ਮਿਸ਼ਨ ‘ਫਤਹਿ’ ਕਰਕੇ ਛੇਵੇਂ ਦਿਨ ਘਰਾਂ ਨੂੰ ਪਰਤੇ ਡੇਰਾ ਸ਼ਰਧਾਲੂ
ਗੁਰਪ੍ਰੀਤ ਸਿੰਘ/ਮੋਹਨ ਸਿੰਘ, ਮੂਣਕ
ਆਖ਼ਿਰ ਛੇਵੇਂ ਦਿਨ ਫੂਲਦ ਪਿੰਡ ਘੱਗਰ ਦਰਿਆ ‘ਚ ਪਏ 200 ਫੁੱਟ ਦੇ ਪਾੜ ਨੂੰ ਅੱਜ ਸੌ ਫੀਸਦੀ ਪੂਰ ਲਿਆ ਗਿਆ ਕੰਮ ਨੂੰ ਨੇਪਰੇ ਚਾੜ੍ਹਨ ਤੋਂ ਪਿੱਛੋਂ ਅੱਜ ਡੇਰਾ ਸੱਚਾ ਸੌਦਾ ਦੇ ਸੈਂਕੜੇ ਪ੍ਰੇਮੀ, ਐਨ.ਡੀ.ਆਰ.ਐਫ., ਭਾਰਤੀ ਫੌਜ ਦੇ ਜਵਾਨ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਘਰਾਂ ਨੂੰ ਪਰਤ ਗਏ ਬੇਸ਼ੱਕ ਹਾਲੇ ਕਈ ਦਿਨ 7 ਪਿੰਡਾਂ ਦੇ ਲੋਕਾਂ ਨੂੰ ਜ਼ਿੰਦਗੀ ਦੀ ਮੁੱਖ ਧਾਰਾ ਵਿੱਚ ਆਉਣ ਲਈ ਲੱਗਣਗੇ ਪਰ ਬੰਨ੍ਹ ਪੂਰਨ ਦੀ ਲੋਕਾਂ ਦੇ ਚਿਹਰਿਆਂ ਤੋਂ ਤਸੱਲੀ ਝਲਕ ਰਹੀ ਸੀ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਅੱਜ ਕਰੀਬ 20 ਫੁੱਟ ਦਾ ਬੰਨ੍ਹ ਪੂਰਨ ਉਪਰੰਤ ਰਾਹਤ ਕਰਮੀਆਂ ਨੇ ਜਿੱਤ ਦਾ ਝੰਡਾ ਗੱਡ ਦਿੱਤਾ 18 ਜੁਲਾਈ ਨੂੰ ਸਵੇਰੇ ਮੂਣਕ ਨੇੜਲੇ ਪਿੰਡ ਫੂਲਦ ਕੋਲ ਘੱਗਰ ਦਰਿਆ ਵਿੱਚ ਕਰੀਬ 20 ਫੁੱਟ ਚੌੜਾ ਪਾੜ ਪੈਣ ਕਾਰਨ ਸਾਰੇ ਇਲਾਕੇ ਵਿੱਚ ਹਫੜਾ-ਦਫੜੀ ਮੱਚ ਗਈ ਇਸ ਉਪਰੰਤ ਉਸੇ ਦਿਨ ਤੋਂ ਹੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਪਾੜ ਪੂਰਨ ਤੇ ਲੋਕਾਂ ਦੀ ਮੱਦਦ ਕਰਨ ਦਾ ਬੀੜਾ ਚੁੱਕਿਆ ਹੋਇਆ ਸੀ ਤਕਰੀਬਨ 200 ਫੁੱਟ ਦੇ ਪਾੜ ਨੂੰ ਡੇਰਾ ਸ਼ਰਧਾਲੂਆਂ ਵੱਲੋਂ ਸੁਰੱਖਿਆ ਫੋਰਸਾਂ ਤੇ ਹੋਰ ਰਾਹਤ ਕਰਮੀਆਂ ਨਾਲ ਮਿਲ ਕੇ ਪੂਰਨ ਲਈ ਦਿਨ ਰਾਤ ਇੱਕ ਕਰ ਦਿੱਤਾ ਹਰੇਕ ਦਿਨ ਲਗਭਗ 45-50 ਫੁੱਟ ਦਾ ਪਾੜ ਬੰਦ ਕਰਨ ਉਪਰੰਤ ਆਖ਼ਰ ਅੱਜ ਛੇਵੇਂ ਦਿਨ ਇਸ ਬੰਨ੍ਹ ਨੂੰ ਪੂਰਨ ਵਿੱਚ ਪੂਰੀ ਤਰ੍ਹਾਂ ਕਾਮਯਾਬੀ ਹਾਸਲ ਹੋਈ
ਇਸ ਸਬੰਧੀ ਗੱਲਬਾਤ ਕਰਦਿਆਂ ਡੇਰਾ ਸੱਚਾ ਸੌਦਾ ਦੇ 45 ਮੈਂਬਰ ਜਗਦੀਸ਼ ਇੰਸਾਂ ਤੇ ਯੂਥ ਵਿੰਗ ਦੇ ਪੰਤਾਲੀ ਮੈਂਬਰ ਜਗਦੀਸ਼ ਰਾਏ ਇੰਸਾਂ ਨੇ ਦੱਸਿਆ ਕਿ ਕੁਦਰਤ ਦੀ ਇਸ ਕਰੋਪੀ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਜਿਸ ਤਰ੍ਹਾਂ ਦਾ ਜਜ਼ਬਾ ਦਿਖਾਇਆ ਗਿਆ, ਉਹ ਕਾਬਲ ਏ ਤਾਰੀਫ਼ ਹੈ ਉਨ੍ਹਾਂ ਕਿਹਾ ਕਿ ਹਰ ਰੋਜ ਸੈਂਕÎੜਿਆਂ ਦੀ ਗਿਣਤੀ ਵਿੱਚ ਡੇਰਾ ਪ੍ਰੇਮੀਆਂ ਨੇ ਜਾਲ ਬੁਣਨ ਤੋਂ ਲੈ ਕੇ ਮਿੱਟੀ ਭਰਨ ਤੇ ਮਿੱਟੀ ਨਾਲ ਭਰੇ ਥੈਲੇ ਬੰਨ੍ਹ ਵਾਲੀ ਥਾਂ ‘ਤੇ ਸੁੱਟਣ ਦਾ ਕੰਮ ਲਗਾਤਾਰ ਕੀਤਾ ਉਨ੍ਹਾਂ ਦੱਸਿਆ ਕਿ ਇਕੱਲੇ ਜ਼ਿਲ੍ਹਾ ਸੰਗਰੂਰ ਦੇ ਹੀ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਬਲਾਕਾਂ ਵਿੱਚੋਂ ਆਏ ਵੱਡੀ ਗਿਣਤੀ ਡੇਰਾ ਪ੍ਰੇਮੀਆਂ ਨੇ ਇਸ ਕੰਮ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ ਉਨ੍ਹਾਂ ਦੱਸਿਆ ਕਿ ਅੱਜ ਬੰਨ੍ਹ ਪੂਰਨ ਉਪਰੰਤ ਡੇਰਾ ਪ੍ਰੇਮੀ ਆਪੋ-ਆਪਣੇ ਘਰਾਂ ਨੂੰ ਪਰਤ ਗਏ ਹਨ ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਸਦਕਾ ਹੀ ਇਸ ਵੱਡ ਅਕਾਰੀ ਕੰਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਮੱਦਦ ਮਿਲੀ ਹੈ
ਡੇਰਾ ਪ੍ਰੇਮੀਆਂ ਵੱਲੋਂ ਦਿਖਾਇਆ ਜਜ਼ਬਾ ਲਾ-ਮਿਸਾਲ : ਪਿੰਡ ਵਾਸੀ
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਸੁਰਜਣਭੈਣੀ, ਭੂੰਦੜਭੈਣੀ, ਮੂਣਕ, ਸਲੇਮਗੜ੍ਹ ਆਦਿ ਪਿੰਡਾਂ ਦੇ ਵਿਅਕਤੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਛੇ ਦਿਨਾਂ ਤੋਂ ਜਿਸ ਤਰ੍ਹਾਂ ਉਨ੍ਹਾਂ ਨੇ ਵੇਖਿਆ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂਂ ਦਿਨ ਰਾਤ ਇੱਕ ਕਰਕੇ ਇਸ ਬੰਨ੍ਹ ਨੂੰ ਪੂਰਨ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ ਉਨ੍ਹਾਂ ਕਿਹਾ ਕਿ ਬਗੈਰ ਕਿਸੇ ਸਵਾਰਥ ਤੋਂ ਡੇਰਾ ਪ੍ਰੇਮੀਆਂ ਵੱਲੋਂ ਦਿਖਾਇਆ ਗਿਆ ਜਜ਼ਬਾ ਲਾ-ਮਿਸਾਲ ਹੈ ਉਨ੍ਹਾਂ ਕਿਹਾ ਕਿ ਜੇਕਰ ਡੇਰਾ ਪ੍ਰੇਮੀ ਇਸ ਕੰਮ ਵਿੱਚ ਨਾ ਉੱਤਰਦੇ ਤਾਂ ਘੱਗਰ ਦਾ ਪਾਣੀ ਬਹੁਤ ਵੱਡੇ ਪੱਧਰ ‘ਤੇ ਇਲਾਕੇ ਵਿੱਚ ਮਾਰ ਕਰਦਾ ਬੇਸ਼ੱਕ ਹੁਣ ਵੀ ਕਾਫ਼ੀ ਵੱਡੇ ਪੱਧਰ ‘ਤੇ ਪਾਣੀ ਇਲਾਕਿਆਂ ਵਿੱਚ ਭਰ ਚੁੱਕਿਆ ਹੈ ਪਰ ਜਾਨ-ਮਾਲ ਦੇ ਨੁਕਸਾਨ ਤੋਂ ਵੱਡਾ ਬਚਾਅ ਹੋ ਗਿਆ ਹੈ
