ਪੰਜਾਬੀਆਂ ਦੇ ਘਰਾਂ ‘ਚੋਂ ਅਲੋਪ ਹੋ ਚੱਲੇ ਘੜੇ…
ਪਰਮਜੀਤ ਕੌਰ ਸਿੱਧੂ
ਪ੍ਰਦੂਸ਼ਿਤ ਪਾਣੀ ਕਾਰਨ ਭਿਆਨਕ ਬਿਮਾਰੀਆਂ ਜੋ ਫੈਲ ਰਹੀਆਂ ਹਨ, ਉਨ੍ਹਾਂ ਦਾ ਇਲਾਜ ਭਾਰਤ ਵਿੱਚ ਹੋ ਹੀ ਨਹੀਂ ਰਿਹਾ ਅਤੇ ਹਵਾ ਪ੍ਰਦੂਸ਼ਿਤ ਹੋਣ ਕਾਰਨ ਸਾਨੂੰ ਸਾਹ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਰਹੀਆਂ ਹਨ। ਅਸੀਂ ਭਾਵੇਂ ਅੱਜ 21ਵੀਂ ਸਦੀ ਵਿੱਚ ਪਹੁੰਚ ਚੁੱਕੇ ਹਾਂ, ਪਰ ਪ੍ਰਦੂਸ਼ਿਤ ਪਾਣੀ ਅਤੇ ਹਵਾ ਕਾਰਨ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਘਿਰ ਚੁੱਕੇ ਹਾਂ। ਮੁੱਕਦੀ ਗੱਲ ਕਿ ਜਿਸ ਨਾਲ ਅਸੀਂ ਜਿਉਣਾ ਹੈ, ਉਹ ਹੀ ਸਾਨੂੰ ਸ਼ੁੱਧ ਅਤੇ ਸਾਫ਼-ਸੁਥਰਾ ਪ੍ਰਾਪਤ ਨਹੀਂ ਹੋ ਰਿਹਾ। ਮਨੁੱਖ ਦੀਆਂ ਗਲਤੀਆਂ ਕਾਰਨ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਪਾਣੀ ਗੰਦਲਾ ਹੁੰਦਾ ਜਾ ਰਿਹਾ ਹੈ ਅਤੇ ਜ਼ਹਿਰੀਲੀਆਂ ਗੈਸਾਂ ਕਾਰਨ ਸਾਡੀ ਹਵਾ ਜ਼ਹਿਰ ਬਣਦੀ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਦਾ ਪਾਣੀ, ਜਿਸ ਨੂੰ ਕਦੇ ਅੰਮ੍ਰਿਤ ਕਿਹਾ ਜਾਂਦਾ ਸੀ ਅਤੇ ਬਿਨਾਂ ਫ਼ਿਲਟਰ ਤੋਂ ਹੀ ਇੰਨਾ ਸਾਫ਼ ਹੁੰਦਾ ਸੀ ਕਿ ਕੋਈ ਕਹਿਣ ਦੀ ਹੱਦ ਨਹੀਂ, ਅੱਜ ਉਹੀ ਪਾਣੀ ਸਾਨੂੰ ਪੁਣ-ਪੁਣ ਕੇ ਪੀਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸਿਹਤ ਮਾਹਿਰਾਂ ਮੁਤਾਬਿਕ ਫ਼ਰਿੱਜਾਂ ਵਿੱਚ ਭਰੀ ਜਾਂਦੀ ਗੈਸ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਜ਼ਿਆਦਾਤਰ ਡਾਕਟਰ ਲੋਕਾਂ ਨੂੰ ਘੜੇ ਦਾ ਪਾਣੀ ਪੀਣ ਲਈ ਹੀ ਆਖਦੇ ਹਨ, ਪਰ ਸਾਡੇ ਪੰਜਾਬੀ ਕਿੱਥੇ ਸੁਧਰਦੇ ਨੇ! ਪੰਜਾਬੀ ਤਾਂ ਨਵੀਂ ਟੈਕਨਾਲੋਜੀ ਨੂੰ ਹੀ ਵੇਖਦੇ ਰਹਿੰਦੇ ਹਨ ਕਿ ਕਦੋਂ ਬਜ਼ਾਰ ਵਿੱਚ ਕੋਈ ਨਵੀਂ ਚੀਜ਼ ਆਵੇ ਅਤੇ ਉਹ ਫਟਾਫਟ ਆਪਣੇ ਘਰ ਉਸਨੂੰ ਲੈ ਆਉਣ। ਘੜਿਆਂ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਵਿੱਚ 10 ਪ੍ਰਤੀਸ਼ਤ ਲੋਕ ਹੀ ਅਜਿਹੇ ਹੋਣਗੇ, ਜੋ ਹੁਣ ਵੀ ਆਪਣੇ ਘਰਾਂ ਵਿੱਚ ਘੜਿਆਂ ਦਾ ਇਸਤੇਮਾਲ ਕਰਦੇ ਹਨ, ਨਹੀਂ ਤਾਂ ਦੇਸ਼ ਦੇ 90 ਪ੍ਰਤੀਸ਼ਤ ਲੋਕ ਘੜਿਆਂ ਦੀ ਬਜਾਏ ਮਹਿੰਗੇ ਭਾਅ ਫ਼ਰਿੱਜ ਖਰੀਦੀ ਬੈਠੇ ਹਨ।
