂਰਵਾਰ ਪਾਇਆ ਗਿਆ ਤਾਂ ਉਹ ਬਣਦੀ ਕਾਰਵਾਈ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।