ਜਗਜੀਤ ਸਿੰਘ ਕੰਡਾ
ਪੰਜਾਬ (ਪੰਜ+ਆਬ) ਮਤਲਬ ਪੰਜ ਦਰਿਆਵਾਂ ਦੀ ਧਰਤੀ, ਜਿਸ ਨੂੰ ਸੰਤਾਂ ਮਹਾਤਮਾਂ ਤੇ ਗੁਰੂ ਸਾਹਿਬਾਨਾਂ ਦਾ ਆਸ਼ੀਰਵਾਦ ਹੈ। ਇਸ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਬਹੁਤ ਯੋਧਿਆਂ ਤੇ ਸੂਰਬੀਰਾਂ ਦਾ ਨਾਂਅ ਆਉਂਦਾ ਹੈ। ਕਿਸੇ ਸਮੇਂ ਪੂਰੇ ਦੇਸ਼ ਵਿੱਚ ਪੰਜਾਬੀਆਂ ਦੇ ਨਾਂਅ ਦਾ ਡੰਕਾ ਵੱਜਦਾ ਸੀ, ਇਸ ਧਰਤੀ ਨੇ ਦਾਰਾ ਸਿੰਘ ਜਿਹੇ ਪਹਿਲਵਾਨਾਂ ਤੇ ਸ. ਭਗਤ ਸਿੰਘ ਵਰਗੇ ਸੂਰਮਿਆਂ ਨੂੰ ਜਨਮ ਦਿੱਤਾ, ਬਦਕਿਸਮਤੀ 1947 ਦੇ ਕਹਿਰ ਨੇ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਸਮਾਂ ਬੀਤਦਾ ਗਿਆ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹੀਆਂ ਪੰਜਾਬ ਤਰੱਕੀ ਦੀਆਂ ਮੰਜ਼ਿਲਾਂ ਸਰ ਕਰਦਾ ਹੋਇਆ ਅੱਗੇ ਵਧਦਾ ਰਿਹਾ ਤੇ ਕਈ ਤਰ੍ਹਾਂ ਦੇ ਦੌਰ ਇਸ ਨੇ ਆਪਣੇ ਪਿੰਡੇ ‘ਤੇ ਹੰਡਾਏ, 1984 ਵਾਲੇ ਕਾਲੇ ਦੌਰ ਦੀਆਂ ਛਮਕਾਂ ਦੀ ਮਾਰ ਦੇ ਜ਼ਖਮ ਅੱਜ ਵੀ ਅੱਲੇ ਹਨ।
ਖੈਰ! ਉਸ ਨੂੰ ਮਨੋਂ ਵਿਸਾਰ ਪੰਜਾਬ ਨੇ ਨਿਰੰਤਰ ਅੱਗੇ ਵਧਣਾ ਜਾਰੀ ਰੱਖਿਆ ਸਮਾਂ ਤੇ ਹਾਲਾਤ ਅਜਿਹੇ ਬਦਲੇ ਕਿ ਪੰਜਾਬ ਨਾਲੋਂ ਪੰਜਾਬੀਆਂ ਦਾ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਜਿਨ੍ਹਾਂ ਗੋਰੇ ਲੋਕਾਂ ਤੋਂ ਅਜ਼ਾਦੀ ਲਈ ਪੰਜਾਬੀਆਂ ਨੇ ਆਪਣੀਆਂ ਹਜ਼ਾਰਾਂ ਕੀਮਤੀ ਜਾਨਾਂ ਦੀ ਕੁਰਬਾਨੀ ਦਿੱਤੀ ਸੀ ਅੱਜ ਉਹੀ ਪੰਜਾਬੀ ਪਤਾ ਨਹੀਂ ਕਿਉਂ ਪੰਜਾਬ ਛੱਡ ਬਾਹਰਲੇ ਮੁਲਕਾਂ ਦੇ ਅਧੀਨ ਨੌਕਰੀਆਂ ਕਰਨ ਲਈ ਮਹਿੰਗੇ ਭਾਅ ਉੱਪਰੋਥਲੀ ਹੋ-ਹੋ ਡਿੱਗਦੇ ਹਨ। ਇੱਕ ਮਸ਼ਹੂਰ ਪੰਜਾਬੀ ਗੀਤ ‘ਕੋਈ ਲੈ ਸਕਦਾ ਤਾਂ ਲੈ ਲਓ ਜੀ, ਸਾਡਾ ਸਾਰਾ ਪਿੰਡ ਵਿਕਾਊ ਆ’ ਵਿੱਚ ਪੰਜਾਬ ਦੇ ਮੌਜ਼ੂਦਾ ਹਾਲਾਤਾਂ ਦਾ ਖੋਲ੍ਹ ਕੇ ਵਰਨਣ ਕੀਤਾ ਗਿਆ ਹੈ, ਪੰਜਾਬ ਦੇ ਅਮਨ-ਕਾਨੂੰਨ ਤੋਂ ਲੋਕ ਇੰਨੇ ਮਜ਼ਬੂਰ ਤੇ ਭੈਭੀਤ ਹੋ ਕੇ ਹੰਭ ਗਏ ਹਨ ਤੇ ਸਰਕਾਰਾਂ ਦੀ ਬੇਰਹਿਮੀ ਨੇ ਪੰਜਾਬੀਆਂ ਨੂੰ ਝੰਭ ਕੇ ਰੱਖ ਦਿੱਤਾ ਹੈ ਅੱਜ ਦੀ ਕਿਸਾਨੀ ਕਰਜ਼ੇ ਦੇ ਦਰਿਆ ਵਿੱਚ ਡੂੰਘੀ ਡੁੱਬ ਚੁੱਕੀ ਹੈ ਜਿੱਥੋਂ ਨਿੱਕਲਣਾ ਹੁਣ ਮੁਸ਼ਕਿਲ ਜਾਪਦਾ ਹੈ ਨਤੀਜਾ ਪੰਜਾਬ ਵਿੱਚ ਔਸਤਨ ਤਿੰਨ ਕਿਸਾਨ ਰੋਜ਼ਾਨਾ ਖੁਦਕੁਸ਼ੀਆਂ ਕਰਕੇ ਮੌਤ ਨੂੰ ਗਲੇ ਲਾ ਰਹੇ ਹਨ, ਜਿਨ੍ਹਾਂ ਦੀ ਬਾਂਹ ਫੜ੍ਹਨ ਵਾਲਾ ਕੋਈ ਲੱਭਦਾ ਹੀ ਨਹੀਂ ਰਹਿੰਦੀ ਕਸਰ ਨਸ਼ਿਆਂ ਦੇ ਛੇਵੇਂ ਦਰਿਆ ਨੇ ਪੂਰੀ ਕਰ’ਤੀ ਸਰਕਾਰਾਂ ਨਸ਼ੇ ਦੇ ਮੁੱਦੇ ‘ਤੇ ਸਿਰਫ ਸਿਆਸਤ ਹੀ ਖੇਡ ਰਹੀਆਂ ਹਨ, ਬੰਦ ਕਰਨ ਲਈ ਗੰਭੀਰਤਾ ਨਹੀ ਦਿਖਾ ਰਹੀਆਂ ਜਿਸਦੀ ਪੋਲ ਸੋਸ਼ਲ ਮੀਡੀਆਂ ‘ਤੇ ਵਾਇਰਲ ਹੋ ਰਹੀ ਪੁਲਿਸ ਅਫ਼ਸਰ ਦੀ ਵੀਡੀਓ ਖੋਲ੍ਹ ਰਹੀ ਹੈ ਪੰਜਾਬ ਵਿੱਚ ਨਸ਼ਾ ਅੱਜ ਖੰਡ ਦੀ ਤਰ੍ਹਾਂ ਵਿਕ ਰਿਹਾ ਹੈ ਕਿਸੇ ਸਮੇਂ ਨਸ਼ਾ ਖਰੀਦਣ ਲਈ ਨਸ਼ੇੜੀ ਚੋਰੀ-ਛੁੱਪੇ ਨਸ਼ਾ ਤਸਕਰ ਕੋਲ ਜਾਂਦੇ ਸੀ।