ਦੱਸ ਦਈਏ ਕਿ ਵਿਗਿਆਨ ਨੇ ਭਾਵੇਂ ਬੇਸ਼ੁਮਾਰ ਤਰੱਕੀ ਕੀਤੀ ਹੈ, ਪਰ ਵਿਗਿਆਨ ਨੇ ਸਾਡੇ ਲੋਕਾਂ ਨੂੰ ਇਹ ਵੀ ਸਮਝਾਇਆ ਹੈ ਕਿ ਉਹ ਆਪਣਾ ਵਿਰਸਾ ਨਾ ਭੁੱਲਣ, ਕਿਉਂਕਿ ਜੋ ਲੋਕ ਵਿਰਸੇ ਨੂੰ ਨਹੀਂ ਸੰਭਾਲ ਸਕਦੇ, ਉਹ ਕਦੇ ਵੀ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਸਕਦੇ। ਵਿਗਿਆਨੀਆਂ ਦੀਆਂ ਕਹੀਆਂ ਗੱਲਾਂ ਅੱਜ ਵੀ ਸੱਚ ਸਾਬਤ ਹੋ ਰਹੀਆਂ ਹਨ। ਬੇਸ਼ੱਕ ਹੀ ਅਸੀਂ ਵਿਗਿਆਨ ਨੂੰ ਆਪਣਾ ਇੱਕ ਅੰਗ ਬਣਾ ਲਿਆ ਹੈ, ਪਰ ਪੰਜਾਬੀ ਆਪਣੇ ਵਿਰਸੇ ਨੂੰ ਭੁੱਲ ਕੇ ਬਾਹਰਲੀਆਂ ਚੀਜ਼ਾਂ ਨੂੰ ਗਲ ਲਾਉਣ ਲੱਗੇ ਹੋਏ ਹਨ। ਵੇਖਿਆ ਜਾਵੇ ਤਾਂ ਘੜੇ ਅਤੇ ‘ਮਸ਼ਕ’ ਇਹ ਦੋ ਅਜਿਹੇ ਸਾਧਨ ਹਨ, ਜਿਨ੍ਹਾਂ ਦਾ ਪੁਰਾਣੇ ਜਮਾਨਿਆਂ ਵਿੱਚ ਰਾਜੇ-ਮਹਾਰਾਜੇ ਬਹੁਤ ਇਸਤੇਮਾਲ ਕਰਿਆ ਕਰਦੇ ਸਨ ਤੇ ਉਹ ਮਸ਼ਕ ਅਤੇ ਘੜੇ ਦਾ ਪਾਣੀ ਪੀਣ ਕਾਰਨ ਬਿਮਾਰ ਵੀ ਬਹੁਤ ਘੱਟ ਹੁੰਦੇ ਸਨ। ਪਰ ਇਸ ਵੇਲੇ ਜੋ ਕੁਝ ਸਾਡੇ ਸਮਾਜ ਦੇ ਅੰਦਰ ਹੋ ਰਿਹਾ ਹੈ, ਉਹ ਕਿਸੇ ਤੋਂ ਛੁਪਿਆ ਨਹੀਂ ਹੈ। ਪੰਜਾਬੀਆਂ ਦੇ ਘਰਾਂ ਵਿੱਚੋਂ ਅੱਜ ਘੜੇ ਅਤੇ ਮਸ਼ਕਾਂ ਗਾਇਬ ਹੀ ਹੋ ਚੁੱਕੀਆਂ ਹਨ ਅਤੇ ਕੋਈ ਵਿਰਲੇ ਹੀ ਘਰ ਹੋਣਗੇ, ਜਿੱਥੇ ਅੱਜ ਵੀ ਮਸ਼ਕਾਂ ਅਤੇ ਘੜਿਆਂ ਦੇ ਜਰੀਏ ਪਾਣੀ ਪੀਤਾ ਜਾਂਦਾ ਹੈ। ਦੂਜੇ ਪਾਸੇ ਜੇਕਰ ਘੜਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੋਂ ‘ਵਾਟਰ ਕੈਂਪਰ’ ਹੋਂਦ ਵਿੱਚ ਆਏ ਹਨ ਤਾਂ ਘੜੇ ਗਾਇਬ ਹੋਣੇ ਸ਼ੁਰੂ ਹੋ ਗਏ ਹਨ। ‘ਵਾਟਰ ਕੈਂਪਰ’ ਦੀ ਖੋਜ ਕਰਨ ਵਾਲਿਆਂ ਨੇ ਉਨ੍ਹਾਂ ਹੱਥੋਂ ਉਨ੍ਹਾਂ ਦਾ ਰੁਜ਼ਗਾਰ ਖੋਹ ਲਿਆ ਹੈ। ਹੁਣ ਤਾਂ ਪੰਜਾਬ ਦੇ ਅੰਦਰ ਬਹੁਤ ਹੀ ਘੱਟ ਘੜੇ ਵਿਕਦੇ ਹਨ। ਸੋ, ਆਓ! ਪੰਜਾਬੀਓ ਇੱਕ ਵਾਰ ਫਿਰ ਤੋਂ ਆਪਣੇ ਘਰਾਂ ਵਿੱਚ ਘੜਿਆਂ ਨਾਲ ਪਾਣੀ ਪੀਣ ਦੀ ਆਦਤ ਪਾਈਏ ਤੇ ਨਿਰੋਗ ਰਹੀਏ।
ਪਰਮਜੀਤ ਕੌਰ ਸਿੱਧੂ
ਮੋ. 98148-90905
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।