ਘੱਗਰ ‘ਚ ਪਿਆ ਪਾੜ 200 ਫੁੱਟ ਤੱਕ ਵਧਿਆ, ਲੋਕ ਸਹਿਮੇ

Ditch, Ghaggar, Increased, 200 Feet, People Worried

ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਸੰਭਾਲੀ ਕਮਾਂਡ, 35 ਫੁੱਟ ਤੱਕ ਪਾੜ ਪੂਰਿਆ

ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਚੱਲਣ ਲੱਗੀਆਂ ਕਿਸ਼ਤੀਆਂ, ਮਿੱਟੀ ਦੀ ਤੋਟ ਨੇ ਪਾਇਆ ਰਾਹਤ ਕਾਰਜਾਂ ‘ਚ ਵਿਘਨ

ਗੁਰਪ੍ਰੀਤ ਸਿੰਘ/ਮੋਹਨ ਸਿੰਘ, ਮੂਣਕ

ਘੱਗਰ ਦਰਿਆ ‘ਚ ਪਿੰਡ ਫੂਲਦ ਕੋਲ ਕੱਲ੍ਹ ਪਿਆ ਪਾੜ ਅੱਜ 200 ਫੁੱਟ ਦੇ ਕਰੀਬ ਹੋ ਗਿਆ ਹੈ ਜਿਸ ਕਾਰਨ ਪਾਣੀ ਦਾ ਵਹਾਓ ਪਹਿਲਾਂ ਨਾਲੋਂ ਵੀ ਜ਼ਿਆਦਾ ਹੋ ਗਿਆ ਹੈ ਹਾਲਾਂਕਿ ਆਬਾਦੀ ਵਾਲੇ ਇਲਾਕਿਆਂ ਵਿੱਚ ਹਾਲੇ ਕੋਈ ਫ਼ਿਕਰਮੰਦੀ ਵਾਲਾ ਮਾਹੌਲ ਨਹੀਂ ਪਰ ਖੇਤਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਲੋਕਾਂ ਵਿੱਚ ਖੌਫ਼ ਦਾ ਮਾਹੌਲ ਬਣਿਆ ਹੋਇਆ ਹੈ  ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਫੌਜ ਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਨਾਲ ਮਿਲ ਕੇ ਰਾਹਤ ਕਾਰਜ ਕੀਤੇ ਜਾ ਰਹੇ ਹਨ ਪ੍ਰੇਮੀਆਂ ਵੱਲੋਂ ਦਿਖਾਈ ਜਾ ਰਹੀ ਸਰਗਰਮੀ ਕਾਰਨ ਤਕਰੀਬਨ 35 ਫੁੱਟ ਦਾ ਪਾੜ ਪੂਰਨ ਵਿੱਚ ਸਫ਼ਲਤਾ ਹਾਸਲ ਹੋ ਗਈ ਹੈ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਕੱਲ੍ਹ ਤੱਕ ਇਹ ਬੰਨ੍ਹ ਸੌ ਫੀਸਦੀ ਤੱਕ ਪੂਰ ਲਿਆ ਜਾਵੇਗਾ।

ਅੱਜ ਦੂਜੇ ਦਿਨ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪਿੰਡ ਫੂਲਦ ਜਿੱਥੇ ਘੱਗਰ ‘ਚ ਪਾੜ ਪਿਆ ਹੋਇਆ ਹੈ, ਵਿਖੇ ਪੁੱਜੇ ਅਤੇ ਰਾਹਤ ਕਾਰਜਾਂ ਨੂੰ ਹੁਲਾਰਾ ਦਿੱਤਾ। ਬੀਤੀ ਰਾਤ ਤੋਂ ਡੇਰਾ ਪ੍ਰੇਮੀਆਂ ਵੱਲੋਂ ਬਣਾਏ ਗਏ ਜਾਲਾਂ ਕਾਰਨ ਹੀ ਰਾਹਤ ਕਾਰਜਾਂ ਵਿੱਚ ਤੇਜ਼ੀ ਆਈ ਹੈ ਅਤੇ ਇਨ੍ਹਾਂ ਜਾਲਾਂ ਰਾਹੀਂ ਹੀ 35 ਫੁੱਟ ਤੱਕ ਦੇ ਪਾੜ ਨੂੰ ਪੂਰਨ ਵਿੱਚ ਸਫ਼ਲਤਾ ਹਾਸਲ ਹੋਈ ਹੈ। ਦੂਜੇ ਪਾਸੇ ਫੌਜ ਦੇ ਜਵਾਨ ਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਵੀ ਬਚਾਓ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ ਅਤੇ ਆਮ ਲੋਕ ਵੀ ਵੱਡੀ ਗਿਣਤੀ ਵਿੱਚ ਪ੍ਰਸ਼ਾਸਨ ਦੀ ਮੱਦਦ ਕਰ ਰਹੇ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ 45 ਮੈਂਬਰ ਰਾਜਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਹੁਣ ਤੱਕ ਸੈਂਕੜਿਆਂ ਦੀ ਗਿਣਤੀ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ ਉਨ੍ਹਾਂ ਦੱਸਿਆ ਕਿ ਸੰਗਰੂਰ ਤੋਂ ਇਲਾਵਾ ਮਾਨਸਾ ਤੇ ਹੋਰ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਸੇਵਾਦਾਰ ਪੁੱਜ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਡੇਰਾ ਪ੍ਰੇਮੀਆਂ ਵੱਲੋਂ ਬਣਾਏ ਗਏ ਜਾਲਾਂ ਸਦਕਾ ਹੀ ਅੱਜ 35 ਫੁੱਟ ਤੱਕ ਪਾੜ ਪੂਰਨ ਵਿੱਚ ਸਫ਼ਲਤਾ ਹਾਸਲ ਹੋਈ ਹੈ ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਡੇਰਾ ਪ੍ਰੇਮੀਆਂ ਨੂੰ ਦੇਰੀ ਨਾਲ ਇਸ ਕੰਮ ਵਿੱਚ ਜੁਟਣ ਲਈ ਸਹਿਮਤੀ ਦਿੱਤੀ ਗਈ ਪਰ ਫਿਰ ਵੀ ਪ੍ਰੇਮੀ ਜੀਅ ਜਾਨ ਨਾਲ ਜੁਟੇ ਹੋਏ ਹਨ। ਇਸ ਮੌਕੇ ਪੰਤਾਲੀ ਮੈਂਬਰ ਚੜ੍ਹਤ ਸਿੰਘ ਇੰਸਾਂ ਨੇ ਕਿਹਾ ਕਿ ਪ੍ਰੇਮੀਆਂ ਵੱਲੋਂ ਸਿਫ਼ਟ ਵਾਈਜ਼ ਕੰਮ ਕੀਤਾ ਜਾ ਰਿਹਾ ਹੈ ਸੇਵਾਦਾਰ ਹੋਰਨਾਂ ਇਲਾਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਪੁੱਜ ਰਹੇ ਹਨ ਪਰ ਇਕੱਠ ਜ਼ਿਆਦਾ ਨਾ ਕਰਨ ਕਾਰਨ ਲੋੜ ਅਨੁਸਾਰ ਹੀ ਰਾਹਤ ਕਾਰਜ ਕੀਤੇ ਜਾ ਰਹੇ ਹਨ। ਇਸ ਮੌਕੇ ਮੇਜਰ ਸਿੰਘ ਇੰਸਾਂ, ਹਰਚਰਨ ਸਿੰਘ ਇੰਸਾਂ, ਵਿਵੇਕ ਕੁਮਾਰ ਇੰਸਾਂ, ਨਿਰਮਲ ਸਿੰਘ ਇੰਸਾਂ ਆਦਿ ਡੇਰਾ ਪ੍ਰੇਮੀ ਵੀ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।