ਪਰੰਤੂ ਅੱਜ ਫੋਨ ਕਰੋ ਨਸ਼ਾ ਤੁਹਾਡੇ ਘਰ ਪਹੁੰਚ ਜਾਵੇਗਾ ਜਿਸਦੀ ਤਾਜ਼ਾ ਮਿਸਾਲ ਬਠਿੰਡਾ ਵਿਖੇ ਇੱਕ ਡਾਂਸਰ ਦੀ ਵੱਧ ਨਸ਼ੇ ਕਾਰਨ ਹੋਈ ਮੌਤ ਗਵਾਹੀ ਭਰਦੀ ਹੈ। ਜਿਹੜੀ ਜਵਾਨੀ ਕਦੇ ਪਿੜਾਂ ਵਿੱਚ ਕਬੱਡੀ ਖੇਡਦੀ ਉੱਡੂੰ-ਉੱਡੂੰ ਕਰਦੀ ਸੀ ਉਹ ਗੱਭਰੂ ਅੱਜ ਨਸ਼ੇ ਦੀ ਲਤ ਨੂੰ ਪੂਰੀ ਕਰਨ ਲਈ ਸਮਾਜਿਕ ਬੁਰਾਈਆਂ ਦੇ ਨੁਮਾਇੰਦੇ ਬਣੇ ਹਨ, ਜਿਸ ਕਾਰਨ ਪਰਿਵਾਰ ਆਰਥਿਕ ਤੰਗੀ ਨੂੰ ਝੱਲਦੇ ਹੋਏ ਫਿਕਰਾਂ ਵਿੱਚ ਡੁੱਬ ਕੇ ਕਿਸੇ ਅਨਹੋਣੀ ਦੇ ਇੰਤਜ਼ਾਰ ਵਿੱਚ ਹਨ। ਪੰਜਾਬ ਅੰਦਰ ਅੱਜ ਕੈਂਸਰ ਦੇ ਦੈਂਤ ਨੇ ਹਜ਼ਾਰਾਂ ਕੀਮਤੀ ਜਾਨਾਂ ਨੂੰ ਨਿਗਲ ਲਿਆ ਹੈ ਖਾਸ ਕਰਕੇ ਮਾਲਵਾ ਪੱਟੀ ਦੇ ਪਿੰਡਾਂ ਸ਼ਹਿਰਾਂ ਵਿੱਚ ਤਾਂ ਇਸ ਦੇ ਡੰਗ ਕਾਰਨ ਬਠਿੰਡਾ ਤੋਂ ਬੀਕਾਨੇਰ ਜਾਣ ਵਾਲੀ ਟਰੇਨ ਦਾ ਨਾਂਅ ਵੀ ਲੋਕਾਂ ਨੇ ਕੈਂਸਰ ਟਰੇਨ ਰੱਖ ਦਿੱਤਾ ਹੈ, ਸਿੱਟਾ ਇਹ ਨਿੱਕਲਿਆ ਕਿ ਦਰਮਿਆਨੇ ਪ੍ਰਰਿਵਾਰਾਂ ਨੇ ਆਪਣਾ ਸਭ ਕੁੱਝ ਵੇਚ-ਵੱਟ ਆਪਣਿਆਂ ਨੂੰ ਇਸ ਬਿਮਾਰੀ ਤੋਂ ਨਿਜ਼ਾਤ ਦਿਵਾਉਣ ਲਈ ਦਾਅ ‘ਤੇ ਲਾ ਦਿੱਤਾ ਪਰੰਤੂ ਹੁਣ ਕਮਾਈ ਦਾ ਕੋਈ ਸਾਧਨ ਨਾ ਰਹਿ ਜਾਣ ਕਾਰਨ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਤੇ ਘਰਾਂ ਦੀ ਆਰਥਿਕ ਹਾਲਤ ਦਿਲ ਕੰਬਾਊ ਆ! ਅਜਿਹੀ ਸਥਿਤੀ ਵਿੱਚ ਧੀਆਂ ਦੀ ਡੋਲੀ ਤੋਰਨੀ ਬਹੁਤ ਮੁਸ਼ਕਲ ਹੋ ਗਈ ਹੈ ਕਿਉਂਕਿ ਜਿੱਥੇ ਰੋਟੀ ਦੇ ਲਾਲੇ ਪਏ ਹੋਣ ਉੱਥੇ ਧੀਆਂ ਤੋਰਨ ਲਈ ਸਭ ਰੀਝਾਂ ਬੰਜਰ ਹੋ ਗਈਆਂ ਜਾਪਦੀਆਂ ਹਨ।
ਬੇਸ਼ੱਕ ਜ਼ਮੀਨਾਂ ਅੱਜ ਵੱਧ ਉਪਜਾਊ ਹਨ ਪਰ ਇਹਨਾਂ ਮਜ਼ਬੂਰੀਆਂ ਵੱਸ ਕਿਸਾਨੀ ਖੁਦਕੁਸ਼ੀਆਂ ਦੇ ਰਾਹ ਪੈ ਚੁੱਕੀ ਹੈ ਪਰ ਪਿੱਛੇ ਰਹਿ ਗਏ ਮਾਸੂਮਾਂ ਸਿਰ ਕਰਜ਼ੇ ਦੀਆਂ ਪੰਡਾਂ ਤਾਂ ਅਜੇ ਵੀ ਵੱਡੀਆਂ ਹਨ ਹੁਣ ਉਹਨਾਂ ਦੀ ਬਾਂਹ ਫੜ੍ਹਨ ਵਾਲਾ ਦੁਨੀਆਂ ਵਿੱਚ ਕੋਈ ਨਹੀਂ ਲੱਭਦਾ ਇਸੇ ਲਈ ਇਸ ਪੰਜਾਬੀ ਗੀਤ ‘ਮੇਰਾ ਸਾਰਾ ਪਿੰਡ ਵਿਕਾਊ ਆ’ ਰਾਹੀਂ ਇਸ ਦਰਦ ਨੂੰ ਮਹਿਸੂਸ ਕਰਕੇ ਹੋਕਾ ਦਿੱਤਾ ਗਿਆ ਹੈ। ਇਹ ਸਾਡੇ ਲੀਡਰ ਬੱਸ ਗੱਲਾਂ ਦਾ ਕੜਾਹ ਹੀ ਵਰਤਾਉਂਦੇ ਹਨ ਜਿਸ ਨਾਲ ਢਿੱਡ ਨਹੀਂ ਭਰ ਸਕਦਾ ਇਹ ਸਿਆਸਤਦਾਨ ਲੋਕਾਂ ਦੇ ਦੁੱਖ-ਦਰਦ ਜਾਣਦੇ ਹੋਏ ਅਣਜਾਣ ਬਣੇ ਬੈਠੇ ਨੇ ਇਹੀ ਕਿਹਾ ਜਾ ਸਕਦਾ, ਭਾਈ ਸਰਕਾਰ ਹੀ ਬੰਦੇ ਖਾਊ ਆ! ਕੋਈ ਲੈ ਸਕਦਾ ਤਾਂ ਲੈ ਲਓ ਜੀ, ਸਾਡਾ ਸਾਰਾ ਪਿੰਡ ਵਿਕਾਊ ਆ।
ਸਰਕਾਰਾਂ ਦੀਆਂ ਇਹਨਾਂ ਬੇਰੁਖੀਆਂ ਕਾਰਨ ਅੱਜ ਪੰਜਾਬ ਵਿੱਚੋਂ ਸਾਲਾਨਾ ਢਾਈ ਲੱਖ ਦੇ ਕਰੀਬ ਨੌਜਵਾਨ ਬੱਚੇ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਆਦਿ ਬਾਹਰਲੇ ਮੁਲਕਾਂ ਨੂੰ ਸਟੱਡੀ ਬੇਸ ਜਾਣ ਲਈ ਉਡਾਰੀਆਂ ਮਾਰ ਰਹੇ ਹਨ ਜਿਸ ਪ੍ਰਤੀ ਸਾਡੀਆਂ ਸਰਕਾਰਾਂ ਗੰਭੀਰ ਨਹੀਂ ਹਨ, ਕੀਤਾ ਵੀ ਕੀ ਜਾਵੇ? ਬੇਰੁਜ਼ਗਾਰੀ, ਵਿਗੜੀ ਕਾਨੂੰਨ ਵਿਵਸਥਾ, ਬੁਨਿਆਦੀ ਸਹੂਲਤਾਂ ਨਾ ਮਿਲਣਾ, ਮਹਿੰਗੀ ਪੜ੍ਹਾਈ, ਪੀਣਯੋਗ ਪਾਣੀ ਨਾ ਮਿਲਣਾ ਵਰਗੇ ਮੁੱਦਿਆਂ ਨੂੰ ਹੱਲ ਨਾ ਹੁੰਦਾ ਵੇਖ ਮਾਪਿਆਂ ਨੇ ਨੌਜਵਾਨ ਬੱਚਿਆਂ ਨੂੰ ਜ਼ਮੀਨਾਂ ਤੇ ਗਹਿਣਾ-ਗੱਟਾ ਵੇਚ, ਕਰਜ਼ੇ ਦੀਆਂ ਪੰਡਾਂ ਸਿਰ ਰੱਖ, ਹੱਥੀਂ ਪਰਦੇਸ ਤੋਰਿਆ ਹੈ। ਅੱਜ ਹਰ ਛੋਟਾ-ਵੱਡਾ ਕਿਸਾਨ ਆਪਣੀ ਜ਼ਮੀਨ ਵੇਚ-ਵੱਟ ਬਾਹਰਲੇ ਮੁਲਕਾਂ ਵਿੱਚ ਸੈੱਟ ਹੋਣ ਲਈ ਕਾਹਲਾ ਹੈ ਪਰੰਤੂ ਜ਼ਮੀਨਾਂ ਖਰੀਦਣ ਲਈ ਗ੍ਰਾਹਕ ਹੀ ਨਹੀਂ ਹਨ। ਬਾਹਰਲੇ ਮੁਲਕਾਂ ਨੇ ਵੀ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਸਾਡਾ ਸਰਮਾਇਆ, ਜਵਾਨੀ ਤੇ ਕਾਬਿਲ ਇੰਜੀਨੀਅਰ, ਆਦਿ ਤਜ਼ਰਬੇਕਾਰ ਟੈਕਨੀਕਲ ਕਾਮਿਆਂ ਦੀ ਨਬਜ਼ ਪਛਾਣ ਕੇ ਆਪਣੇ ਵੱਲ ਆਕਰਸ਼ਿਤ ਕੀਤਾ ਹੈ, ਇਸ ਨਾ ਪੂਰੇ ਜਾਣ ਵਾਲੇ ਘਾਟੇ ਲਈ ਜਿੱਥੇ ਸਰਕਾਰਾਂ ਜ਼ਿੰਮੇਵਾਰ ਹਨ, ਉੱਥੇ ਕਿਤੇ ਨਾ ਕਿਤੇ ਅਸੀਂ ਖੁਦ ਵੀ ਗੁਨਾਹਗਾਰ ਹਾਂ ਜੇਕਰ ਇਸ ਸਮੱਸਿਆ ਦਾ ਹੱਲ ਨਾ ਕੱਢਿਆ ਗਿਆ ਤਾਂ ਆਉਣ ਵਾਲਾ ਸਮਾਂ ਸਾਨੂੰ ਕਦੇ ਮਾਫ ਨਹੀਂ ਕਰੇਗਾ।
ਕੋਟਕਪੂਰਾ।
ਮੋ. 96462-00468
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।