ਪ੍ਰੇਮੀਆਂ ਵੱਲੋਂ ਤਿਆਰ ਕੀਤੇ ਜਾਲ ਹੀ ਅਖ਼ੀਰ ਤੱਕ ਆਏ ਕੰਮ
18 ਜੁਲਾਈ ਤੋਂ ਜਦੋਂ ਫੂਲਦ ਨੇੜਿਓਂ ਘੱਗਰ ਦਾ ਬੰਨ੍ਹ ਟੁੱਟਿਆ ਸੀ ਤਾਂ ਡੇਰਾ ਪ੍ਰੇਮੀਆਂ ਵੱਲੋਂ ਸਭ ਤੋਂ ਪਹਿਲਾਂ ਜਾਲ ਬਣਾਉਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਸੀ ਪ੍ਰਸ਼ਾਸਨ ਵੱਲੋਂ ਡੇਰਾ ਪ੍ਰੇਮੀਆਂ ਨੂੰ ਕੰਮ ਕਰਨ ਦੀ ਆਗਿਆ ਥੋੜ੍ਹੀ ਦੇਰੀ ਨਾਲ ਦਿੱਤੀ ਗਈ ਸੀ ਪਰ ਪ੍ਰੇਮੀਆਂ ਵੱਲੋਂ ਨਾਮ ਚਰਚਾ ਘਰ ਮੂਣਕ ਵਿਖੇ ਆਪਣੇ ਪੱਧਰ ‘ਤੇ ਜਾਲ ਬਣਾਉਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਪ੍ਰੇਮੀਆਂ ਵੱਲੋਂ ਬਣਾਏ ਗਏ ਜਾਲ ਹੀ ਆਖ਼ਰ ਤੱਕ ਪਾੜ੍ਹ ਪੂਰਨ ਵਿੱਚ ਸਭ ਤੋਂ ਵੱਡੇ ਮੱਦਦਗਾਰ ਸਾਬਤ ਹੋਏ ਕਿਉਂਕਿ ਪ੍ਰਸ਼ਾਸਨ ਵੱਲੋਂ ਨਾ ਤਾਂ ਬੋਰੀਆਂ ਦਾ ਇੰਤਜ਼ਾਮ ਕੀਤਾ ਗਿਆ ਸੀ ਅਤੇ ਨਾ ਹੀ ਕੋਈ ਜਾਲ ਵਗੈਰਾ ਤਿਆਰ ਸੀ ਪ੍ਰੇਮੀਆਂ ਵੱਲੋਂ ਪਹਿਲਾਂ ਕਾਫ਼ੀ ਵੱਡੇ ਜਾਲ ਬਣਾਏ ਗਏ ਅਤੇ ਉਸ ਤੋਂ ਬਾਅਦ ਸਾਈਜ਼ ਦੇ ਹਿਸਾਬ ਨਾਲ ਇਨ੍ਹਾਂ ਦੀ ਲੰਬਾਈ ਘਟਦੀ ਗਈ ਇਨ੍ਹਾਂ ਜਾਲਾਂ ਦੇ ਸਹਾਰੇ ਹੀ ਬੋਰੀਆਂ ਬੰਨ੍ਹ ‘ਤੇ ਟਿਕਦੀਆਂ ਰਹੀਆਂ ਤੇ ਤੇਜ਼ੀ ਨਾਲ ਕੰਮ ਹੁੰਦਾ ਰਿਹਾ
ਨਾਮ ਚਰਚਾ ਘਰ ਵਿਖੇ ਅਰਦਾਸ ਉਪਰੰਤ ਘਰਾਂ ਨੂੰ ਪਰਤੇ ਪ੍ਰੇਮੀ
ਮੂਣਕ ਨਾਮ ਚਰਚਾ ਘਰ ਵਿਖੇ ਇਕੱਤਰ ਹੋਏ ਡੇਰਾ ਪ੍ਰੇਮੀਆਂ ਵੱਲੋਂ ਬੰਨ੍ਹ ਦਾ ਕੰਮ ਨੇਪਰੇ ਚਾੜ੍ਹਨ ਤੋਂ ਬਾਅਦ ਪੂਜ਼ਨੀਕ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਤੇ ਸ਼ਬਦ ਬੋਲਿਆ ਗਿਆ ਇਸ ਉਪਰੰਤ ਡੇਰਾ ਪ੍ਰੇਮੀਆਂ ਨੇ ਸਮੂਹਿਕ ਤੌਰ ‘ਤੇ ਲੰਗਰ ਛਕਿਆ ਅਤੇ ਘਰੋਂ-ਘਰੀਂ ਰਵਾਨਾ ਹੋ ਗਏ ਡੇਰਾ ਪ੍ਰੇਮੀਆਂ ਨੇ ਕਿਹਾ ਕਿ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਸਦਕਾ ਹੀ ਇਸ ਕੰਮ ਨੂੰ ਨੇਪਰੇ ਚਾੜਨ ਵਿੱਚ ਸਫ਼ਲਤਾ ਮਿਲੀ ਹੈ ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਹਰ ਕੁਦਰਤੀ ਆਫ਼ਤ ‘ਚ ਵਧ-ਚੜ੍ਹ ਕੇ ਸਹਿਯੋਗ ਦਿੰਦੇ ਰਹਿਣਗੇ