ਮਿੱਟੀ ਦੀ ਘਾਟ ਬਣ ਰਹੀ ਹੈ ਵੱਡੀ ਸਿਰਦਰਦੀ

ਘੱਗਰ ਦੇ ਪਾੜ ਨੂੰ ਪੂਰਨ ਲਈ ਮਿੱਟੀ ਦੀ ਘਾਟ ਰਾਹਤ ਕਾਰਜਾਂ ਵਿੱਚ ਵੱਡੀ ਸਿਰਦਰਦੀ ਬਣੀ ਹੋਈ ਹੈ ਕਿਉਂਕਿ ਸਾਰੇ ਪਾਸੇ ਪਾਣੀ ਹੀ ਪਾਣੀ ਹੋਣ ਕਾਰਨ ਮਿੱਟੀ ਦਾ ਪ੍ਰਬੰਧ ਨਹੀਂ ਹੋ ਰਿਹਾ ਜਿਸ ਕਾਰਨ ਕੰਮ ਵਿੱਚ ਦੇਰੀ ਹੋ ਰਹੀ ਹੈ। ਹਾਲਾਂਕਿ ਪਾੜ ਤੋਂ 5 ਕਿੱਲਿਆਂ ਦੀ ਦੂਰੀ ‘ਤੇ ਇੱਕ ਜੇਸੀਬੀ ਮਸ਼ੀਨ ਮਿੱਟੀ ਪੁੱਟਣ ਲਈ ਲਾਈ ਹੋਈ ਹੈ। ਇਸ ਦੇ ਬਾਵਜੂਦ ਮਿੱਟੀ ਦੇ ਥੈਲਿਆਂ ਦੀ ਘਾਟ ਪੈ ਰਹੀ ਹੈ ਜੇਸੀਬੀ ਮਸ਼ੀਨ ਵੱਲੋਂ ਪੁੱਟੀ ਗਈ ਮਿੱਟੀ ਨੂੰ ਨਰੇਗਾ ਕਾਮਿਆਂ ਵੱਲੋਂ ਬੋਰੀਆਂ ਵਿੱਚ ਭਰਿਆ ਜਾਂਦਾ ਹੈ ਅਤੇ ਡੇਰਾ ਪ੍ਰੇਮੀ ਇਨ੍ਹਾਂ ਬੋਰੀਆਂ ਨੂੰ ਸਿਰ ‘ਤੇ ਰੱਖ ਕੇ ਬੰਨ੍ਹ ਵਾਲੀ ਥਾਂ ‘ਤੇ ਪਹੁੰਚਾ ਰਹੇ ਹਨ।

ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਲਈ ਵਰਤੀਆਂ ਜਾ ਰਹੀਆਂ ਨੇ ਕਿਸ਼ਤੀਆਂ

ਘੱਗਰ ਵਿੱਚ ਪਾੜ ਪੈਣ ਕਾਰਨ ਚਾਰੇ ਪਾਸੇ ਦੂਰ-ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਅਜਿਹੇ ਵਿੱਚ ਇੱਕ ਕਿਨਾਰੇ ਤੋਂ ਦੂਜੇ ਪਾਸੇ ਜਾਣ ਲਈ ਵਿਸ਼ੇਸ਼ ਤੌਰ ‘ਤੇ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਐਨ.ਡੀ.ਆਰ.ਐਫ. ਤੇ ਫੌਜ ਕੋਲ ਤਾਂ ਖੁਦ ਦੀਆਂ ਬੋਟਸ ਹਨ ਪਰ ਆਮ ਲੋਕ ਦੇਸੀ ਜੁਗਾੜ ਰਾਹੀਂ ਤਿਆਰ ਕੀਤੀਆਂ ਕਿਸ਼ਤੀਆਂ ਰਾਹੀਂ ਇੱਕ ਪਾਸੇ ਤੋਂ ਦੂਜੇ ਪਾਸੇ ਸਮਾਨ ਆਦਿ ਲੈ ਕੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵਿਸ਼ੇਸ਼ ਜਾਕਟਾਂ ਵੀ ਮੁਹੱਈਆ ਨਹੀਂ ਕਰਵਾਈਆਂ ਗਈਆਂ ਜਿਸ ਕਾਰਨ ਲੋਕ ਬਿਨ੍ਹਾਂ ਜਾਕਟਾਂ ਤੋਂ ਹੀ ਜਾਲ, ਕਹੀਆਂ, ਬੱਠਲ ਤੇ ਲੰਗਰ ਆਦਿ ਲਈ ਕਿਸ਼ਤੀਆਂ ਵਿੱਚ ਗੇੜੇ ਲਾ ਰਹੇ ਹਨ।

