ਕੈਪਟਨ ਵੱਲੋਂ ਆਪਣੇ ਜੱਦੀ ਜ਼ਿਲ੍ਹੇ ਸਮੇਤ ਪੰਜਾਬ ‘ਚ ਅਜੇ ਕਿਤੇ ਵੀ ਨਹੀਂ ਕੀਤਾ ਗਿਆ ਦੌਰਾ
ਲੋਕਾਂ ‘ਚ ਸਰਕਾਰ ਪ੍ਰਤੀ ਰੋਸ਼, ਚੋਣਾਂ ਵੇਲੇ ਰੈਲੀਆਂ ਕਰਨ ਵਾਲਾ ਕੈਪਟਨ ਹੁਣ ਨਹੀਂ ਪੁੱਜ ਰਿਹਾ ਲੋਕਾਂ ‘ਚ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਸੂਬੇ ਦੇ ਕਈ ਜ਼ਿਲ੍ਹਿਆਂ ਅੰਦਰ ਮੀਂਹ ਸਮੇਤ ਘੱਗਰ ਦੇ ਪਾਣੀ ਨੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਬੂਰੀ ਤਰ੍ਹਾਂ ਝੰਬ ਕੇ ਰੱਖ ਦਿੱਤਾ ਹੈ, ਪਰ ਸੂਬੇ ਦੇ ਮੁੱਖ ਮੰਤਰੀ ਵੱਲੋਂ ਜ਼ਮੀਨੀ ਹਕੀਕਤ ਜਾਣਨ ਲਈ ਕਿਸੇ ਵੀ ਖੇਤਰ ਦਾ ਦੌਰਾ ਨਹੀਂ ਕੀਤਾ ਗਿਆ, ਜਿਸ ਕਾਰਨ ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਸੁਆਲ ਖੜ੍ਹੇ ਕਰਦਿਆਂ ਪੁੱਛਿਆ ਜਾ ਰਿਹਾ ਹੈ ਕਿ ਉਹ ਆਪਣੇ ਕਿਹੜੇ ਘਰੇਲੂ ਕੰਮ ਵਿੱਚ ਵਿਅਸਤ ਹਨ, ਜਿਸ ਕਾਰਨ ਉਹ ਲੋਕਾਂ ਨੂੰ ਭੁੱਲ ਬੈਠੇ ਹਨ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹੇ ਪਟਿਆਲਾ ਅੰਦਰ ਹੀ ਵੱਡੀ ਨਦੀ ਵਿੱਚ ਪਾਣੀ ਭਰਨ ਕਾਰਨ ਗੋਪਾਲ ਕਲੌਨੀ ਅਤੇ ਅਰਾਈਮਾਜਰਾ ਦੇ 250 ਪਰਿਵਾਰਾਂ ਨੂੰ ਆਪਣੇ ਘਰ ਖਾਲੀ ਕਰਕੇ ਹੋਰ ਥਾਵਾਂ ‘ਤੇ ਸਰਨ ਲੈਣ ਲਈ ਮਜ਼ਬੂਰ ਹੋਣਾ ਪਿਆ। ਇਸ ਤੋਂ ਇਲਾਵਾ ਹਲਕਾ ਘਨੌਰ, ਸਨੌਰ, ਸਮਾਣਾ, ਦੇਵੀਗੜ੍ਹ, ਬਾਦਸ਼ਾਹਪੁਰ, ਸ਼ੁਤਰਾਣਾ ਆਦਿ ਥਾਵਾਂ ‘ਤੇ ਪਾਣੀ ਭਰ ਜਾਣ ਕਾਰਨ ਹਜਾਰਾਂ ਏਕੜ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਬਠਿੰਡਾ, ਮਾਨਸਾ, ਮੁਕਤਸਰ, ਫਿਰੋਜਪੁਰ ਆਦਿ ਜ਼ਿਲ੍ਹਿਆਂ ਅੰਦਰ ਆਮ ਲੋਕਾਂ ਨੇ ਆਪਣੀਆਂ ਅੱਖਾਂ ਅੱਗੇ ਫਸਲਾਂ ਅਤੇ ਘਰਾਂ ਦੇ ਸਮਾਨ ਨੂੰ ਪਾਣੀ-ਪਾਣੀ ਹੁੰਦੇ ਦੇਖਿਆ ਹੈ, ਪਰ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਨਾ ਮੁੱਖ ਮੰਤਰੀ ਨੂੰ ਕੋਈ ਮੀਂਹ ਪ੍ਰਭਾਵਿਤ ਖੇਤਰਾਂ ਦਾ ਦੌਰਾਂ ਕਰਨ ਦਾ ਸਮਾਂ ਲੱਗਿਆ ਹੈ ਅਤੇ ਨਾ ਮੋਤੀਆ ਵਾਲੀ ਸਰਕਾਰ ਦੇ ਸਿੰਚਾਈ ਮੰਤਰੀ ਅਜੇ ਕਿਸੇ ਥਾਂ ‘ਤੇ ਲੋਕਾਂ ਦੇ ਦੁੱਖ ਦਰਦ ਸੁਣਨ ਲਈ ਬਹੁੜੇ ਹਨ।
ਇੱਧਰ ਬੀਤੇ ਕੱਲ੍ਹ ਸੰਗਰੂਰ ਜ਼ਿਲ੍ਹੇ ਅੰਦਰ ਮੂਣਕ ਨੇੜੇ ਘੱਗਰ ਦੇ ਪਏ ਪਾੜ ਨੇ ਵੀ ਅਜੇ ਕਿਸੇ ਮੁੱਖ ਮੰਤਰੀ ਜਾਂ ਮੰਤਰੀ ਦੀ ਅੱਖ ਨਹੀਂ ਖੋਲ੍ਹੀ। ਉਂਜ ਭਾਵੇਂ ਉੱਥੇ ਫੌਜ ਸਮੇਤ ਐਨਡੀਆਰਐਫ ਦੀਆਂ ਟੀਮਾਂ ਸਮੇਤ ਸਮਾਜ ਸੇਵੀ ਜਥੇਬੰਦੀਆਂ ਦੇ ਲੋਕ ਪਾੜ ਨੂੰ ਪੂਰਨ ‘ਤੇ ਲੱਗੇ ਹੋਏ ਹਨ, ਪਰ ਅਜੇ ਘੱਗਰ ਆਪਣਾ ਮੂੰਹ ਬੰਦ ਕਰਨ ਦਾ ਨਾਮ ਹੀ ਨਹੀਂ ਲੈ ਰਿਹਾ। ਲੋਕਾਂ ਦਾ ਗਿਲਾ ਹੈ ਕਿ ਪ੍ਰਸ਼ਾਸਨ ਵੱਲੋਂ ਨਾ ਤਾਂ ਪਹਿਲਾਂ ਕੋਈ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਨਾ ਹੀ ਕਿਸੇ ਨਦੀ ਨਾਲਿਆਂ ਦੀ ਸਫ਼ਾਈ ਵੱਲ ਕੋਈ ਧਿਆਨ ਦਿੱਤਾ ਗਿਆ ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਅਪਣੇ ਕਰੋੜਾਂ ਦੇ ਨੁਕਸਾਨ ਨਾਲ ਭੁਗਤਣਾ ਪੈ ਰਿਹਾ ਹੈ। ਲਗਭਗ ਮਾਲਵੇ ਵਿੱਚ ਮੀਂਹ ਸਮੇਤ ਘੱਗਰ ਦੇ ਪਾਣੀ ਵੱਲੋਂ ਮਚਾਈ ਤਬਾਹੀ ਤੋਂ ਬਾਅਦ ਸਰਕਾਰ ਦੇ ਲੋਕਾਂ ਵਿੱਚ ਨਾ ਜਾਣ ਦਾ ਰੋਸ਼ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਵੋਟਾਂ ਵੇਲੇ ਤਾਂ ਮੁੱਖ ਮੰਤਰੀ ਵੱਲੋਂ ਥਾਂ ਥਾਂ ਰੈਲੀਆਂ ਕੀਤੀਆਂ ਗਈਆਂ ਸਨ, ਪਰ ਹੁਣ ਕੋਈ ਸਾਰ ਨਹੀਂ ਲਈ ਜਾ ਰਹੀ।
ਰੋਮ ਸੜ ਰਿਹੈ, ਨੀਰੋ ਬੰਸਰੀ ਬਜਾ ਰਿਹੈ: ਹਰਪਾਲ ਚੀਮਾ