ਮੁੱਖ ਮੰਤਰੀ ਨੇ ਹੈਲੀਕਾਪਟਰ ਰਾਹੀਂ ਘੱਗਰ ਤੋਂ ਪ੍ਰਭਾਵਿਤ ਥਾਵਾਂ ਦੇਖੀਆਂ
ਘੱਗਰ ਵਿੱਚ ਪਏ ਪਾੜ ਕਾਰਨ ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਖੜ੍ਹੀ ਫ਼ਸਲ ਅਤੇ ਹੋਰ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਘੱਗਰ ਦਰਿਆ ਬੰਨ੍ਹਾਂ ਨੂੰ ਮਜ਼ਬੂਤ ਬਣਾਉਣ ਲਈ ਦਬਾਅ ਪਾਉਣ ਵਾਸਤੇ ਕੇਂਦਰ ਸਰਕਾਰ ਦੇ ਮੰਤਰੀਆਂ ਤੇ ਅਧਿਕਾਰੀਆਂ ਨੂੰ ਉਹ ਮਿਲਣਗੇ। ਇਹ ਪ੍ਰਗਟਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੂਣਕ ਦੀ ਅਨਾਜ ਮੰਡੀ ਅਤੇ ਜ਼ਿਲ੍ਹਾ ਪਟਿਆਲਾ ਦੇ ਬਾਦਸ਼ਾਹਪੁਰ ਵਿਖੇ ਲੋਕ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਲ 1966 ‘ਚ ਅਕਾਲੀਆਂ ਵੱਲੋਂ ਪੰਜਾਬ ਦੀ ਵੰਡ ਕਰਾਉਣ ਕਾਰਨ ਪੰਜਾਬ ਦਾ ਘੱਗਰ ਦਰਿਆ ਕੰਟਰੋਲ ਸੀ. ਡਬਲਿਊ. ਸੀ. ਦੇ ਹੱਥਾਂ ‘ਚ ਚਲਿਆ ਗਿਆ ਸੀ ਜਿਸ ਕਾਰਨ ਸੂਬੇ ਕੋਲ ਇਸ ਦਾ ਕੰਟਰੋਲ ਵੀ ਖੁੱਸ ਗਿਆ ਹੈ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕਾਲ ਦੌਰਾਨ ਉਨ੍ਹਾਂ ਦੀ ਸਰਕਾਰ ਨੇ 22 ਕਿਲੋਮੀਟਰ ਤੱਕ ਬੰਨ੍ਹ ਮਜ਼ਬੂਤ ਬਣਾਉਣ ਦਾ ਕੰਮ ਕੀਤਾ ਸੀ ਜਦਕਿ ਇਸ ਤੋਂ ਬਾਅਦ ਅਕਾਲੀ ਦਲ-ਭਾਜਪਾ ਸਰਕਾਰ ਨੇ ਇਹ ਸਾਰਾ ਕੰਮ ਮੁਅੱਤਲ ਕਰ ਦਿੱਤਾ। ਇਸ ਮੁੱਦੇ ਨੂੰ ਹੱਲ ਕਰਨ ਵਾਸਤੇ ਹਰਿਆਣਾ ਨੂੰ ਵੀ ਸਾਥ ਦੇਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੋਵਾਂ ਵਿੱਚ ਹੀ ਘੱਗਰ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤੇ ਜਾਣ ਦੀ ਜ਼ਰੂਰਤ ਹੈ ਤਾਂ ਜੋ ਵਾਰ-ਵਾਰ ਆਉਂਦੇ ਸੰਭਾਵੀ ਹੜ੍ਹਾਂ ਅਤੇ ਇਨ੍ਹਾਂ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਬਚਿਆ ਜਾ ਸਕੇ।
