ਬੇਅਰਸਟੋ ਦੇ ਸੈਂਕੜੇ ਨਾਲ ਇੰਗਲੈਂਡ 27 ਸਾਲ ਬਾਅਦ ਸੈਮੀਫਾਈਨਲ ‘ਚ
ਚੇਸਟਰ ਲੀ ਸਟਰੀਟ, ਏਜੰਸੀ। ਓਪਨਰ ਜਾਨੀ ਬੇਅਰਸਟੋ (106) ਦੇ ਲਗਾਤਾਰ ਦੂਜੇ ਸੈਂਕੜੇ ਨਾਲ ਮੇਜਬਾਨ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਵਿਸ਼ਵ ਕੱਪ ਦੇ ਕਰੋ ਜਾਂ ਮਰੋ ਦੇ ਮੁਕਾਬਲੇ ‘ਚ ਬੁੱਧਵਾਰ ਨੂੰ 119 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ। ਇੰਗਲੈਂਡ ਇਸ ਤਰ੍ਹਾਂ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚਣ ਵਾਲੀ ਤੀਜੀ ਟੀਮ ਬਣ ਗਈ ਹੈ। ਆਸਟਰੇਲੀਆ ਅਤੇ ਭਾਰਤ ਪਹਿਲਾਂ ਹੀ ਸੈਮੀਫਾਈਨਲ ‘ਚ ਪਹੁੰਚ ਚੁੱਕੇ ਹਨ।
ਇੰਗਲੈਂਡ ਨੇ 50 ਓਵਰਾਂ ‘ਚ ਅੱਠ ਵਿਕਟਾਂ ‘ਤੇ 305 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੀ ਟੀਮ ਪਹਿਲੇ ਹੀ ਓਵਰ ‘ਚ ਹੇਨਰੀ ਨਿਕੋਲਸ ਨੂੰ ਗਵਾਉਣ ਤੋਂ ਬਾਅਦ ਮੁਕਾਬਲੇ ‘ਚ ਖੜ੍ਹੀ ਨਹੀਂ ਹੋ ਸਕੀ ਅਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਨੇ 45 ਓਵਰਾਂ ‘ਚ 186 ਦੌੜਾਂ ਬਣਾਈਆਂ। ਇੰਗਲੈਂਡ ਦੀ 9 ਮੈਚਾਂ ‘ਚ ਇਹ ਛੇਵੀਂ ਜਿੱਤ ਹੈ ਅਤੇ ਉਸ ਨੇ 12 ਅੰਕਾਂ ਨਾਲ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਇੰਗਲੈਂਡ ਨੇ 1992 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ‘ਚ ਜਗ੍ਹਾ ਬਣਾਈ ਹੈ।
ਨਿਊਜ਼ੀਲੈਂਡ ਨੂੰ ਪਾਕਿ ਬੰਗਲਾਦੇਸ਼ ਮੈਚ ਦਾ ਇੰਤਜਾਰ
ਨਿਊਜ਼ੀਲੈਂਡ ਦੀ 9 ਮੈਚਾਂ ‘ਚ ਇਹ ਤੀਜੀ ਹਾਰ ਹੈ ਅਤੇ ਉਸ ਦੇ ਖਾਤੇ ‘ਚ 11 ਅੰਕ ਹਨ। ਨਿਊਜ਼ੀਲੈਂਡ ਨੂੰ ਸੈਮੀਫਾਈਨਲ ਲਈ ਅਜੇ ਪਾਕਿਸਤਾਨ ਅਤੇ ਬੰਗਲਾਦੇਸ਼ ਦਰਮਿਆਨ ਪੰਜ ਜੁਲਾਈ ਨੂੰ ਲਾਰਡਸ ‘ਚ ਹੋਣ ਵਾਲੇ ਮੈਚ ਦੇ ਨਤੀਜੇ ਦਾ ਇੰਤਜਾਰ ਕਰਨਾ ਹੋਵੇਗਾ। ਪਾਕਿਸਤਾਨ ਜੇਕਰ ਹਾਰਿਆ ਤਾਂ ਉਹ ਬਾਹਰ ਹੋ ਜਾਵੇਗਾ ਪਰ ਜਿੱਤਣ ਦੀ ਸਥਿਤੀ ‘ਚ ਉਸ ਨੂੰ ਵਿਸ਼ਾਲ ਜਿੱਤ ਹਾਸਲ ਕਰਨੀ ਹੋਵੇਗੀ ਕਿਉਂਕਿ ਨੈਟ ਰਨ ਰੇਟ ‘ਚ ਨਿਊਜ਼ੀਲੈਂਡ ਪਾਕਿਸਤਾਨ ਤੋਂ ਕਾਫੀ ਅੱਗੇ ਹੈ ਅਤੇ ਇਹੀ ਗੱਲ ਨਿਊਜ਼ੀਲੈਂਡ ਨੂੰ ਰਾਹਤ ਦੇਣ ਵਾਲੀ ਹੈ। ਨਿਊਜ਼ੀਲੈਂਡ ਦਾ ਚੌਥੀ ਟੀਮ ਦੇ ਰੂਪ ‘ਚ ਸੈਮੀਫਾਈਨਲ ‘ਚ ਪਹੁੰਚਣਾ ਤੈਅ ਮੰਨਿਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।