ਇੱਧਰ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਉਹ ਹੈਰਾਨ ਹਨ ਕਿ ਰੋਮ ਸੜ ਰਿਹਾ ਹੈ ਅਤੇ ਨੀਰੋ ਬੰਸਰੀ ਬਜਾ ਰਿਹਾ ਹੈ। ਉਨ੍ਹਾਂ ਸੁਆਲ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਅਜਿਹੇ ਕਿਹੜੇ ਘਰੇਲੂ ਕੰਮ ਵਿੱਚ ਬਿਜੀ ਹਨ ਕਿ ਉਹ ਪਾਣੀ ‘ਚ ਡੁੱਬੇ ਲੋਕਾਂ ਦੀ ਸਾਰ ਨਹੀਂ ਲੈਣ ਆ ਰਹੇ। ਉਨ੍ਹਾਂ ਕਿਹਾ ਕਿ ਉਹ ਅੱਜ ਮੂਣਕ ਵਿਖੇ ਘੱਗਰ ਦੇ ਪਏ ਪਾੜ ‘ਤੇ ਕਈ ਘੰਟੇ ਰਹੇ ਹਨ, ਜਿੱਥੇ ਦੇਖਿਆ ਗਿਆ ਕਿ ਫੌਜ, ਐਨਡੀਆਰਐਫ ਅਤੇ ਪ੍ਰਸ਼ਾਸਨ ਫੇਲ੍ਹ ਹੋ ਰਿਹਾ ਹੈ, ਪਰ ਸਮਾਜ ਸੇਵੀ ਜਥੇਬੰਦੀਆਂ ਅਤੇ ਆਮ ਲੋਕਾਂ ਦੇ ਤਰੀਕੇ ਕਾਮਯਾਬ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੇਖਣ ਤੋਂ ਬਾਅਦ ਸਾਡੀ ਟੈਕਨੋਲਾਜੀ ‘ਤੇ ਵੀ ਸੁਆਲ ਖੜ੍ਹੇ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਇਸ ਸਭ ਸਰਕਾਰ ਦੀ ਨਲਾਇਕੀ ਦਾ ਹੀ ਨਤੀਜਾ ਹੈ, ਕਿਉਂਕਿ ਜੇਕਰ ਸਮੇਂ ਸਿਰ ਸਫ਼ਾਈ ਹੋਈ ਹੁੰਦੀ ਤਾਂ ਅੱਜ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਨਹੀਂ ਹੋਣਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਰਾਜ ਦਾ ਮੁੱਖੀ ਹੁੰਦਾ ਹੈ ਅਤੇ ਮੁੱਖੀ ਦੀ ਜਿੰਮੇਵਾਰੀ ਹੁੰਦੀ ਹੈ ਕਿ ਜਿੱਥੇ ਉਸਦੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਮੁਸੀਬਤ ਪੈਂਦੀ ਹੈ ਤਾਂ ਉਹ ਖੁਦ ਪੁੱਜਣ। ਉਨ੍ਹਾਂ ਕਿਹਾ ਕਿ ਇਹ ਉਹੀ ਕੈਪਟਨ ਸਾਹਿਬ ਹਨ, ਜਿਹੜੇ ਚੋਣਾਂ ਵੇਲੇ ਤਾਂ ਲੋਕਾਂ ‘ਚ ਜਾ-ਜਾ ਕੇ ਵਾਅਦੇ ਕਰਦੇ ਸਨ ਪਰ ਜਦੋਂ ਹੁਣ ਮੁੱਖ ਮੰਤਰੀ ਬਣਗੇ ਤਾਂ ਲੋਕਾਂ ਨੂੰ ਹੀ ਵਿਸਾਰ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।