ਮੁੱਖ ਮੰਤਰੀ ਨੇ ਐਸਟੀਐਫ ਦੀ ਕਮਾਨ ਸੌਂਪੀ
ਹਰਪ੍ਰੀਤ ਸਿੱਧੂ ਦੀ ਐਸਟੀਐੱਫ ‘ਚ ਬਤੌਰ ਚੀਫ਼ 10 ਮਹੀਨੇ ਬਾਅਦ ਵਾਪਸੀ
ਪੰਜਾਬ ‘ਚ ਖ਼ਤਮ ਨਹੀਂ ਹੋ ਰਿਹਾ ਸੀ ਨਸ਼ਾ, ਹਰ ਥਾਂ ਤੋਂ ਆ ਰਹੀ ਸੀ ਸ਼ਿਕਾਇਤ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਵਿੱਚ ਵਧ ਰਹੇ ਨਸ਼ੇ ਦਾ ਲੱਕ ਤੋੜਨ ਲਈ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹਰਪ੍ਰੀਤ ਸਿੱਧੂ ਯਾਦ ਆ ਗਏ। ਪਿਛਲੇ 10 ਮਹੀਨੇ ਤੋਂ ਮੁੱਖ ਮੰਤਰੀ ਦਫ਼ਤਰ ਵਿਖੇ ਬੈਠ ਕੇ ਸਿਰਫ਼ ਨਸ਼ੇ ਖ਼ਿਲਾਫ਼ ਗਤੀਵਿਧੀਆਂ ‘ਤੇ ਨਜ਼ਰ ਰੱਖਣ ਵਾਲੇ ਹਰਪ੍ਰੀਤ ਸਿੱਧੂ ਇੱਕ ਵਾਰ ਫਿਰ ਤੋਂ ਪੰਜਾਬ ‘ਚ ਆਪਣੇ ਤਰੀਕੇ ਨਾਲ ਨਵੀਂ ਲੜਾਈ ਲੜਦੇ ਨਜ਼ਰ ਆਉਣਗੇ। ਪਿਛਲੇ ਸਾਲ 13 ਸਤੰਬਰ 2018 ਨੂੰ ਹਰਪ੍ਰੀਤ ਸਿੱਧੂ ਨੂੰ ਐੱਸਟੀਐੱਫ ਤੋਂ ਹਟਾਉਂਦੇ ਹੋਏ ਮੁੱਖ ਮੰਤਰੀ ਦਫ਼ਤਰ ‘ਚ ਪ੍ਰਿੰਸੀਪਲ ਸਕੱਤਰ ਲਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਵਿਖੇ ਬੈਠ ਕੇ ਹੀ ਹਰਪ੍ਰੀਤ ਸਿੱਧੂ ਨਸ਼ੇ ਦੇ ਮਾਮਲੇ ਵਿੱਚ ਗਤੀਵਿਧੀਆਂ ‘ਤੇ ਨਜ਼ਰ ਰੱਖਦੇ ਹੋਏ ਡੈਪੋ ਤੇ ਹੋਰ ਸਕੀਮਾਂ ਨੂੰ ਚਲਾ ਰਹੇ ਸਨ।ਜਦੋਂ ਕਿ ਹੁਣ ਉਹ ਮੁੜ ਤੋਂ ਐੱਸਟੀਐੱਫ ਮੁਖੀ ਦੇ ਤੌਰ ‘ਤੇ ਕੰਮ ਕਰਦੇ ਹੋਏ ਪੰਜਾਬ ‘ਚ ਨਾ ਸਿਰਫ਼ ਨਸ਼ੇ ਖ਼ਿਲਾਫ਼ ਚੱਲ ਰਹੀ ਲੜਾਈ ‘ਚ ਆਪਣੀ ਅਹੂਤੀ ਦੇਣਗੇ, ਸਗੋਂ ਨਸ਼ੇੜੀਆਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕਰਨ ਦੀ ਕੋਸ਼ਿਸ਼ ਕਰਨਗੇ।
ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਸ਼ੇ ਦੇ ਖਾਤਮਾ ਕਰਨ ਲਈ ਹਰਪ੍ਰੀਤ ਸਿੱਧੂ ਨੂੰ ਸਪੈਸ਼ਲ ਤੌਰ ‘ਤੇ ਛੱਤੀਸਗੜ੍ਹ ਤੋਂ ਪੰਜਾਬ ਵਾਪਸ ਸੱਦਿਆ ਸੀ। ਹਰਪ੍ਰੀਤ ਸਿੱਧੂ ਨੂੰ ਛੱਤੀਸਗੜ੍ਹ ਵਿਖੇ ਨਕਸਲੀਆਂ ਦਾ ਖ਼ਾਤਮਾ ਕਰਨ ਲਈ ਕੇਂਦਰ ਸਰਕਾਰ ਨੇ ਜਿੰਮੇਵਾਰੀ ਸੌਂਪੀ ਹੋਈ ਸੀ, ਜਿਸ ਤੋਂ ਬਾਅਦ ਇਸੇ ਤਰ੍ਹਾਂ ਦਾ ਕੁਝ ਅਪਰੇਸ਼ਨ ਪੰਜਾਬ ਵਿੱਚ ਚਲਾਉਣ ਲਈ ਅਮਰਿੰਦਰ ਸਿੰਘ ਖ਼ੁਦ ਹਰਪ੍ਰੀਤ ਸਿੱਧੂ ਨੂੰ ਕੇਂਦਰ ਡੈਪੂਟੇਸ਼ਨ ਤੋਂ ਵਾਪਸ ਲੈ ਕੇ ਆਏ ਸਨ। ਜਿਸ ਤੋਂ ਬਾਅਦ ਲਗਭਗ ਡੇਢ ਸਾਲ ਐੱਸਟੀਐੱਫ ਮੁਖੀ ਦੇ ਤੌਰ ‘ਤੇ ਕੰਮ ਕਰਦੇ ਹੋਏ ਹਰਪ੍ਰੀਤ ਸਿੱਧੂ ਨੇ ਪੰਜਾਬ ਵਿੱਚ ਨਸ਼ੇ ਦੀ ਕਮਰ ਹੀ ਤੋੜ ਕੇ ਰੱਖ ਦਿੱਤੀ ਸੀ ਤੇ ਕਈ ਵੱਡੀਆਂ ਮੱਛੀਆਂ ਤੱਕ ਵੀ ਹੱਥ ਪਾਉਣੇ ਸ਼ੁਰੂ ਕਰ ਦਿੱਤੇ ਸਨ।
ਇਸੇ ਦੌਰਾਨ ਬਿਕਰਮ ਮਜੀਠੀਆ ਦਾ ਵੀ ਇਸ ਮਾਮਲੇ ਵਿੱਚ ਜਾਂਚ ਦੌਰਾਨ ਨਾਂਅ ਆਇਆ ਸੀ ਪਰ ਹਰਪ੍ਰੀਤ ਸਿੱਧੂ ਨੂੰ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਹਟਾਉਂਦੇ ਹੋਏ ਮੁਹੰਮਦ ਮੁਸਤਫ਼ਾ ਨੂੰ ਐੱਸਟੀਐੱਫ ਦੀ ਕਮਾਨ ਸੌਂਪ ਦਿੱਤੀ ਗਈ ਸੀ। ਇਸ ਤੋਂ ਕੁਝ ਮਹੀਨੇ ਬਾਅਦ ਹੀ ਐੱਸਟੀਐੱਫ ਦੀ ਕਮਾਨ ਹਰਪ੍ਰੀਤ ਦਿਓ ਦੇ ਹਵਾਲੇ ਕੀਤੀ ਗਈ ਸੀ ਪਰ ਇਸ ਦੌਰਾਨ ਕੋਈ ਜ਼ਿਆਦਾ ਸਫ਼ਲਤਾ ਨਾ ਮਿਲਣ ਕਰਕੇ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹਰਪ੍ਰੀਤ ਸਿੱਧੂ ਨੂੰ ਐੱਸਟੀਐੱਫ ਦੀ ਕਮਾਨ ਸੌਂਪੀ ਹੈ ਤਾਂ ਕਿ ਪੰਜਾਬ ਵਿੱਚ ਨਸ਼ੇ ਦਾ ਖ਼ਾਤਮਾ ਜੜ੍ਹ ਤੋਂ ਹੀ ਕੀਤਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।