ਛੇ ਸਾਲ ਪਹਿਲਾਂ ਪੰਜਾਬ ਵੱਲੋਂ ਘੱਗਰ ਦੇ ਬੰਨ੍ਹਾਂ ਨੂੰ ਦਰੁਸਤ ਕਰਨ ਲਈ ਸੀ.ਡਬਲਿਊ.ਸੀ. ਕੋਲ ਪੇਸ਼ ਕੀਤੇ ਪ੍ਰਸਤਾਵ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੀ.ਡਬਲਿਊ.ਸੀ. ਨੇ ਮਾਰਚ, 2019 ਵਿੱਚ ਸੈਂਟਰਲ ਵਾਟਰ ਐਂਡ ਪਾਵਰ ਰਿਸਰਚ ਸਟੇਸ਼ਨ ਪੂਨੇ ਵਰਗੀ ਆਜ਼ਾਦ ਏਜੰਸੀ ਤੋਂ ਲੋੜੀਂਦਾ ਅਧਿਐਨ ਕਰਵਾਉਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਇਹ ਆਖਣਗੇ ਕਿ ਉਹ ਮਕੋਰੜ ਸਾਹਿਬ ਤੋਂ ਕੜੈਲ (17.5 ਕਿਲੋਮੀਟਰ) ਤੱਕ ਪ੍ਰੋਜੈਕਟ ਦੇ ਦੂਜੇ ਪੜਾਅ ਦਾ ਕੰਮ ਪੰਜਾਬ ਨੂੰ ਕਰਨ ਦੀ ਆਗਿਆ ਦੇਣ ਵਾਸਤੇ ਤੇਜ਼ੀ ਨਾਲ ਜ਼ਰੂਰੀ ਪ੍ਰਵਾਨਗੀ ਮੁਹੱਈਆ ਕਰਵਾਉਣ ਲਈ ਸੀ.ਡਬਲਿਊ.ਸੀ. ਨੂੰ ਨਿਰਦੇਸ਼ ਦੇਵੇ।
ਗਿਰਦਾਵਰੀ ਉਪਰੰਤ ਪੀੜਤਾਂ ਨੂੰ ਜਲਦ ਮਿਲੇਗਾ ਮੁਆਵਜ਼ਾ : ਮੁੱਖ ਮੰਤਰੀ
ਰਾਜਪੁਰਾ, ਘਨੌਰ ਅਤੇ ਸ਼ਤਰਾਨਾ ਇਲਾਕਿਆਂ ਵਿੱਚ ਹਵਾਈ ਸਰਵੇਖਣ ਕਰਨ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਦੇ ਮੂਨਕ ਵਿਖੇ ਪਹਿਲਾ ਪੜਾਅ ਕਰਨ ਪਿੱਛੋਂ ਮੁੱਖ ਮੰਤਰੀ ਨੇ ਕਿਹਾ ਕਿ ਪਟਿਆਲਾ ਵਿਖੇ ਤਕਰੀਬਨ 50 ਹਜ਼ਾਰ ਏਕੜ ਫ਼ਸਲ ਬਰਬਾਦ ਹੋ ਗਈ ਹੈ ਅਤੇ ਘੱਗਰ ਦਰਿਆ ਵਿੱਚ ਪਾੜ ਪੈਣ ਸੰਗਰੂਰ ਵਿੱਚ 10 ਹਜ਼ਾਰ ਤੋਂ ਜ਼ਿਆਦਾ ਏਕੜ ਫਸਲ ਬਰਬਾਦ ਹੋਈ ਹੈ। ਉਨ੍ਹਾਂ ਕਿਹਾ ਕਿ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਦੀ ਪ੍ਰਕ੍ਰਿਆ ਚੱਲ ਰਹੀ ਹੈ ਅਤੇ ਪਾਣੀ ਦਾ ਪੱਧਰ ਹੇਠਾਂ ਆਉਣ ‘ਤੇ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਪਏ ਘਾਟੇ ਦੀ ਭਰਪਾਈ ਕਰਨ ਦਾ ਵਾਅਦਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਹੀ ਉਨ੍ਹਾਂ ਨੂੰ ਵਿਸ਼ੇਸ਼ ਗਿਰਦਾਵਰੀ ਦੀ ਰਿਪੋਰਟ ਹਾਸਲ ਹੋਈ, ਉਹ ਉਸੇ ਦਿਨ ਮੁਆਵਜ਼ਾ ਜਾਰੀ ਕਰ ਦੇਣਗੇ।
ਮੂਨਕ ਵਿੱਚ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਹੜ੍ਹਾਂ ਨਾਲ 28 ਘਰਾਂ ਨੂੰ ਪੁੱਜੇ ਨੁਕਸਾਨ ਜਿਨ੍ਹਾਂ ਵਿੱਚ ਤਿੰਨ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ, ਨੂੰ ਫੌਰੀ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ। ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਕੋਲ ਢੁਕਵੇਂ ਆਫ਼ਤ ਪ੍ਰਬੰਧਨ ਫੰਡ ਹਨ। ਇਸ ਤੋਂ ਪਹਿਲਾਂ ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਪਰਸਨ ਸ਼੍ਰੀਮਤੀ ਰਜਿੰਦਰ ਕੌਰ ਭੱਠਲ ਨੇ ਘੱਗਰ ਵਿੱਚ ਪਾੜ ਪੈਣ ਨਾਲ ਮੂਣਕ ਸਬ ਡਵੀਜ਼ਨ ਦੇ ਪਿੰਡਾਂ ਵਿੱਚ ਫਸਲਾਂ ਅਤੇ ਜਾਇਦਾਦ ਨੂੰ ਪਹੁੰਚੇ ਨੁਕਸਾਨ ਬਾਰੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ।
ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਹੜ੍ਹਾਂ ਨਾਲ ਜ਼ਿਲ੍ਹੇ ‘ਚ ਘਰਾਂ ਨੂੰ ਪੁੱਜੇ ਨੁਕਸਾਨ ਦਾ ਫੌਰੀ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ। ਮੁੱਖ ਮੰਤਰੀ ਨੇ ਘਨੌਰ ਦੇ ਪਿੰਡ ਸਿਰਕੱਪੜਾ ਵਿੱਚ ਨੁਕਸਾਨੇ ਗਏ ਪੁਲ ਦੇ ਮੁੜ ਨਿਰਮਾਣ ਲਈ 60 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਬਾਦਸ਼ਾਹਪੁਰ ਦੀ ਅਨਾਜ ਮੰਡੀ ਨੂੰ ਅਗਲੀ ਫਸਲ ਦੇ ਆਉਣ ਤੋਂ ਪਹਿਲਾਂ ਪੱਕੀ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਇਨ੍ਹਾਂ ਇਲਾਕਿਆਂ ਵਿੱਚ ਸਤੰਬਰ ‘ਚ ਹੜ੍ਹ ਆਉਂਦੇ ਹਨ ਪਰ ਮੌਸਮ ‘ਚ ਬਦਲਾਅ ਨਾਲ ਕੋਈ ਵੀ ਪੇਸ਼ੀਨਗੋਈ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੇ ਸੁਚੇਤ ਕੀਤਾ ਕਿ ਭਾਵੇਂ ਹੁਣ ਪਾਣੀ ਦਾ ਪੱਧਰ ਘਟ ਗਿਆ ਹੈ ਪਰ ਕਿਸੇ ਵੀ ਸੰਭਾਵਨਾ ਲਈ ਤਿਆਰ ਰਹਿਣਾ ਜ਼ਰੂਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।