ਵੱਡੇ ਪੱਧਰ ‘ਤੇ ਹੋਈ ਫਸਲਾਂ ਦੀ ਬਰਬਾਦੀ

ਘੱਗਰ ‘ਚ ਪਾੜ ਪੈਣ ਕਾਰਨ ਲਗਭਗ 3 ਹਜ਼ਾਰ ਏਕੜ ਤੋਂ ਜ਼ਿਆਦਾ ਲੱਗੇ ਝੋਨੇ ‘ਤੇ ਪਾਣੀ ਫਿਰ ਗਿਆ ਹੈ। ਕਿਸਾਨ ਗਮਦੂਰ ਸਿੰਘ ਨੇ ਦੱਸਿਆ ਕਿ ਮਾੜੇ ਦੌਰ ਵਿੱਚੋਂ ਲੰਘ ਰਹੀ ਕਿਸਾਨੀ ਲਈ ਹੁਣ ਹੋਰ ਵੀ ਔਖਾ ਸਮਾਂ ਹੈ ਕਿਉਂਕਿ ਵੱਡੀ ਗਿਣਤੀ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਬਰਬਾਦ ਹੋ ਗਈਆਂ ਹਨ।

ਆਮ ਲੋਕ ਘੱਗਰ ਦੇ ਸਖ਼ਤ ਰੁਖ਼ ਤੋਂ ਹੋਏ ਖੌਫ਼ਜਦਾ

ਮੂਣਕ ਅਤੇ ਨੇੜੇ ਤੇੜੇ ਦੇ ਵੱਡੀ ਗਿਣਤੀ ਲੋਕ ਪਾਣੀ ਤੋਂ ਖੌਫ਼ਜਦਾ ਹਨ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਵਿੱਚ ਖੁਦ ਹੀ ਜੁਟੇ ਹੋਏ ਹਨ। ਸਥਾਨਕ ਨਿਵਾਸੀ ਗੁਰਨਾਮ ਸਿੰਘ ਨੇ ਦੱਸਿਆ ਕਿ ਜੇਕਰ ਪਾੜ ਛੇਤੀ ਨਾ ਪੂਰਿਆ ਗਿਆ ਤਾਂ ਇਹ ਪਾਣੀ ਆਬਾਦੀ ਵਾਲੇ ਖੇਤਰਾਂ ਵੱਲ ਨੂੰ ਵੀ ਰੁਖ਼ ਕਰ ਸਕਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਦੀ ਢਿੱਲ ਮੱਠ ਕਾਰਨ ਸਥਿਤੀ ਗੰਭੀਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਰਾਹਤ ਕਾਰਜਾਂ ਵਿੱਚ ਜੁਟ ਜਾਣ ਕਾਰਨ ਉਨ੍ਹਾਂ ਨੂੰ ਤਸੱਲੀ ਵੀ ਹੈ ਕਿ ਇਹ ਬੰਨ੍ਹ ਲਾਉਣ ਦਾ ਕੰਮ ਛੇਤੀ ਨੇਪਰੇ ਚੜ੍ਹ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।